ਯੇਰੂਸ਼ਲ – ਇਜ਼ਰਾਈਲੀ ਲੜਾਕੂ ਜਹਾਜ਼ਾਂ ਨੇ ਸੋਮਵਾਰ ਸਵੇਰੇ ਗਾਜ਼ਾ ਪੱਟੀ ਦੇ ਕਈ ਟਿਕਾਣਿਆਂ ’ਤੇ ਹਮਲੇ ਕੀਤੇ। ਇਹ ਹਮਲੇ ਹਮਾਸ-ਸ਼ਾਸਿਤ ਖੇਤਰ ਤੋਂ ਬਾਹਰ ਦਾਗ਼ੇ ਗਏ ਰਾਕਟ ਦੇ ਜਵਾਬ ’ਚ ਕੀਤੇ ਗਏ ਹਨ। ਦੋਵਾਂ ਧਿਰਾਂ ਵਿਚਾਲੇ ਇਹ ਲਗਾਤਾਰ ਤੀਸਰੀ ਰਾਤ ਲੜਾਈ ਹੋਈ ਹੈ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਨੇ ਸ਼ਾਂਤੀ ਲਈ ਇੰਸੈਂਟਿਵ ਦਾ ਪ੍ਰਸਤਾਵ ਦਿੱਤਾ ਹੈ। ਇਕ ਇਜ਼ਰਾਈਲੀ ਜੇਲ੍ਹ ਤੋਂ ਪਿਛਲੇ ਹਫ਼ਤੇ ਛੇ ਫਲਸਤੀਨੀ ਕੈਦੀਆਂ ਦੇ ਫ਼ਰਾਰ ਹੋਣ ਤੋਂ ਬਾਅਦ ਤੋਂ ਤਣਾਅ ਵੱਧ ਗਿਆ ਹੈ। ਇਜ਼ਰਾਈਲੀ ਫ਼ੌਜ ਨੇ ਐਤਵਾਰ ਨੂੰ ਅਤੇ ਸੋਮਵਾਰ ਸਵੇਰੇ ਤਿੰਨ ਰਾਕਟ ਹਮਲੇ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਹੈ। ਫ਼ੌਜ ਨੇ ਕਿਹਾ ਕਿ ਇਨ੍ਹਾਂ ’ਚ ਦੋ ਨੂੰ ਉਸ ਦੀ ਰਾਕਟ ਪ੍ਰਤੀ-ਰੱਖਿਆ ਪ੍ਰਣਾਲੀ ਨੇ ਫੜ ਲਿਆ। ਇਸ ਦੇ ਜਵਾਬ ’ਚ ਉਸ ਨੇ ਹਮਾਸ ਦੇ ਕਈ ਟਿਕਾਣਿਆਂ ’ਤੇ ਹਮਲੇ ਕੀਤੇ। ਇਨ੍ਹਾਂ ਹਮਲਿਆਂ ’ਚ ਦੋਵਾਂ ਧਿਰਾਂ ਦੇ ਕਿਸੇ ਵੀ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਨਹੀਂ ਹੈ।