ArticlesAustralia & New ZealandTravel

ਆਸਟ੍ਰੇਲੀਆ ਵਿੱਚ ਈ-ਸਕੂਟਰ ਨਾਲ ਜ਼ਖਮੀ ਹੋਣ ਵਾਲਿਆਂ ਦੀ ਗਿਣਤੀ ਦਿਨੋਂ-ਦਿਨ ਵੱਧ ਰਹੀ

ਆਸਟ੍ਰੇਲੀਆ ਵਿੱਚ ਈ-ਸਕੂਟਰ ਨਾਲ ਜ਼ਖਮੀ ਹੋਣ ਵਾਲਿਆਂ ਦੀ ਗਿਣਤੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ।

ਆਸਟ੍ਰੇਲੀਆ ਦੇ ਵਿੱਚ ਇੱਕ ਕੀਤੀ ਗਈ ਨਵੀਂ ਖੋਜ ਦੇ ਅਨੁਸਾਰ ਈ-ਸਕੂਟਰ ਹਾਦਸਿਆਂ ਦੇ ਕਾਰਣ ਜ਼ਖਮੀਂ ਹੋਣ ਵਾਲਿਆਂ ਦੀ ਗਿਣਤੀ ਆਸਟ੍ਰੇਲੀਆ ਦੇ ਵਿੱਚ ਦਿਨੋਂ-ਦਿਨ ਵੱਧਦੀ ਜਾ ਰਹੀ ਹੈ ਅਤੇ ਈ-ਸਕੂਟਰ ਦੇ ਨਾਲ ਹਾਦਸਿਆਂ ਦੇ ਵਿੱਚ ਗੰਭੀਰ ਸੱਟਾਂ ਲੱਗਣ ਵਾਲਿਆਂ ਦੇ ਵਿੱਚ ਜਿਆਦਾਤਰ 24 ਤੋਂ 35 ਸਾਲ ਦੀ ਉਮਰ ਦੇ ਮਰਦ ਅਤੇ 16 ਸਾਲ ਤੋਂ ਘੱਟ ਉਮਰ ਦੇ ਬੱਚੇ ਵੀ ਸ਼ਾਮਿਲ ਹਨ।

ਈ-ਸਕੂਟਰ ਹਾਦਸਿਆਂ ਕਾਰਣ ਹਰ ਰੋਜ਼ ਔਸਤਨ ਪੰਜ ਲੋਕਾਂ ਨੂੰ ਕੁਈਨਜ਼ਲੈਂਡ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ।ਕੁਈਨਜ਼ਲੈਂਡ ਇੰਜਰੀ ਸਰਵੀਲੈਂਸ ਯੂਨਿਟ ਦੁਆਰਾ ਇਕੱਤਰ ਕੀਤੇ ਗਏ ਡੇਟਾ ਤੋਂ ਪਤਾ ਚੱਲਦਾ ਹੈ ਕਿ ਇਸ ਸਾਲ ਜਨਵਰੀ ਤੋਂ ਅਕਤੂਬਰ 2025 ਤੱਕ 1,608 ਜ਼ਖਮੀਂ ਹੋਏ ਈ-ਸਕੂਟਰ ਸਵਾਰਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਕੁਈਨਜ਼ਲੈਂਡ ਇੰਜਰੀ ਸਰਵੀਲੈਂਸ ਯੂਨਿਟ ਦੁਆਰਾ ਕੁਈਨਜ਼ਲੈਂਡ ਦੇ ਲਗਭਗ 30 ਐਮਰਜੈਂਸੀ ਵਿਭਾਗਾਂ ਤੋਂ ਸੱਟਾਂ ਦਾ ਡੇਟਾ ਇਕੱਠਾ ਕੀਤਾ ਗਿਆ ਪਰ ਸੂਬੇ ਦੇ ਕਈ ਸਭ ਤੋਂ ਵੱਡੇ ਵਿਭਾਗ, ਜਿਸ ਵਿੱਚ ਪ੍ਰਿੰਸੈਸ ਅਲੈਗਜ਼ੈਂਡਰਾ, QEII, ਮੇਟਰ, ਲੋਗਨ ਅਤੇ ਗੋਲਡ ਕੋਸਟ ਹਸਪਤਾਲ ਸ਼ਾਮਲ ਹਨ, ਇਸ ਦਾ ਹਿੱਸਾ ਨਹੀਂ ਹਨ। ਇਸਦਾ ਮਤਲਬ ਹੈ ਕਿ ਹਸਪਤਾਲ ਵਿੱਚ ਭਰਤੀ ਹੋਣ ਦੀ ਅਸਲ ਗਿਣਤੀ ਸੰਭਾਵਤ ਤੌਰ ‘ਤੇ ਅੰਕੜਿਆਂ ਨਾਲੋਂ ਬਹੁਤ ਜ਼ਿਆਦਾ ਹੈ।

ਰੌਇਲ ਆਟੋਮੋਬਾਈਲ ਕਲੱਬ ਆਫ਼ ਕੁਈਨਜ਼ਲੈਂਡ ਅਤੇ ਜੈਮੀਸਨ ਟਰੌਮਾ ਇੰਸਟੀਚਿਊਟ ਦੁਆਰਾ ਉਪਲਬਧ ਜਾਣਕਾਰੀ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਈ-ਸਕੂਟਰ ਨਾਲ ਸਬੰਧਤ ਸਾਰੀਆਂ ਸੱਟਾਂ ਵਿੱਚੋਂ ਅੱਧੇ ਤੋਂ ਵੱਧ ਵਿੱਚ ਸਿਰ ਅਤੇ ਚਿਹਰੇ ਦੀਆਂ ਸੱਟਾਂ ਸ਼ਾਮਲ ਸਨ ਅਤੇ ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਵਿੱਚੋਂ 40 ਪ੍ਰਤੀਸ਼ਤ ਤੋਂ ਵੱਧ ਨੂੰ ਫ੍ਰੈਕਚਰ ਹੋਇਆ ਸੀ। ਕੁਈਨਜ਼ਲੈਂਡ ਇੰਜਰੀ ਸਰਵੀਲੈਂਸ ਯੂਨਿਟ ਦੇ ਮੁੱਖ-ਖੋਜਕਰਤਾ ਐਂਡਰਿਊ ਕਰਕ ਨੇ ਦੱਸਿਆ ਹੈ ਕਿ, “ਜ਼ਿਆਦਾਤਰ ਚਿਹਰੇ ਅਤੇ ਸਿਰ ਦੀਆਂ ਸੱਟਾਂ ਕਿਰਾਏ ਦੇ ਸਕੂਟਰ ਸਵਾਰਾਂ ਵਿੱਚ ਹੁੰਦੀਆਂ ਹਨ ਅਤੇ ਇਹ ਮੁੱਖ ਤੌਰ ‘ਤੇ ਇਸ ਕਰਕੇ ਹੁੰਦੀਆਂ ਹਨ ਕਿਉਂਕਿ ਈ-ਸਕੂਟਰ ਸਵਾਰ ਹੈਲਮੇਟ ਨਹੀਂ ਪਹਿਨਦੇ ਹਨ।”

ਕੁਈਨਜ਼ਲੈਂਡ ਇੰਜਰੀ ਸਰਵੀਲੈਂਸ ਯੂਨਿਟ ਦੇ ਅੰਕੜਿਆਂ ਦੇ ਅਨੁਸਾਰ 24 ਤੋਂ 35 ਸਾਲ ਦੀ ਉਮਰ ਦੇ ਮਰਦਾਂ ਨੂੰ ਈ-ਸਕੂਟਰ ਦੀਆਂ ਸੱਟਾਂ ਲਈ ਹਸਪਤਾਲ ਵਿੱਚ ਭਰਤੀ ਹੋਣ ਦੀ ਸੰਭਾਵਨਾ ਸਭ ਤੋਂ ਵੱਧ ਸੀ। ਹਲਾਂਕਿ, ਈ-ਸਕੂਟਰ ਦੇ ਨਾਲ ਲੱਗਣ ਵਾਲੀਆਂ ਸੱਟਾਂ ਨਾਲ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਐਮਰਜੈਂਸੀ ਵਿਭਾਗਾਂ ਵਿੱਚ ਗਿਣਤੀ ਵੱਧ ਰਹੀ ਹੈ ਅਤੇ ਅਜਿਹੇ ਹੁਣ ਲਗਭਗ 25 ਪ੍ਰਤੀਸ਼ਤ ਕੇਸ ਹਨ। ਕੁਈਨਜ਼ਲੈਂਡ ਇੰਜਰੀ ਸਰਵੀਲੈਂਸ ਯੂਨਿਟ ਨੇ ਪਾਇਆ ਕਿ ਆਸਟ੍ਰੇਲੀਆ ਵਿੱਚ ਈ-ਸਕੂਟਰ ਨਾਲ ਸਬੰਧਤ ਸਾਰੀਆਂ ਮੌਤਾਂ ਵਿੱਚੋਂ ਇੱਕ ਤਿਹਾਈ 16 ਸਾਲ ਤੋਂ ਘੱਟ ਉਮਰ ਦੇ ਬੱਚੇ ਸ਼ਾਮਲ ਹਨ ਅਤੇ ਇਹਨਾਂ ਵਿੱਚੋਂ ਲਗਭਗ ਅੱਧੇ ਕੁਈਨਜ਼ਲੈਂਡ ਵਿੱਚ ਹਨ। ਸਪੀਡ ਨੂੰ ਸੱਟਾਂ ਦੀ ਗੰਭੀਰਤਾ ਵਿੱਚ ਇੱਕ ਵੱਡਾ ਕਾਰਣ ਮੰਨਿਆ ਜਾਂਦਾ ਹੈ ਅਤੇ ਕਈ ਈ-ਸਕੂਟਰ ਸੜਕਾਂ ‘ਤੇ 25 ਕਿਲੋਮੀਟਰ ਪ੍ਰਤੀ ਘੰਟਾ ਦੀ ਹੱਦ ਤੋਂ ਬਹੁਤ ਜਿਆਦਾ ਤੇਜ਼ ਚੱਲਦੇ ਹਨ।

ਕੁਈਨਜ਼ਲੈਂਡ ਇੰਜਰੀ ਸਰਵੀਲੈਂਸ ਯੂਨਿਟ ਦੇ ਮੁੱਖ-ਖੋਜਕਰਤਾ ਐਂਡਰਿਊ ਕਰਕ ਨੇ ਕਿਹਾ ਹੈ ਕਿ, “ਈ-ਸਕੂਟਰ ਦੀ ਸਪੀਡ ਨੂੰ ਕੰਟਰੋਲ ਕਰਨ ਵਿੱਚ ਮੁਸ਼ਕਲ, ਅਸਥਿਰਤਾ ਅਤੇ ਸੜਕ ਨਿਯਮਾਂ ਦਾ ਪ੍ਰਬੰਧਨ ਕਰਨ ਵਿੱਚ ਅਸਮਰੱਥਾ ਨੂੰ ਸੱਟਾਂ ਦੇ ਅੰਕੜਿਆਂ ਵਿੱਚ ਬੱਚਿਆਂ ਦੀ ਵੱਡੀ ਗਿਣਤੀ ਦੇ ਸੰਭਾਵੀ ਕਾਰਣ ਹਨ। ਹਸਪਤਾਲਾਂ ਵਿੱਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਹਰ ਸਾਲ ਵੱਧ ਰਹੀ ਹੈ ਅਤੇ ਇਹ ਵਧਦੀ ਹੀ ਰਹੇਗੀ ਕਿਉਂਕਿ ਈ-ਸਕੂਟਰ ਸਾਡੀਆਂ ਸੜਕਾਂ ‘ਤੇ ਵਧੇਰੇ ਪ੍ਰਸਿੱਧ ਅਤੇ ਆਮ ਹੁੰਦੇ ਜਾਂਦੇ ਹਨ।”

ਆਸਟ੍ਰੇਲੀਆ ਦੇ ਵਿੱਚ ਕੁਈਨਜ਼ਲੈਂਡ ਹੀ ਇੱਕੋ-ਇੱਕ ਅਜਿਹਾ ਸੂਬਾ ਹੈ ਜੋ 12 ਤੋਂ 16 ਸਾਲ ਦੀ ਉਮਰ ਦੇ ਬੱਚਿਆਂ ਨੂੰ ਈ-ਸਕੂਟਰ ਚਲਾਉਣ ਦੀ ਆਗਿਆ ਦਿੰਦਾ ਹੈ ਪਰ ਸਿਰਫ਼ ਬਾਲਗਾਂ ਦੀ ਨਿਗਰਾਨੀ ਹੇਠ। ਕੁਈਨਜ਼ਲੈਂਡ ਸਰਕਾਰ ਇਸ ਸਮੇਂ ਤੇਜ਼ ਈ-ਸਕੂਟਰਾਂ ਦੀ ਵਰਤੋਂ ਨੂੰ ਕੰਟਰੋਲ ਕਰਨ ਵਾਲੇ ਨਿਯਮਾਂ ਦੀ ਜਾਂਚ ਕਰ ਰਹੀ ਹੈ।

ਉਮਰ ਦੀ ਪਾਬੰਦੀ ਵਿਚਾਰੇ ਜਾ ਰਹੇ ਮੁੱਦਿਆਂ ਵਿੱਚੋਂ ਇੱਕ ਹੈ ਅਤੇ ਇਸ ਦੇ ਨਾਲ-ਨਾਲ ਹੀ ਪੁਲਿਸ ਦੀ ਸੁਰੱਖਿਆ ਨਿਯਮਾਂ ਨੂੰ ਲਾਗੂ ਕਰਨ ਦੀ ਯੋਗਤਾ ਉਪਰ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਜਾਂਚ ਦੇ ਨਤੀਜੇ ਅਗਲੇ ਸਾਲ 2026 ਵਿੱਚ ਆਉਣ ਦੀ ਉਮੀਦ ਹੈ।

ਕੁਈਨਜ਼ਲੈਂਡ ਇੰਜਰੀ ਸਰਵੀਲੈਂਸ ਯੂਨਿਟ ਦੇ ਮੁੱਖ-ਖੋਜਕਰਤਾ ਐਂਡਰਿਊ ਕਰਕ ਨੇ ਕ੍ਰਿਸਮਸ ਲਈ ਈ-ਸਕੂਟਰ ਖ੍ਰੀਦਣ ਵਾਰੇ ਸੋਚ ਰਹੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ, “ਉਹ ਇਹ ਯਕੀਨੀ ਬਨਾਉਣ ਕਿ ਉਹ ਸੂਬੇ ਦੇ ਨਿਯਮਾਂ ਦੀ ਪਾਲਣਾ ਕਰਦੇ ਹਨ ਜਾਂ ਨਹੀਂ ਕਿਉਂਕਿ ਔਨਲਾਈਨ ‘ਤੇ ਮੌਜੂਦ ਬਹੁਤ ਸਾਰੇ ਈ-ਸਕੂਟਰਾਂ ਨੂੰ ਗੈਰ-ਕਾਨੂੰਨੀ ਮੰਨਿਆ ਜਾਂਦਾ ਹੈ। ਈ-ਸਕੂਟਰ ਖ੍ਰੀਦਣ ਸਮੇਂ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਈ-ਸਕੂਟਰ ਦਾ ਭਾਰ 60 ਕਿਲੋਗ੍ਰਾਮ ਤੋਂ ਘੱਟ ਹੋਣਾ ਚਾਹੀਦਾ ਹੈ। ਜੇਕਰ ਇਸ ਦੀ ਸਪੀਡ 25 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਜਾ ਸਕਦੀ ਹੈ ਤਾਂ ਇਹ ਸੜਕ ‘ਤੇ ਗੈਰ-ਕਾਨੂੰਨੀ ਹੈ।”

ਇਥੇ ਇਹ ਵੀ ਦੱਸਣਯੋਗ ਹੈ ਕਿ ਵਿਕਟੋਰੀਆ ਨੇ ਫੁੱਟਪਾਥਾਂ ‘ਤੇ ਈ-ਸਕੂਟਰਾਂ ‘ਤੇ ਪਾਬੰਦੀ ਲਗਾਈ ਹੈ, ਸਪੀਡ ਨੂੰ ਸੀਮਤ ਕੀਤਾ ਹੈ ਅਤੇ ਹੈਲਮੇਟ ਦੀ ਲੋੜ ਹੈ ਪਰ ਫਿਰ ਵੀ ਉਲੰਘਣਾ ਕਾਰਣ ਸੱਟਾਂ ਲੱਗੀਆਂ ਰਹਿੰਦੀਆਂ ਹਨ। ਨਿਊ ਸਾਊਥ ਵੇਲਜ਼ ਸੁਰੱਖਿਆ ਦੇ ਨਾਲ ਪਹੁੰਚ ਨੂੰ ਸੰਤੁਲਿਤ ਕਰਨ ਲਈ ਸਖ਼ਤ ਸਪੀਡ ਦੀ ਹੱਦ ਅਤੇ ਉਮਰ ਨਿਯਮਾਂ ਵਾਲੇ ਈ-ਸਕੂਟਰਾਂ ਨੂੰ ਕਾਨੂੰਨੀ ਬਣਾਉਣ ਲਈ ਅੱਗੇ ਵਧ ਰਿਹਾ ਹੈ। ਕੁੱਝ ਇਲਾਕਿਆਂ ਦੇ ਵਿੱਚ ਨਿਯਮਾਂ ਦੀ ਪਾਲਣਾ ਨੂੰ ਬਿਹਤਰ ਬਣਾਉਣ ਲਈ ਸਖ਼ਤ ਜੁਰਮਾਨਿਆਂ ਅਤੇ ਸਿੱਖਿਆ ਮੁਹਿੰਮ ਚਲਾਉਣ ‘ਤੇ ਬਹਿਸ ਚੱਲ ਰਹੀ ਹੈ। ਆਸਟ੍ਰੇਲੀਆ ਦੇ ਸਿਹਤ ਮਾਹਰ ਅਤੇ ਐਮਰਜੈਂਸੀ ਡਾਕਟਰ ਵਧਦੀਆਂ ਸੱਟਾਂ ਕਾਰਨ ਸਖ਼ਤ ਨਿਯੰਤਰਣ, ਉਮਰ ਸੀਮਾਵਾਂ ਅਤੇ ਸੁਰੱਖਿਆਤਮਕ ਗੀਅਰ ਆਦੇਸ਼ਾਂ ਦੀ ਮੰਗ ਕਰ ਰਹੇ ਹਨ।

Related posts

ਪਿਛਲੇ 25 ਸਾਲਾਂ ਦੌਰਾਨ ਭਾਰਤ ਵਿੱਚ ਕਈ ਏਅਰਲਾਈਨਾਂ ਬੰਦ ਹੋਣ ਦੇ ਕੀ ਕਾਰਣ ਰਹੇ ?

admin

ਦੇਸ਼ ਨੂੰ ਆਜ਼ਾਦ ਤੇ ਨਿਰਪੱਖ ਚੋਣ ਕਮਿਸ਼ਨ ਦੀ ਲੋੜ ਜੋ ਸੱਤਾਧਾਰੀ ਪਾਰਟੀ ਦਾ ਤੋਤਾ ਨਾ ਹੋਵੇ : ਹਰਸਿਮਰਤ ਕੌਰ ਬਾਦਲ

admin

ਆਲਰਾਊਂਡਰ ਕ੍ਰਿਕਟਰ ਯੁਵਰਾਜ ਸਿੰਘ ਹੋਰਨਾਂ ਨੌਜਵਾਨਾਂ ਲਈ ਵੀ ਇੱਕ ਪ੍ਰੇਰਨਾ ਬਣਿਆ !

admin