ਮੁਰਾਦਾਬਾਦ – ਇਕ ਮਹੀਨੇ ਪਹਿਲੇ ਪ੍ਰੇਮੀ ਨਾਲ ਕੋਰਟ ਵਿਚ ਵਿਆਹ ਕਰ ਕੇ ਵਾਪਸ ਘਰ ਪਰਤਣ ’ਤੇ ਭਰਾਵਾਂ ਨੇ ਭੈਣ ਦੇ ਘਰ ਵਿਚ ਦਾਖ਼ਲ ਹੋ ਕੇ ਉਸਦੇ ਹੱਥ-ਪੈਰ ਤੋੜ ਦਿੱਤੇ ਸਨ। ਇਸ ਮਾਮਲੇ ਵਿਚ ਦੋਸ਼ੀ ਪਿਤਾ ਤੇ ਤਿੰਨ ਭਰਾਵਾਂ ਖ਼ਿਲਾਫ਼ ਪੁਲਿਸ ਨੇ ਮੁਕੱਦਮਾ ਦਰਜ ਕਰ ਕੇ ਦੋ ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਸੀ, ਪਰ ਹੁਣ ਜ਼ਖ਼ਮੀ ਪੀੜਤਾ ਨੇ ਐੱਸਐੱਸਪੀ ਨੂੰ ਸ਼ਿਕਾਇਤੀ ਪੱਤਰ ਦੇ ਕੇ ਦੋਸ਼ ਲਗਾਇਆ ਹੈ ਕਿ ਪੁਲਿਸ ਮਾਮਲੇ ਨੂੰ ਘਟਾ ਕੇ ਦੋਸ਼ੀਆਂ ਨੂੰ ਬਚਾਉਣ ਵਿਚ ਲੱਗੀ ਹੈ। ਐੱਸਐੱਸਪੀ ਬਬਲੂ ਕੁਮਾਰ ਨੇ ਨਿਰਪੱਖ ਕਾਰਵਾਈ ਦਾ ਭਰੋਸਾ ਪੀੜਤਾ ਨੂੰ ਦਿੱਤਾ ਹੈ।
ਮੂੜਾਪਾਂੜੇ ਦੇ ਗਣੇਸ਼ ਘਾਟ ਪਿੰਡ ਨਿਵਾਸੀ ਅਰਚਨਾ ਨੇ ਪਰਿਵਾਰ ਨਾਲ ਵਿਰੋਧ ਕਰ ਕੇ ਗੁਆਂਢ ਵਿਚ ਰਹਿਣ ਵਾਲੇ ਸੁਨੀਲ ਨਾਲ ਪ੍ਰੇਮ ਵਿਆਹ ਕਰ ਲਿਆ ਸੀ। ਉਨ੍ਹਾਂ ਨੇ ਕਰੀਬ ਛੇ ਮਹੀਨੇ ਪਹਿਲਾਂ ਰਾਮਪੁਰ ਵਿਚ ਜਾ ਕੇ ਵਿਆਹ ਕਰਨ ਤੋਂ ਬਾਅਦ ਕੋਰਟ ਮੈਰਿਜ ਵੀ ਕੀਤੀ ਸੀ। ਇਸ ਤੋਂ ਬਾਅਦ ਪਰਿਵਾਰ ਦੇ ਵਿਰੋਧ ਤੋਂ ਬਚਣ ਲਈ ਉੱਤਰਾਖੰਡ ਦੇ ਕਾਸ਼ੀਪੁਰ ਰਹਿਣ ਲੱਗੇ ਸਨ। ਕੁਝ ਮਹੀਨੇ ਉੱਥੇ ਰਹਿਣ ਤੋਂ ਬਾਅਦ 18 ਜੁਲਾਈ ਨੂੰ ਦੋਵੇਂ ਸੁਨੀਲ ਤੇ ਅਰਚਨਾ ਪਿੰਡ ਵਾਪਿਸ ਆਏ ਸਨ। ਜਦੋਂ ਇਸ ਮਾਮਲੇ ਦੀ ਜਾਣਕਾਰੀ ਅਰਚਨਾ ਦੇ ਭਰਾ ਪ੍ਰਦੀਪ, ਸੰਜੇ, ਰਾਜਕੁਮਾਰ ਤੇ ਸੋਨੂੰ ਨੂੰ ਮਿਲੀ ਤਾਂ ਉਨ੍ਹਾਂ ਨੇ ਘਰ ਵਿਚ ਦਾਖਲ ਹੋ ਕੇ ਹਮਲਾ ਬੋਲ ਦਿੱਤਾ ਸੀ। ਇਸ ਹਮਲੇ ਵਿਚ ਭਰਾਵਾਂ ਨੇ ਭੈਣ ਦਾ ਇਕ ਹੱਥ ਤੇ ਦੋਵੇਂ ਪੈਰ ਤੋੜ ਦਿੱਤੇ ਸਨ।