ਨਵੀਂ ਦਿੱਲੀ – ਭਾਰਤੀ ਕੋਰੋਨਾ ਰੋਕੂ ਵੈਕਸੀਨ ਕੋਵੀਸ਼ੀਲਡ ਨੂੰ ਇਟਲੀ ਨੇ ਵੀ ਮਾਨਤਾ ਦੇ ਦਿੱਤੀ ਹੈ। ਸਿਹਤ ਮੰਤਰੀ ਮਨਸੁਖ ਮਾਂਡਵੀਆ ਤੇ ਉਨ੍ਹਾਂ ਦੇ ਇਤਾਲਵੀ ਹਮਰੁਤਬਾ ਰੌਬਰਟੋ ਸਪੇਰਾਂਜਾ ਦੇ ਵਿਚਕਾਰ ਵਿਦੇਸ਼ ਮੰਤਰਾਲੇ ਦੇ ਲਗਾਤਾਰ ਯਤਨਾਂ ਦੇ ਨਾਲ ਇਕ ਬੈਠਕ ਦੇ ਨਤੀਜੇ ਵਜੋਂ ਇਟਲੀ ਨੇ ਭਾਰਤ ਦੀ ਕੋਵੀਸ਼ੀਲਡ ਨੂੰ ਮਾਨਤਾ ਦਿੱਤੀ। ਇਟਲੀ ‘ਚ ਭਾਰਤੀ ਦੂਤਘਰ ਨੇ ਦੱਸਿਆ ਕਿ ਭਾਰਤੀ ਵੈਕਸੀਨ ਕਾਰਡ ਧਾਰਕ ਹੁਣ ਗ੍ਰੀਨ ਪਾਸ ਲਈ ਯੋਗ ਹਨ। ਦੱਸ ਦੇਈਏ ਕਿ ਹਾਲ ਹੀ ‘ਚ ਬ੍ਰਿਟੇਨ ਨੇ ਵੀ ਕੋਵੀਸ਼ੀਲਡ ਨੂੰ ਮਾਨਤਾ ਦੇ ਦਿੱਤੀ ਹੈ।
ਬ੍ਰਿਟੇਨ ਨੇ ਬੁੱਧਵਾਰ ਨੂੰ ਕੋਰੋਨਾ ਰੋਕੂ ਵੈਕਸੀਨ ਕੋਵੀਸ਼ੀਲਡ ਨੂੰ ਆਪਣੇ ਅਪਡੇਟ ਕੌਮਾਂਤਰੀ ਯਾਤਰਾ ਦਿਸ਼ਾ-ਨਿਰਦੇਸ਼ਾਂ ‘ਚ ਸ਼ਾਮਲ ਕਰ ਲਿਆ ਹੈ। ਹਾਲਾਂਕਿ, ਭਾਰਤੀ ਯਾਤਰੀਆਂ ਨੂੰ ਹਾਲੇ ਵੀ ਬ੍ਰਿਟੇਨ ਪਹੁੰਚਣ ‘ਤੇ 10 ਦਿਨ ਕੁਆਰੰਟਾਈਨ ‘ਚ ਰਹਿਣਾ ਪਵੇਗਾ। ਬ੍ਰਿਟਿਸ਼ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਖ ਮੁੱਦਾ ਕੋਵੀਸ਼ੀਲਡ ਵੈਕਸੀਨ ਨਹੀਂ, ਬਲਕਿ ਭਾਰਤ ‘ਚ ਕੋਵਿਨ ਐਪ ਜ਼ਰੀਏ ਵੈਕਸੀਨ ਦਾ ਪ੍ਰਮਾਣ ਹੈ। ਇਸ ਮੁੱਦੇ ਨੂੰ ਸੁਲਝਾਉਣ ਲਈ ਦੋਵੇਂ ਦੇਸ਼ ਗੱਲ ਕਰ ਰਹੇ ਹਨ।