ਨਵੀਂ ਦਿੱਲੀ – ਤਾਲਿਬਾਨ ਦੀ ਸੌਖੀ ਜਿੱਤ ਤੋਂ ਬਾਅਦ ਮੁੱਲਾ ਅਬਦੁੱਲ ਘਾਨੀ ਬਰਾਦਰ ਦਾ ਅਫ਼ਗਾਨਿਸਤਾਨ ਦਾ ਨਵਾਂ ਰਾਸ਼ਟਰਪਤੀ ਬਣਨਾ ਲਗਪਗ ਤੈਅ ਹੈ, ਜਦੋਂ ਕਿ ਅਫ਼ਗਾਨ ਸਰਕਾਰ ’ਚ ਦੂਸਰੇ ਸਥਾਨ ’ਤੇ ਜਗ੍ਹਾ ਹਾਸਲ ਕਰਨ ਵਾਲੇ ਦੋਹਾ ਦਫ਼ਤਰ ਦੇ ਉਪ ਮੁਖੀ ਸ਼ੇਰ ਮੁਹੰਮਦ ਅੱਬਾਸ ਸਤਨਿਕਜਈ ਨਵੀਂ ਸਰਕਾਰ ਦੇ ਮੁੱਖ ਕਰਤਾ-ਧਰਤਾ ਹੋਣਗੇ। ਉਹ ਪਿਛਲੀ ਤਾਲਿਬਾਨ ਸਰਕਾਰ ’ਚ ਵੀ ਉਪ ਵਿਦੇਸ਼ ਮੰਤਰੀ ਸਨ। ਸ਼ੇਰ ਮੁਹੰਮਦ ਅੱਬਾਸ ਸਤਨਿਕਜਈ ਆਪਣੀ ਨਵੀਂ ਸਰਕਾਰ ’ਚ ਸਭ ਤੋਂ ਵੱਧ ਰਸੂਖ ਰੱਖਣ ਤੋਂ ਇਲਾਵਾ ਸਭ ਤੋਂ ਪਡ਼੍ਹੇ ਲਿਖੇ ਵੀ ਹਨ। ਉਨ੍ਹਾਂ ਦੀ ਉੱਚ ਸਿੱਖਿਆ ਭਾਰਤ-ਅਫ਼ਗਾਨ ਰੱਖਿਆ ਸਹਿਯੋਗ ਪ੍ਰੋਗਰਾਮ ਤਹਿਤ 1970 ’ਚ ਦੇਹਰਾਦੂਨ ਸਥਿਤ ਭਾਰਤੀ ਫ਼ੌਜ ਦੀ ਅਕਾਦਮੀ ਤੋਂ ਹੋਈ ਹੈ।
ਦੂਸਰੇ ਪਾਸੇ ਤਾਲਿਬਾਨੀ ਨੇਤਾਵਾਂ ਦੀ ਪਡ਼੍ਹਾਈ-ਲਿਖਾਈ ਅਫ਼ਗਾਨਿਸਤਾਨ ਜਾਂ ਪਾਕਿਸਤਾਨ ’ਚ ਮੱਦਰਸਿਆਂ ਤੋਂ ਹੋਈ ਹੈ, ਜਦੋਂਕਿ ਸ਼ੇਰ ਮੁਹੰਮਦ ਅੱਬਾਸ ਸਤਨਿਕਜਈ ਨੂੰ ਫ਼ੌਜੀ ਸਿਖਲਾਈ ਭਾਰਤ ’ਚ ਹੀ ਮਿਲੀ ਹੈ। ਅਫ਼ਗਾਨਿਸਤਾਨ ਦੇ ਲੋਗਾਰ ਸੂਬੇ ਦੇ ਬਰਾਕੀ-ਬਰਾਕ ’ਚ ਸਤਨਿਕਜਈ ਦਾ ਜਨਮ 1963 ’ਚ ਹੋਇਆ ਸੀ। ਉਹ ਮੂਲ ਤੌਰ ’ਤੇ ਪਸ਼ਤੂਨ ਹੈ। 1980 ’ਚ ਉਸ ਨੇ ਅਫ਼ਗਾਨ ਫ਼ੌਜ ਛੱਡ ਦਿੱਤੀ ਸੀ ਤੇ ਸੋਵੀਅਤ ਸੰਘ ਦੀ ਫ਼ੌਜ ਖ਼ਿਲਾਫ਼ ਦੱਖਣੀ-ਪੱਛਮੀ ਮੋਰਚੇ ’ਤੇ ਹਰਕਤ-ਏ-ਇਨਕਲਾਬ-ਏ-ਇਸਲਾਮੀ ਤੇ ਇਤੇਹਾਦ-ਏ-ਇਸਲਾਮੀ ਦੇ ਅਬਦੁੱਲ ਰਸੂਲ ਸਯਾਫ ਨਾਲ ਲਡ਼ ਰਹੇ ਸਨ। ਹਰਕਤ ਮੁਜਾਹਿਦੀਨ ਦਾ ਹੀ ਇਕ ਧੜਾ ਹੈ ਜੋ ਤਾਲਿਬਾਨ ਦੇ ਬੇਹੱਦ ਨੇੜੇ ਮੰਨਿਆ ਜਾਂਦਾ ਹੈ। ਤਾਲਿਬਾਨ ਜਦੋਂ 1996 ’ਚ ਪਹਿਲੀ ਵਾਰ ਸੱਤਾ ’ਚ ਆਇਆ ਸੀ ਤਾਂ ਉਦੋਂ ਸ਼ੇਰ ਮੁਹੰਮਦ ਅੱਬਾਸ ਸਤਨਿਕਜਈ ਨੂੰ ਵਿਦੇਸ਼ ਮੰਤਰਾਲੇ ’ਚ ਉਪ ਵਿਦੇਸ਼ ਮੰਤਰੀ ਬਣਾਇਆ ਗਿਆ ਸੀ। ਬਾਅਦ ’ਚ ਉਹ ਜਨ ਸਿਹਤ ਮੰਤਰੀ ਵੀ ਬਣੇ ਸਨ।
ਇਕ ਬ੍ਰਿਟਿਸ਼ ਫ਼ੌਜੀ ਰਹੀ ਵਿਸ਼ਲੇਸ਼ਕ ਕੇਟ ਕਲਾਰਕ ਮੁਤਾਬਕ ਪੱਛਮੀ ਦੇਸ਼ਾਂ ਲਈ ਸਤਨਿਕਜਈ ਤਾਲਿਬਾਨੀ ਚਿਹਰਾ ਹੈ ਪਰ ਉਸ ਦੇ ਲੀਡਰਾਂ ਨੇ ਕਦੇ ਵੀ ਉਸ ’ਤੇ ਭਰੋਸਾ ਨਹੀਂ ਕੀਤਾ। ਜਦੋਂ ਅਲਕਾਇਦਾ ਸਰਗਨਾ ਓਸਾਮਾ ਬਿਨ ਲਾਦੇਨ ਦੀ ਭਾਲ ’ਚ ਅਮਰੀਕਾ ਨੇ ਅਫ਼ਗਾਨਿਸਤਾਨ ’ਤੇ ਹਮਲਾ ਕੀਤਾ, ਉਦੋਂ ਦੇ ਵਿਦੇਸ਼ ਮੰਤਰੀ ਵਕੀਲ ਅਹਿਮਦ ਮੁੱਤਾਵਕੀਲ ਅਬਦੁੱਲ ਗੱਫਾਰ ਵੀ ਬਾਅਦ ’ਚ ਤਾਲਿਬਾਨ ’ਚ ਸ਼ਾਮਲ ਹੋ ਗਏ ਸਨ। ਤਾਲਿਬਾਨ ਸ਼ਾਸਨ ਦੇ ਖ਼ਾਤਮੇ ਤੋਂ ਬਾਅਦ ਹੋਰਨਾਂ ਤਾਲਿਬਾਨ ਵਾਂਗ ਪਹਿਲਾਂ ਉਹ ਪਾਕਿਸਤਾਨ ਤੇ ਫਿਰ ਕਤਰ ਗਏ। ਉਦੋਂ ਕਤਰ ਨੇ ਉਨ੍ਹਾਂ ਦੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਮਦਦ ਕੀਤੀ ਸੀ। ਇਸ ਤੋਂ ਦੋ ਸਾਲ ਬਾਅਦ ਇਕ ਅਮਰੀਕੀ ਪੱਤਰਕਾਰ ਨੇ ਸ਼ੇਰ ਮੁਹੰਮਦ ਅੱਬਾਸ ਸਤਨਿਕਜਈ ਦੀ ਬੇਟੀ ਦੀ ਤਸਵੀਰ ਛਾਪੀ ਸੀ ਜੋ ਅਮਰੀਕਾ ’ਚ ਉੱਚ ਸਿੱਖਿਆ ਹਾਸਲ ਕਰ ਰਹੀ ਹੈ। 2015 ’ਚ ਉਸ ਨੇ ਦੋਹਾ ’ਚ ਤਾਲਿਬਾਨ ਦੇ ਰਾਜਨੀਤਿਕ ਦਫਤਰ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ ਸੀ, ਜਦੋਂਕਿ ਤਾਲਿਬਾਨ ਅਫ਼ਗਾਨਿਸਤਾਨ ’ਚ ਲਡ਼ਕੀਆਂ ਨੂੰ ਸਕੂਲ ਨਹੀਂ ਜਾਣ ਦਿੰਦੇ। ਅਫ਼ਗਾਨਿਸਤਾਨ ’ਚ ਤਾਲਿਬਾਨ ਦੇ ਸੰਸਥਾਪਕ ਮੁੱਲਾ ਉਮਰ ਦੇ ਦਫਤਰ ’ਚ ਉਹ ਕਈ ਵਾਰ ਅੰਗਰੇਜ਼ੀ ’ਚ ਇੰਟਰਵਿਊ ਦੇਣ ਤੇ ਕੰਧਾਰ ’ਚ ਵਿਦੇਸ਼ੀ ਮਹਿਮਾਨਾਂ ਨਾਲ ਮੇਲਜੋਲ ਵਧਾਉਣ ਲਈ ਵੀ ਜਾਣਿਆ ਜਾਂਦਾ ਰਿਹਾ ਹੈ। ਸਤਨਿਕਜਈ 1996 ’ਚ ਤਾਲਿਬਾਨ ਦੇ ਦੂਤ ਦੇ ਤੌਰ ’ਤੇ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਬਿਲ ਕਲਿੰਟਨ ਨੂੰ ਵੀ ਮਿਲ ਚੁੱਕਾ ਹੈ। ਵੈਸੇ ਤਾਂ ਹੋਰਨਾਂ ਤਾਲਿਬਾਨ ਨੇਤਾਵਾਂ ਵਾਂਗ ਉਸ ’ਤੇ ਸੰਯੁਕਤ ਰਾਸ਼ਟਰ ਵੱਲੋਂ ਪਾਬੰਦੀ ਲੱਗੀ ਹੋਈ ਸੀ ਪਰ ਕੂਟਨੀਤਿਕ ਚੈਨਲਾਂ ਜ਼ਰੀਏ ਉਸ ਨੂੰ ਕਤਰ ਜਾਣ ਤੋਂ ਛੋਟ ਸੀ। ਉਹ ਅਮਰੀਕਾ ਤੇ ਅਫ਼ਗਾਨ ਸਰਕਾਰ ਵਿਚਾਲੇ ਕਈ ਵਾਰ ਹੋਈ ਸ਼ਾਂਤੀ ਵਾਰਤਾ ’ਚ ਵੀ ਮੌਜੂਦ ਸੀ। 2016 ’ਚ ਉਹ ਚੀਨ ਗਿਆ ਤੇ ਉੱਥੇ ਚੀਨੀ ਨੇਤਾਵਾਂ ਨਾਲ ਮੁਲਾਕਾਤ ਕੀਤੀ ਸੀ। ਉਸ ਦੇ ਜ਼ਰੀਏ ਹੀ ਤਾਲਿਬਾਨ ਤੇ ਚੀਨ ਨੇਡ਼ੇ ਆਏ। ਸ਼ੇਰ ਮੁਹੰਮਦ ਅੱਬਾਸ ਸਤਨਿਕਜਈ ਦੇ ਮੁਡ਼ ਤੋਂ ਵਿਦੇਸ਼ ਮੰਤਰੀ ਬਣਨ ਦੀ ਸੰਭਾਵਨਾ ਹੈ।