ਲੰਡਨ – ਆਸਟ੍ਰੇਲੀਆ ਦੇ ਸਮਝੌਤਾ ਰੱਦ ਕਰਨ ਤੋਂ ਬਾਅਦ ਫਰਾਂਸ ਨੇ ਆਪਣੀ ਸਖਤ ਨਾਰਾਜ਼ਗੀ ਪ੍ਰਗਟ ਕੀਤੀ ਹੈ ਅਤੇ ਫਰਾਂਸ ਨੇ ਇਸ ਨੂੰ ਪਿੱਠ ਵਿਚ ਛੁਰਾ ਮਾਰਨਾ ਕਰਾਰ ਦਿੱਤਾ ਹੈ। ਫਰਾਂਸ ਦੇ ਵਿਦੇਸ਼ ਮੰਤਰੀ ਜੀਨ ਵੇਸ ਲੀ ਡ੍ਰੀਅਨ ਨੇ ਕਿਹਾ ਹੈ ਕਿ, “ਆਸਟ੍ਰੇਲੀਆ ਨੇ ਵਿਸ਼ਵਾਸ ਤੋੜਿਆ ਹੈ। ਇਤਿਹਾਦੀ ਇਕ-ਦੂਜੇ ਨਾਲ ਇਸ ਤਰ੍ਹਾਂ ਨਹੀਂ ਕਰਦੇ। ਮੈਂ ਬਹੁਤ ਗੁੱਸੇ ਵਿਚ ਹਾਂ। ਇਸ ਤਰ੍ਹਾਂ ਦੇ ਫੈਸਲੇ ਟਰੰਪ ਕਰਦੇ ਸਨ।”
ਇਸ ਸਬੰਧੀ ਫਰਾਂਸ ਦੇ ਰੱਖਿਆ ਮੰਤਰੀ ਫਲੋਰੈਂਸ ਪਾਰਲੀ ਨੇ ਕਿਹਾ ਹੈ ਕਿ, “ਆਸਟ੍ਰੇਲੀਆ ਨੇ ਆਪਣੇ ਵਾਅਦੇ ‘ਤੇ ਕਾਇਮ ਨਹੀਂ ਰਿਹਾ।”
ਆਸਟ੍ਰੇਲੀਆ, ਅਮਰੀਕਾ ਅਤੇ ਬਰਤਾਨੀਆ ਨੇ ਰਣਨੀਤਕ ਤੌਰ ‘ਤੇ ਮਹੱਤਵਪੂਰਨ ਹਿੰਦ ਪ੍ਰਸ਼ਾਂਤ ਵਿਚ ਚੀਨ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਇੱਕ ਨਵਾਂ ਤਿਕੋਣਾ ਸੁਰੱਖਿਆ ਗਠਜੋੜ (ਔਕਸ) ਬਣਾ ਲਿਆ ਹੈ। ਇਸ ਦਾ ਮੁੱਖ ਮਕਸਦ ਆਪਣੇ ਸਾਂਝੇ ਹਿੱਤਾਂ ਦੀ ਰੱਖਿਆ ਕਰਨਾ ਅਤੇ ਆਸਟ੍ਰੇਲੀਆ ਨੂੰ ਪ੍ਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਦਿਵਾਉਣ ‘ਚ ਮਦਦ ਕਰਨਾ ਹੈ। ਇਤਿਹਾਸਕ ਦੱਸੇ ਜਾ ਰਹੇ ਇਸ ਨਵੇਂ ਗਠਜੋੜ ਔਕਸ ਨੂੰ ਟੀਵੀ ‘ਤੇ ਪ੍ਰਸਾਰਤ ਸਾਂਝੇ ਸੰਬੋਧਨ ਦੌਰਾਨ ਡਿਜ਼ੀਟਲ ਢੰਗ ਨਾਲ ਅਮਲੀਜਾਮਾ ਪਹਿਨਾਇਆ ਗਿਆ। ਨਵੇਂ ਸਮਝੌਤੇ ਤੋਂ ਬਾਅਦ ਅਮਰੀਕਾ ਤੇ ਯੂ ਕੇ ਆਸਟ੍ਰੇਲੀਆ ਨੂੰ ਪ੍ਰਮਾਣੂ ਪਣਡੁੱਬੀ ਬਣਾਉਣ ਵਿਚ ਮਦਦ ਕਰਨਗੇ। ਉਹ ਉਸ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ, ਕੁਆਨਟਮ ਟੈਕਨਾਲੋਜੀ ਤੇ ਸਾਈਬਰ ਟੈਕਨਾਲੋਜੀ ਦੇਣਗੇ। ਇਹ ਸੌਦਾਂ ਅਰਬਾਂ ਡਾਲਰਾਂ ਦਾ ਹੋਵੇਗਾ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੇ ਫਰਾਂਸ ਤੋਂ 2016 ਵਿਚ 12 ਪਣਡੁੱਬੀਆਂ ਲੈਣ ਦਾ ਸਮਝੌਤਾ ਕੀਤਾ ਸੀ, ਜਿਹੜਾ ਉਸ ਨੇ ਹੁਣ ਰੱਦ ਕਰ ਦਿੱਤਾ ਹੈ।
ਵਰਨਣਯੋਗ ਹੈ ਕਿ ਫਰਾਂਸ ਦੇ ਨੇਵਲ ਗਰੁੱਪ, ਜਿਸ ਵਿਚ ਸਰਕਾਰ ਦੀ ਵੀ ਕੁਝ ਮਾਲਕੀ ਹੈ, ਨੇ ਆਸਟ੍ਰੇਲੀਆ ਨੂੰ ਸਾਢੇ 36 ਅਰਬ ਡਾਲਰਾਂ ਦੀਆਂ ਪਣਡੁੱਬੀਆਂ ਬਣਾ ਕੇ ਦੇਣੀਆਂ ਸਨ। ਹੁਣ ਅਮਰੀਕਾ ਆਸਟ੍ਰੇਲੀਆ ਨੂੰ ਪਣਡੁੱਬੀਆਂ ਦੇਵੇਗਾ। ਅਮਰੀਕਾ ਇਹ ਪਣਡੁੱਬੀਆਂ ਆਪਣੇ ਕੱੁਝ ਕੁ ਸਹਿਯੋਗੀਆਂ ਨੂੰ ਦਿੰਦਾ ਹੈ।
ਇਸੇ ਦੌਰਾਨ ਨਿਊ ਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਹੈ ਕਿ, “ਉਹ ਆਪਣੇ ਪਾਣੀਆਂ ਵਿਚ ਪ੍ਰਮਾਣੂ ਪਣਡੁੱਬੀਆਂ ਆਉਣ ‘ਤੇ ਇਕ ਦਹਾਕਾ ਪਹਿਲਾਂ ਲਾਈ ਰੋਕ ਨਹੀਂ ਚੁੱਕੇਗੀ।” ਪ੍ਰਧਾਨ ਮੰਤਰੀ ਸਕੌਟ ਮੌਰੀਸਨ ਵੱਲੋਂ ਉਨ੍ਹਾ ਨੂੰ ਨਵੇਂ ਗੱਠਜੋੜ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਇਹ ਬਿਆਨ ਦਿੱਤਾ ਹੈ।
ਨਵੇਂ ਤਿਕੋਣੇ ਸੁਰੱਖਿਆ ਗਠਜੋੜ ਸਬੰਧੀ ਚੀਨੀ ਕਮਿਊਨਿਸਟ ਪਾਰਟੀ ਦੇ ਅਖਬਾਰ ‘ਗਲੋਬਲ ਟਾਈਮਜ਼’ ਨੇ ਆਪਣੇ ਸੰਪਾਦਕੀ ਵਿਚ ਆਸਟ੍ਰੇਲੀਆ ਨੂੰ ਅਮਰੀਕਾ ਦਾ ਪਾਲਤੂ ਕੁੱਤਾ ਗਰਦਾਨਿਆ ਹੈ। ਉਸ ਨੇ ਲਿਿਖਆ ਹੈ ਕਿ, “ਅਸੀਂ ਆਸਟ੍ਰੇਲੀਆ ਨੂੰ ਸਲਾਹ ਦੇਵਾਂਗੇ ਕਿ ਜੇ ਉਹ ਪ੍ਰਮਾਣੂ ਪਣਡੁੱਬੀ ਜਾਂ ਕਿੱਲਰ ਮਿਜ਼ਾਈਲਾਂ ਹਾਸਲ ਕਰ ਵੀ ਲੈਂਦਾ ਹੈ ਤਾਂ ਵੀ ਉਸ ਕੋਲ ਚੀਨ ਨੂੰ ਧਮਕਾਉਣ ਲਈ ਤਾਕਤ ਨਹੀਂ ਆ ਜਾਵੇਗੀ। ਇਹ ਮਾਅਨੇ ਨਹੀਂ ਰੱਖਦਾ ਕਿ ਆਸਟ੍ਰੇਲੀਆ ਕਿਸ ਤਰ੍ਹਾਂ ਖੁਦ ਨੂੰ ਹਥਿਆਰਾਂ ਨਾਲ ਲੈਸ ਕਰਦਾ ਹੈ, ਉਹ ਅਜੇ ਵੀ ਅਮਰੀਕਾ ਦਾ ਇਕ ਪਾਲਤੂ ਕੁੱਤਾ ਹੈ। ਆਸਟ੍ਰੇਲੀਆ ਨੇ ਇਕਤਰਫਾ ਅਮਰੀਕਾ ਦਾ ਪੱਖ ਲੈ ਕੇ ਖੁਦ ਨੂੰ ਚੀਨ ਦਾ ਦੁਸ਼ਮਣ ਬਣਾ ਲਿਆ ਹੈ। ਆਸਟ੍ਰੇਲੀਆ ਚੀਨ ਨੂੰ ਨਿਸ਼ਾਨਾ ਬਣਾ ਕੇ ਗਸ਼ਤ ਲਾਉਣ ਲਈ ਪ੍ਰਮਾਣੂ ਪਣਡੁੱਬੀ ਖਰੀਦ ਰਿਹਾ ਹੈ। ਜੇ ਆਸਟ੍ਰੇਲੀਆ ਚੀਨ ਨੂੰ ਉਕਸਾਉਣ ਦੀ ਹਿੰਮਤ ਕਰਦਾ ਹੈ ਜਾਂ ਮਿਲਟਰੀ ਦੇ ਤੌਰ ‘ਤੇ ਕੋਈ ਗਲਤੀ ਕਰਦਾ ਹੈ ਤਾਂ ਚੀਨ ਯਕੀਨਨ ਬਿਨਾਂ ਰਹਿਮ ਦੇ ਉਸ ਨੂੰ ਸਜ਼ਾ ਦੇਵੇਗਾ। ਸੰਭਵਤਾ ਆਸਟ੍ਰੇਲੀਆ ਦੇ ਫੌਜੀ ਦੱਖਣੀ ਚੀਨ ਸਾਗਰ ਵਿਚ ਜਾਨ ਗੁਆਉਣ ਵਾਲੇ ਪਹਿਲੇ ਫੌਜੀ ਹੋਣਗੇ।”
previous post