ਮਜੀਠਾ – ਅੱਜ ਸਵੇਰੇ ਤੜਕਸਾਰ ਇਥੋਂ ਨਾਲ ਲਗਦੇ ਪਿੰਡ ਅਠਵਾਲ ਵਿਖੇ ਇੱਕ ਕਿਸਾਨ ਦੀ ਮੋਟਰ ਵਾਲੇ ਕਮਰੇ (ਬੰਬੀ) ‘ਤੇ ਆਸਮਾਨੀ ਬਿਜਲੀ ਡਿੱਗਣ ਨਾਲ ਕਮਰੇ ਨੂੰ ਅੱਗ ਲੱਗ ਗਈ। ਜਾਣਕਾਰੀ ਇਕੱਤਰ ਕੀਤੀ ਜਾਣਕਾਰੀ ਅਨੁਸਾਰ,ਅਠਵਾਲ ਪਿੰਡ ਦੇ ਕਿਸਾਨ ਤਨਵੀਰਪਾਲ ਸਿੰਘ ਪੁੱਤਰ ਹਰਦੇਵ ਸਿੰਘ ਨੇ ਦੱਸਿਆ ਕੇ ਉਹ ਅੱਜ ਤੇਜ਼ ਬਾਰਸ਼ ਕਾਰਨ ਖੇਤਾਂ ਵਿਚ ਨਹੀਂ ਗਿਆ ਪਰ ਬਾਅਦ ਵਿਚ ਉਸ ਨੂੰ ਪਿੰਡ ਵਾਲਿਆਂ ਨੇ ਦੱਸਿਆ ਕਿ ਉਸ ਦੇ ਖੇਤਾਂ ਵਿਚ ਮੋਟਰ ਵਾਲੇ ਕਮਰੇ ਨੂੰ ਆਸਮਾਨੀ ਬਿਜਲੀ ਡਿੱਗਣ ਕਰਕੇ ਬਹੁਤ ਭਿਆਨਕ ਅੱਗ ਲੱਗੀ ਪਈ ਹੈ ਉੱਚੀਆਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਹਨ। ਜਦੋਂ ਉਸ ਨੇ ਜਾ ਕੇ ਵੇਖਿਆ ਤਾਂ ਪਤਾ ਲੱਗਾ ਕੇ ਆਸਮਾਨੀ ਬਿਜਲੀ ਉਸ ਦੇ ਮੋਟਰ ਦੇ ਸਵਿੱਚ ਨੂੰ ਪੈਣ ਕਰਕੇ ਉਸ ਦਾ ਮੋਟਰ ਵਾਲਾ ਕਮਰਾ ਬੁਰੀ ਤਰ੍ਹਾਂ ਅੱਗ ਦੀ ਲਪੇਟ ਵਿਚ ਸੀ ਅਤੇ ਉਸ ਅੰਦਰ ਰੱਖੇ ਟਮਾਟਰ ਪੌਣ ਵਾਲੇ 350 ਦੇ ਕਰੀਬ ਕਰੇਟ ਵੀ ਸੜ ਕੇ ਸਵਾਹ ਹੋ ਚੁਕੇ ਸਨ ਅਤੇ ਵੇਖਦੇ ਵੇਖਦੇ ਮੋਟਰ ਦਾ ਕਮਰਾ ਵੀ ਢਹਿ ਗਿਆ ਜਿਸ ਨਾਲ ਉਸਦਾ ਬਹੁਤ ਹੀ ਜ਼ਿਆਦਾ ਵਿਤੀ ਨੁਕਸਾਨ ਹੋਇਆ ਹੈ। ਪੀੜਤ ਕਿਸਾਨ ਅਤੇ ਪਿੰਡ ਵਾਸੀਆਂ ਨੇ ਸਰਕਾਰ ਕੋਲੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਜਿਸ ਨਾਲ ਉਹ ਦੁਬਾਰਾ ਮੋਟਰ ਦਾ ਕਮਰਾ ਪਾ ਸਕੇ ਅਤੇ ਆਪਣਾ ਤੇ ਪਰਿਵਾਰ ਦਾ ਕਿਸਾਨੀ ਤੋਂ ਗੁਜ਼ਾਰਾ ਕਰ ਸਕੇ। ਇਸ ਮੌਕੇ ਪੀੜਤ ਕਿਸਾਨ ਨਾਲ ਨੰਬਰਦਾਰ ਜਗਰੂਪ ਸਿੰਘ, ਸੁਖਰਾਜ ਸਿੰਘ ਅਤੇ ਹੋਰ ਬਹੁਤ ਸਾਰੇ ਪਿੰਡ ਵਾਸੀ ਵੀ ਹਾਜ਼ਰ ਸਨ।