ਤਲ ਅਵੀਵ – ਦੁਨੀਆ ‘ਚ ਕੋਰੋਨਾ ਦੇ ਕਹਿਰ ਦੌਰਾਨ ਇਜ਼ਰਾਈਲ ਤੇ ਆਸਟ੍ਰੇਲੀਆ ਤੋਂ ਚੰਗੀ ਖ਼ਬਰ ਆਈ ਹੈ। ਇਜ਼ਰਾਈਲ ਨੇ ਖੁੱਲ੍ਹੇ ਇਲਾਕਿਆਂ ‘ਚ ਮਾਸਕ ਦੇ ਲਾਜ਼ਮੀ ਹੋਣ ਦੀ ਸ਼ਰਤ ਖ਼ਤਮ ਕਰ ਦਿੱਤੀ ਹੈ। ਏਧਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਦੇਸ਼ ਲਗਭਗ ਕੋਰੋਨਾ ਮੁਕਤ ਹੋ ਗਿਆ ਹੈ।ਇਜ਼ਰਾਈਲ ‘ਚ ਕੋਰੋਨਾ ‘ਤੇ ਕਾਬੂ ਪਾਏ ਜਾਣ ਤੋਂ ਬਾਅਦ ਖੁੱਲੇ ਇਲਾਕਿਆਂ ‘ਚ ਮਾਸਕ ਦੇ ਲਾਜ਼ਮੀ ਹੋਣ ਦੀ ਸ਼ਰਤ ਖ਼ਤਮ ਕਰ ਦਿੱਤੀ ਗਈ ਹੈ। ਨਾਲ ਹੀ ਸਕੂਲ ਕਾਲਜ ਵੀ ਪੂਰੀ ਤਰ੍ਹਾਂ ਖੋਲ੍ਹ ਦਿੱਤੇ ਗਏ ਹਨ। ਇੱਥੇ ਵੱਡੇ ਪੱਧਰ ‘ਤੇ ਵੈਕਸੀਨ ਮੁਹਿੰਮ ਚਲਾਉਣ ਤੋਂ ਬਾਅਦ ਰਾਹਤ ਮਿਲੀ ਹੈ। ਇਜ਼ਰਾਈਲ ਨੇ ਇਹ ਵੀ ਕਿਹਾ ਹੈ ਕਿ ਉਹ ਮਈ ਤੋਂ ਸੈਲਾਨੀਆਂ ਲਈ ਦੇਸ਼ ਖੋਲ੍ਹ ਦੇਵੇਗਾ। ਇਨਡੋਰ ਜਤਕ ਸਥਾਨਾਂ ‘ਤੇ ਮਾਸਕ ਲਗਾਉਣਾ ਪਵੇਗਾ। ਇੱਥੇ ਹੁਣ ਸਿਰਫ਼ 200 ਇਨਫੈਕਟਿਡ ਰਹਿ ਗਏ ਹਨ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੌਰਿਸ ਸਕਾਟਸਨ ਨੇ ਐਤਵਾਰ ਨੂੰ ਕਿਹਾ ਕਿ ਆਸਟ੍ਰੇਲੀਆ ਕਰੀਬ ਕੋਰੋਨਾ ਮੁਕਤ ਹੋ ਗਿਆ ਹੈ। ਇਸਦੇ ਬਾਵਜੂਦ ਅਸੀਂ ਆਪਣੀਆਂ ਸਰਹੱਦਾਂ ਖੋਲ੍ਹਣ ‘ਚ ਕਾਹਲ ਨਹੀਂ ਕਰਾਂਗੇ। ਆਸਟ੍ਰੇਲੀਆ ਨੇ ਆਪਣੀਆਂ ਸਰਹੱਦਾਂ ਮਾਰਚ 2020 ਤੋਂ ਬੰਦ ਕੀਤੀਆਂ ਹੋਈਆਂ ਹਨ। ਪਿਛਲੇ ਕੁਝ ਮਹੀਨਿਆਂ ਤੋਂ ਸਿਰਫ਼ ਕੁਝ ਸੀਮਤ ਕੌਮਾਂਤਰੀ ਉਡਾਣਾਂ ਨੂੰ ਹੀ ਇਜਾਜ਼ਤ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਨਾਗਰਿਕਾਂ ਦੇ ਵੈਕਸੀਨ ਲੱਗ ਚੁੱਕੀ ਹੈ, ਉਹ ਜ਼ਰੂਰੀ ਕੰਮਾਂ ਲਈ ਵਿਦੇਸ਼ ਜਾ ਸਕਦੇ ਹਨ। ਪਰਤਣ ‘ਤੇ ਉਨ੍ਹਾਂ ਨੂੰ ਕੁਆਰੰਟਾਈਨ ਰਹਿਣਾ ਪਵੇਗਾ।ਪਾਕਿਸਤਾਨ ‘ਚ ਐਤਵਾਰ ਨੂੰ ਇਕ ਦਿਨ ‘ਚ ਸਭ ਤੋਂ ਵੱਧ ਨਵੇਂ ਮਾਮਲੇ ਰਿਕਾਰਡ ਕੀਤੇ ਗਏ। ਇੱਥੇ 24 ਘੰਟਿਆਂ ‘ਚ ਛੇ ਹਜ਼ਾਰ ਤੋਂ ਵੱਧ ਨਵੇਂ ਇਨਫੈਕਟਿਡ ਮਿਲੇ। ਪਿਛਲੇ ਸਾਲ ਜੂਨ ‘ਚ ਏਨੇ ਹੀ ਮਰੀਜ਼ ਇਕ ਦਿਨ ‘ਚ ਮਿਲੇ ਸਨ।ਬ੍ਰਾਜ਼ੀਲ ‘ਚ ਕੋਰੋਨਾ ਅਜੇ ਕੰਟਰੋਲ ‘ਚ ਨਹੀਂ ਹੈ। ਇੱਥੇ ਹਰ ਰੋਜ਼ ਤਿੰਨ ਹਜ਼ਾਰ ਦੇ ਆਸਪਾਸ ਹੀ ਮੌਤ ਦਾ ਅੰਕੜਾ ਚੱਲ ਰਿਹਾ ਹੈ। ਐਤਵਾਰ ਨੂੰ ਵੀ 2929 ਮਰੀਜ਼ਾਂ ਦੀ ਮੌਤ ਹੋ ਗਈ।