ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇਸ਼ ’ਚ ਖੰਡ ਦੀਆਂ ਵਧਦੀਆਂ ਕੀਮਤਾਂ ਨੂੰ ਕੰਟਰੋਲ ਕਰਨ ’ਚ ਲੱਗੇ ਗਏ ਹਨ। ਇਸ ਕਵਾਇਦ ’ਚ ਉਨ੍ਹਾਂ ਖੰਡ ਦਾ ਪੂਰਾ ਸਟਾਕ ਬਾਜ਼ਾਰ ’ਚ ਵੇਚਣ ਦਾ ਫ਼ੈਸਲਾ ਕੀਤਾ ਹੈ। ਦੇਸ਼ ’ਚ ਇਸ ਸਮੇਂ ਖੰਡ 150 ਰੁਪਏ ਪ੍ਰਤੀ ਕਿਲੋਗ੍ਰਾਮ ਤਕ ਵਿਕ ਰਹੀ ਹੈ। ਜਿਓ ਟੀਵੀ ਮੁਤਾਬਕ ਇਮਰਾਨ ਦੀ ਅਗਵਾਈ ’ਚ ਕੀਮਤਾਂ ਨੰ ਕੰਟਰੋਲ ਕਰਨ ਬਾਰੇ ਸੋਮਵਾਰ ਨੂੰ ਹੋਈ ਬੈਠਕ ’ਚ 15 ਨਵੰਬਰ ਤੋਂ ਪੂਰੇ ਦੇਸ਼ ’ਚ ਗੰਨੇ ਦੀ ਖੇਤੀ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ। ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਗ਼ਰੀਬਾਂ ’ਤੇ ਬੋਝ ਘੱਟ ਕਰਨ ਲਈ ਹਰ ਮੁਮਕਿਨ ਕਦਮ ਉਠਾ ਰਹੀ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇਮਰਾਨ ਨੇ ਕਿਹਾ ਸੀ ਕਿ ਸਿੰਧ ਸੂਬੇ ’ਚ ਤਿੰਨ ਮਿੱਲਾਂ ਨੂੰ ਅਚਾਨਕ ਬੰਦ ਕੀਤੇ ਜਾਣ ਨਾਲ ਖੰਡ ਦੀ ਕੀਮਤ ’ਚ ਰਿਕਾਰਡ ਵਾਧਾ ਹੋਇਆ ਹੈ। ਪਾਕਿਸਤਾਨ ’ਚ ਖੰਡ ਸਮੇਤ ਲਗਪਗ ਸਾਰੀਆਂ ਖ਼ੁਰਾਕੀ ਵਸਤਾਂ ਦੀਆਂ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ। ਪੈਟਰੋਲ ਵੀ 145 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇਮਰਾਨ ਸਰਕਾਰ ਮਹਿੰਗਾਈ ਕਾਰਨ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ’ਤੇ ਹੈ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਪ੍ਰਧਾਨ ਤੇ ਨੈਸ਼ਨਲ ਅਸੈਂਬਲੀ ’ਚ ਵਿਰੋਧੀ ਧਿਰ ਦੇ ਨੇਤਾ ਸ਼ਾਹਾਬਾਜ਼ ਸ਼ਰੀਫ ਨੇ ਕਿਹਾ ਕਿ ਸਾਰੀਆਂ ਵਿਰੋਧੀਆਂ ਪਾਰਟੀਆਂ ਇਕਜੁਟ ਹਨ ਤੇ ਮਹਿੰਗਾਈ ਖ਼ਿਲਾਫ਼ ਸਾਂਝੇ ਤੌਰ ’ਤੇ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ ਅਗਲੀਆਂ ਆਮ ਚੋਣਾਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੇ ਨਾਂ ’ਤੇ ਲੜਨ ਦੀ ਯੋਜਨਾ ਬਣਾਈ ਹੈ।