Articles

ਉਲੰਪਿਕ ਇਤਿਹਾਸ ਦੇ ਉਮਰਦਰਾਜ਼ ਖ਼ਿਡਾਰੀ

ਲੇਖਕ: ਡਾ. ਬਲਜਿੰਦਰ ਸਿੰਘ, ਸਹਾਇਕ ਪ੍ਰੋਫੈਸਰ, ਜੀ. ਐਚ. ਜੀ ਖਾਲਸਾ ਕਾਲਜ, ਗੁਰੂਸਰ ਸੁਧਾਰ

ਕਹਿੰਦੇ ਨੇ ਉਮਰ ਮਹਿਜ਼ ਅੰਕੜਿਆ ਦੀ ਗਿਣਤੀ ਮਿਣਤੀ ਤੋਂ ਵੱਧ ਕੇ ਕੁਝ ਵੀ ਨਹੀਂ ਹੈ, ਜੋਕਿ ਸੋਲਾਂ ਆਨੇ ਸੱਚੀ ਗੱਲ ਹੈ। ਇਸ ਸਮਾਜ ਵਿੱਚ ਕਈ ਉਦਾਹਰਣਾਂ ਹਨ ਜੋ ਇਹ ਸਿੱਧ ਕਰਦੀਆਂ ਹਨ ਕਿ ਉਮਰਦਰਾਜ਼ ਹੋਣ ਦਾ ਸੰਬੰਧ ਸ਼ਰੀਰ ਨਾਲ ਨਹੀਂ ਬਲਕਿ ਤੁਹਾਡੀ ਆਪਣੀ ਮਾਨਸਿਕ ਅਵਸਥਾ ਨਾਲ ਹੈ। ਖੇਡਾਂ ਦੇ ਸਿਰਮੌਰ ਮਹਾਕੁੰਭ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਵੀ ਸਾਨੂੰ ਕਈ ਜੁਝਾਰੂ ਖਿਡਾਰੀਆਂ ਦੀਆਂ ਅਜਿਹੀਆਂ ਕਈ ਉਦਾਹਰਣਾਂ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ ਨੇ ਆਪਣੀ ਉਮਰ ਨੂੰ ਪਛਾੜਦਿਆਂ ਨਾ ਕੇਵਲ ਓਲਿੰਪਿਕ ਖੇਡਾਂ ਲਈ ਕੁਆਲੀਫ਼ਾਈ ਕੀਤਾ ਬਲਕਿ ਆਪਣੇ ਤਜ਼ਰਬੇ ਦੇ ਆਧਾਰ ਤੇ ਨੌਜਵਾਨਾਂ ਨੂੰ ਮਾਤ ਪਾ ਗੋਲਡ ਮੈਡਲ ਤੱਕ ਜਿੱਤੇ।

ਹੁਣੇ ਖ਼ਤਮ ਹੋਈਆਂ ਟੋਕੀਓ ਓਲੰਪਿਕਸ ਖੇਡਾਂ ਵਿੱਚ ਉਮਰ ਨੂੰ ਟਿੱਚਰਾਂ ਕਰਦਿਆਂ 58 ਸਾਲਾਂ ਕੁਵੈਤੀ ਅਬਦੁੱਲਾ ਅਲਰਾਸ਼ੀਦੀ ਨੇ ਸਕੀਟ ਸ਼ੂਟਿੰਗ ਵਿੱਚ ਕਾਂਸੇ ਦਾ ਤਮਗਾ ਆਪਣੇ ਨਾਂ ਕੀਤਾ। ਆਪਣੀ ਸੱਤਵੀਂ ਉਲੰਪਿਕ ਖੇਡਦਿਆਂ ਅਲਰਾਸ਼ੀਦੀ ਨੇ ਇਸ ਕਾਰਨਾਮੇ ਨੂੰ ਅੰਜਾਮ ਦਿੱਤਾ। ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ.ਓ.ਸੀ) ਵੱਲੋਂ ਕੁਵੈਤ ਉੱਪਰ ਕਿਸੇ ਮੈਗਾ-ਇਵੈਂਟ ਵਿੱਚ ਹਿੱਸਾ ਲੈਣ ‘ਤੇ ਪਾਬੰਦੀ ਲਗਾਏ ਜਾਣ ਦੇ ਬਾਵਜੂਦ ਓਸਨੇ ਆਪਣੀ ਮਾਨਸਿਕ ਸਥਿਤੀ ਮਜ਼ਬੂਤ ਕਰਦਿਆਂ ਇੱਕ ਸੁਤੰਤਰ ਅਥਲੀਟ ਦੇ ਰੂਪ ਵਿੱਚ ਟੋਕੀਓ ਓਲੰਪਿਕ ਖੇਡਾਂ ਵਿਖ਼ੇ ਹਿੱਸਾ ਲਿਆ ਅਤੇ ਤਮਗਾ ਜਿੱਤਿਆ । ਓਹ 2016 ਦੀਆਂ ਰੀਓ ਉਲੰਪਿਕ ਖੇਡਾਂ ਵਿੱਚ ਵੀ ਕਾਂਸੀ ਦਾ ਤਮਗਾ ਆਪਣੇ ਨਾਂ ਕਰ ਚੁਕਿਆ ਹੈ।

ਟੋਕੀਓ ਵਿਖੇ ਸਭ ਤੋਂ ਵੱਧ ਉਮਰਦਰਾਜ਼ ਮਹਿਲਾ ਓਲੰਪਿਕ ਚੈਂਪੀਅਨ ਬਣਨ ਦਾ ਮਾਣ ਜਰਮਨ ਘੋੜਸਵਾਰ ਡੋਰੋਥੀ ਸਨਾਈਡਰ ਨੇ ਹਾਸਿਲ ਕੀਤਾ, ਜਿਸਨੇ 52 ਸਾਲ ਦੀ ਉਮਰ ਵਿੱਚ, ਆਪਣੇ ਸਾਥੀਆਂ ਜੈਸਿਕਾ ਵਾਨ ਬ੍ਰੇਡੋ-ਵਰੈਂਡਲ ਅਤੇ ਇਸਾਬੇਲ ਵਰਥ ਦੇ ਨਾਲ ਡਰੈਸਿੰਗ ਟੀਮ ਵਿੱਚ ਸੋਨ ਤਮਗਾ ਜਿੱਤਿਆ। ਜੇਕਰ ਟੋਕੀਓ ਖੇਡਾਂ ਵਿੱਚ ਹਿੱਸਾ ਲੈਣ ਵਾਲੀ ਸਭ ਤੋਂ ਬਜ਼ੁਰਗ ਮਹਿਲਾ ਅਥਲੀਟ ਦੀ ਗੱਲ ਕਰੀਏ ਤਾਂ ਓਹ 66 ਸਾਲਾ ਆਸਟਰੇਲੀਅਨ ਘੋੜਸਵਾਰ ਮੈਰੀ ਹੈਨਾ ਸੀ, ਜੋ ਛੇਵੀਂ ਵਾਰ ਓਲੰਪਿਕ ਖੇਡਾਂ ਵਿੱਚ ਆਪਣੇ ਦੇਸ਼ ਦੀ ਨੁਮਾਇੰਦਗੀ ਕਰ ਰਹੀ ਸੀ। ਇਸਦੇ ਨਾਲ ਹੈਨਾ ਓਲੰਪਿਕਸ ਇਤਿਹਾਸ ਦੀ ਦੂਜੀ ਸਭ ਤੋਂ ਵੱਡੀ ਉਮਰ ਦੀ ਮਹਿਲਾ ਓਲੰਪਿਅਨ ਬਣ ਗਈ ਹੈ।

ਜੇਕਰ ਆਧੁਨਿਕ ਓਲੰਪਿਕ ਇਤਿਹਾਸ ਦੀ ਗੱਲ ਕਰੀਏ ਤਾਂ ਹੁਣ ਤੱਕ ਦਾ ਸਭ ਤੋਂ ਬਜ਼ੁਰਗ ਓਲੰਪੀਅਨ ਸਵੀਡਨ ਦਾ ਆਸਕਰ ਗੋਮਰ ਸਵਾਹਨ ਰਿਹਾ ਹੈ। ਓਹ ਇੱਕ ਨਿਸ਼ਾਨੇਬਾਜ਼ ਸੀ ਜਿਸਨੇ ਤਿੰਨ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਅਤੇ ਤਿੰਨ ਸੋਨੇ ਸਮੇਤ ਛੇ ਮੈਡਲ ਜਿੱਤੇ। ਸਵਾਹਨ ਨੇ ਸਭ ਤੋਂ ਬਜ਼ੁਰਗ ਸੋਨ ਤਗਮਾ ਜਿੱਤਣ ਵਾਲਾ ਓਲੰਪੀਅਨ ਹੋਣ ਦਾ ਰਿਕਾਰਡ ਵੀ ਕਾਇਮ ਕੀਤਾ ਹੈ। ਉਸਨੇ 1908 ਲੰਦਨ ਓਲਿੰਪਿਕਸ ਵਿੱਚ ਦੋ ਸੋਨੇ ਦੇ ਤੇ ਇੱਕ ਕਾਂਸੇ ਦਾ ਤਮਗਾ ਜਿੱਤਿਆ।1912 ਸਟਾਕਹੋਮ ਉਲੰਪਿਕ ਖੇਡਾਂ ਵਿੱਚ ਉਸਨੇ ਆਪਣੇ ਦੇਸ਼ ਦੀ ਨੁਮਾਇੰਦਗੀ ਕਰਦਿਆਂ ਇੱਕ ਵਾਰ ਫਿਰ ਇੱਕ ਸੋਨੇ ਦਾ ਅਤੇ ਇੱਕ ਕਾਂਸੀ ਦਾ ਤਮਗਾ ਜਿੱਤਿਆ ਸੀ। ਇਸ ਸਵਿਡਿਸ਼ ਬਾਬੇ ਨੇ ਆਖ਼ਿਰਲੀ ਵਾਰ 1920 ਐਂਟਵਰਪ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਸੀ, ਜਿੱਥੇ ਉਸਨੇ ਚਾਂਦੀ ਦਾ ਤਮਗਾ ਆਪਣੇ ਨਾਂ ਕੀਤਾ। ਉਸ ਵੇਲੇ ਓਹਦੀ ਉਮਰ 72 ਸਾਲ, 281 ਦਿਨਾਂ ਦਾ ਸੀ। ਕਮਾਲ ਦੀ ਗੱਲ ਤਾਂ ਇਹ ਹੈ ਉਸਨੇ 1924 ਦੀਆਂ ਪੈਰਿਸ ਓਲੰਪਿਕਸ ਲਈ ਵੀ ਕੁਆਲੀਫਾਈ ਕੀਤਾ ਸੀ ਪਰ ਕਿਸੇ ਕਾਰਣ ਉਸਨੇ ਉਸ ਮੁਕਾਬਲੇ ਵਿੱਚ ਹਿੱਸਾ ਨਹੀਂ ਸੀ ਲਿਆ।

ਆਸਕਰ ਸਵਾਹਨ ਤੋਂ ਬਾਅਦ ਆਸਟਰੀਆ ਦੇ 72 ਸਾਲਾ ਆਰਥਰ ਵਾਨ ਪੋਂਗਰਾਕਜ਼ ਨੇ ਵੀ 1936 ਦੀ ਬਰਲੀਨ ਓਲੰਪਿਕ੍ਸ ਦੌਰਾਨ ਘੋੜਸਵਾਰੀ ਵਿੱਚ ਮੁਕਾਬਲਾ ਕੀਤਾ ਸੀ, ਜੋ ਓਲੰਪਿਕਸ ਇਤਿਹਾਸ ਵਿੱਚ ਘੋੜਸਵਰੀ ਦੇ ਸਭ ਤੋਂ ਉਮਰਦਰਾਜ਼ ਪ੍ਰਤੀਯੋਗੀ ਬਣ ਗਿਆ। ਜਿਸ ਵੇਲੇ ਆਰਥਰ ਵਾਨ ਪੋਂਗਰਾਕਸ  ਨੇ ਅਗਸਤ, 1936 ਨੂੰ ਘੋੜਸਵਾਰੀ ਦਾ ਮੁਕਾਬਲਾ ਕੀਤਾ ਸੀ, ਓਸ ਵੇਲੇ ਓਹ 72 ਸਾਲ ਅਤੇ 49 ਦਿਨ ਦੇ ਸਨ।

71 ਸਾਲਾ ਜਾਪਾਨੀ ਘੋੜਸਵਾਰ ਹੀਰੋਸ਼ੀ ਹੋਕੇਤਸੂ ਨੇ 2012 ਲੰਦਨ ਓਲਿੰਪਿਕ੍ਸ ਵਿੱਚ ਮੁਕਾਬਲਾ ਕੀਤਾ ਸੀ। ਇਸ ਮੁਕਾਬਲੇ ਵਿੱਚ ਉਹ ਵਿਅਕਤੀਗਤ ਡਰੈਸੇਜ ਈਵੈਂਟ ਵਿੱਚ 40 ਵੇਂ ਸਥਾਨ ‘ਤੇ ਰਿਹਾ। ਹੋਕੇਤਸੂ ਨੇ ਪਹਿਲੀ ਵਾਰ 1964 ਟੋਕੀਓ ਓਲੰਪਿਕ ਵਿੱਚ ਹਿੱਸਾ ਲਿਆ ਸੀ। ਉਸਨੇ 1988 ਸਿਓਲ ਓਲਿੰਪਿਕ੍ਸ ਵਿੱਚ ਕੁਆਲੀਫਾਈ ਕੀਤਾ, ਪਰ ਮੁਕਾਬਲਾ ਨਹੀਂ ਸੀ ਕਰ ਸਕਿਆ ਕਿਉਂਕਿ ਉਸ ਦੇ ਘੋੜੇ ਨੂੰ ਕਿਸੇ ਕਾਰਣ ਓਸ ਵੇਲੇ ਕੁਆਰੇਨਟਾਈਨ ਕੀਤਾ ਗਿਆ ਸੀ। ਓਸ ਉਪਰੰਤ ਉਸਨੇ 2008 ਬੀਜਿੰਗ ਓਲਿੰਪਿਕ੍ਸ ਵਿੱਚ ਮੁਕਾਬਲਾ ਕੀਤਾ ਸੀ। ਹੀਰੋਸ਼ੀ ਹੋਕੇਤਸੂ ਨੇ ਇਸ ਵਾਰ ਦੀਆਂ ਟੋਕੀਓ ਓਲਿੰਪਿਕ੍ਸ 2020 ਲਈ ਵੀ ਆਪਣੀ ਦਾਅਵੇਦਾਰੀ ਪੇਸ਼ ਕਰਨੀ ਚਾਹੀ ਸੀ, ਪਰ ਬਦਕਿਸਮਤੀ ਨਾਲ ਓਹ ਸਫ਼ਲ ਨਹੀਂ ਸੀ ਹੋ ਸਕਿਆ, ਜੇ ਉਹ ਸਫਲ ਹੋ ਜਾਂਦਾ, ਤਾਂ ਓਹ ਆਪਣੀ ਉਮਰ ਦੇ 80ਵੇਂ ਸਾਲ ਵਿੱਚ ਸਵਾਹਨ ਨੂੰ ਪਛਾੜਕੇ ਸਭ ਤੋਂ ਵੱਧ ਉਮਰ ਦਾ ਓਲੰਪਿਕ ਅਥਲੀਟ ਬਣ ਜਾਂਦਾ।

ਹੀਰੋਸ਼ੀ ਹੋਕੇਤਸੂ ਤੋਂ ਬਾਅਦ ਸਭ ਤੋਂ ਵੱਧ ਉਮਰ ਦੇ ਘੁੜਸਵਾਰਾਂ ਵਿੱਚ ਫਰਾਂਸ ਦੇ ਲੂਈਸ, ਕਾਉਂਟ ਡੂ ਡੂਏਟ ਡੀ ਗ੍ਰੇਵਿਲ ਦਾ ਨਾਂ ਆਉਂਦਾ ਹੈ, ਜਿਸ ਦੀ ਉਮਰ 69 ਸਾਲ, 95 ਦਿਨ ਸੀ। ਉਸਨੇ 1900 ਪੈਰਿਸ ਓਲੰਪਿਕਸ ਵਿੱਚ ਘੋੜਸਵਾਰੀ ਵਿੱਚ ਫਰਾਂਸ ਦੀ ਅਗਵਾਈ ਕੀਤੀ ਸੀ। ਉਹ 27 ਫਰਵਰੀ, 1831 ਨੂੰ ਪੈਦਾ ਹੋਇਆ ਸੀ, ਅਤੇ 2 ਜੂਨ, 1900 ਨੂੰ ਮੁਕਾਬਲਾ ਕੀਤਾ ਸੀ।

ਸਭ ਤੋਂ ਬਜ਼ੁਰਗ ਪੁਰਸ਼ ਗੋਲਡ ਮੈਡਲਿਸਟ:

ਆਸਕਰ ਸਵਾਹਨ ਨੇ 1912 ਦੀਆਂ ਓਲੰਪਿਕਸ ਵਿੱਚ ਨਿਸ਼ਾਨੇਬਾਜ਼ੀ ਲਈ ਆਪਣਾ ਪਹਿਲਾ ਸੋਨੇ ਦਾ ਤਗਮਾ ਜਿੱਤਿਆ, ਜਦੋਂ ਉਹ 64 ਸਾਲ ਅਤੇ 280 ਦਿਨਾਂ ਦਾ ਸੀ। ਆਪਣੀ ਜਿੱਤ ਦੇ ਸਮੇਂ, ਸਵਾਹਨ ਗੈਲਨ ਸਪੈਂਸਰ ਨਾਲੋਂ 9 ਮਹੀਨੇ ਵੱਡਾ ਸੀ ਜਿਸਨੇ 1904 ਵਿੱਚ ਆਪਣਾ ਸੋਨ ਤਗਮਾ ਜਿੱਤਿਆ ਸੀ। ਅਮਰੀਕਾ ਦੇ ਤੀਰਅੰਦਾਜ ਗੈਲਨ ਕਾਰਟਰ ਸਪੈਂਸਰ ਨੇ 1904 ਦੀਆਂ ਸੈਂਟ ਲੂਈਸ ਓਲੰਪਿਕਸ ਵਿਖ਼ੇ ਤੀਰਅੰਦਾਜ਼ੀ ਦੇ ਟੀਮ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ ਸੀ। ਉਹ 19 ਸਤੰਬਰ,1840 ਨੂੰ ਪੈਦਾ ਹੋਇਆ ਸੀ, ਅਤੇ 19 ਸਤੰਬਰ, 1904 ਨੂੰ ਮੁਕਾਬਲਾ ਕੀਤਾ, ਜਿਸਦਾ ਅਰਥ ਹੈ ਕਿ ਉਸਨੇ ਆਪਣੇ 64 ਵੇਂ ਜਨਮਦਿਨ ‘ਤੇ ਮੁਕਾਬਲਾ ਕੀਤਾ ਸੀ।

ਜੈਰੀ ਮਿਲਨਰ 5 ਜੁਲਾਈ, 1847 ਨੂੰ ਪੈਦਾ ਹੋਇਆ ਇੱਕ ਬ੍ਰਿਟਿਸ਼ ਨਿਸ਼ਾਨੇਬਾਜ਼ ਸੀ, ਜਿਸਨੇ 1908 ਲੰਦਨ ਓਲੰਪਿਕਸ ਵਿੱਚ ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਪ੍ਰਤੀਨਿਧਤਾ ਕੀਤੀ ਸੀ। ਉਸਨੇ 1000 ਗਜ਼ ਦੀ ਦੂਰੀ ਦੀ ਫ੍ਰੀ ਰਾਈਫਲ ਸ੍ਰੇਣੀ ਵਿੱਚ ਸੋਨ ਤਗਮਾ ਜਿੱਤਿਆ ਸੀ। ਉਸ ਸਮੇਂ ਉਹ 61 ਸਾਲ ਅਤੇ 4 ਦਿਨ ਦਾ ਸੀ।

ਸਭ ਤੋਂ ਬਜ਼ੁਰਗ ਮਹਿਲਾ ਪ੍ਰਤੀਯੋਗੀ:

ਓਲੰਪਿਕ ਵਿੱਚ ਹਿੱਸਾ ਲੈਣ ਵਾਲੀ ਸਭ ਤੋਂ ਬਜ਼ੁਰਗ ਔਰਤ ਗ੍ਰੇਟ ਬ੍ਰਿਟੇਨ ਦੀ ਰਾਈਡਰ ਲੋਰਨਾ ਜੌਹਨਸਟੋਨ ਸੀ, ਜਿਸਨੇ 70 ਸਾਲ ਅਤੇ 5 ਦਿਨਾਂ ਦੀ ਉਮਰ ਵਿੱਚ 1972 ਦੀਆਂ ਮਿਊਨਿਖ ਓਲੰਪਿਕ ਖੇਡਾਂ ਵਿਖ਼ੇ ਘੋੜਸਵਾਰੀ ਵਿੱਚ ਹਿੱਸਾ ਲਿਆ ਸੀ।

ਸਭ ਤੋਂ ਬਜ਼ੁਰਗ ਮਹਿਲਾ ਗੋਲਡ ਮੈਡਲਿਸਟ:

ਅਮਰੀਕਾ ਦੀ ਲੀਡਾ ਪੇਟਨ “ਐਲਿਜ਼ਾ” ਪੋਲੌਕ ਨੇ 1904 ਦੀਆਂ ਓਲੰਪਿਕ ਖੇਡਾਂ ਦੇ ਤੀਰਅੰਦਾਜ਼ੀ ਮੁਕਾਬਲੇ ਵਿੱਚ ਹਿੱਸਾ ਲੈਂਦਿਆ  ਮਹਿਲਾ ਟੀਮ ਮੁਕਾਬਲੇ ਸੋਨੇ ਦਾ ਤਗਮਾ ਜਿੱਤਿਆ। ਉਹ 63 ਸਾਲ 333 ਦਿਨ ਦੀ ਸੀ ਜਦੋਂ ਉਸਨੇ ਸੋਨਾ ਜਿੱਤਿਆ। ਉਸਨੇ ਇਸੇ ਉਲੰਪਿਕਸ ਵਿੱਚ ਮਹਿਲਾ ਡਬਲ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਵੀ ਆਪਣੇ ਨਾਂ ਕੀਤਾ ਸੀ। ਜੇਕਰ ਕਿਸੇ ਵਿਅਕਤੀਗਤ ਈਵੈਂਟ ਵਿੱਚ ਓਲੰਪਿਕ ਸੋਨ ਤਮਗਾ ਜਿੱਤਣ ਵਾਲੀ ਮਹਿਲਾ ਦੀ ਗੱਲ ਕਰੀਏ ਤਾਂ ਹੁਣ ਤੱਕ ਦੀ ਸਭ ਤੋਂ ਬਜ਼ੁਰਗ ਔਰਤ ਬ੍ਰਿਟਿਸ਼ ਤੀਰਅੰਦਾਜ਼ੀ ਵਿਜੇਤਾ ਸਿਬਿਲ “ਕੁਈਨੀ” ਨਿਵਾਲ ਸੀ, ਜਿਸਨੇ 1908 ਲੰਦਨ ਓਲੰਪਿਕ੍ਸ ਵਿੱਚ 53 ਸਾਲ, 275 ਦਿਨਾਂ ਦੀ ਉਮਰ ਵਿੱਚ ਸੋਨ ਤਮਗਾ ਜਿੱਤਿਆ ਸੀ।

ਇਹਨਾਂ ਉਮਰਦਰਾਜ਼ ਅਥਲੀਟਾਂ ਦੀ ਸ਼ਿੱਦਤ ਨੂੰ ਦੇਖਦੇ ਹੋਏ ਸ਼ਾਇਦ ਫ਼ਿਜੀਕਲ ਐਜੁਕੇਸ਼ਨ ਕਾਲਜ ਪਟਿਆਲਾ ਦੇ ਜੁਡੋ ਚੈਮੰਪੀਅਨ ਅਤੇ ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ ਨੇ ਇਹ ਗਾਣਾ ਗਾਇਆ ਹੋਵੇ ‘ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ‘ਚ ਕੀ ਰੱਖਿਆ’ !

Related posts

ਪ੍ਰਧਾਨ ਮੰਤਰੀ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਨਾਲ ਗੱਲ ਕਰਕੇ ਤਣਾਅ ਘਟਾਉਣ ਦੀ ਅਪੀਲ !

admin

ਅੱਜ ਤੱਕ ਕੁੱਲ 54,422 ਸੂਬੇ ਦੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ: ਮੁੱਖ-ਮੰਤਰੀ ਮਾਨ

admin

ਕੀ ਈਰਾਨ ਵਿੱਚ ਸ਼ਾਸਨ ਬਦਲਣ ਨਾਲ ਸਥਿਤੀ ਸੁਧਰ ਜਾਵੇਗੀ: ਡਾ. ਫਾਰੂਕ ਅਬਦੁੱਲਾ

admin