ਮੁੰਬਈ – ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮਹਾਰਾਸ਼ਟਰ ਦੀਆਂ ਅਸੈਂਬਲੀ ਚੋਣਾਂ ਲਈ ਅੱਜ ਮਹਾ ਵਿਕਾਸ ਅਗਾੜੀ (ਐੱਮ.ਵੀ.ਏ.) ਗੱਠਜੋੜ ਦਾ ਸਾਂਝਾ ਮੈਨੀਫੈਸਟੋ ਜਾਰੀ ਕੀਤਾ ਹੈ। ਮੈਨੀਫੈਸਟੋ ਵਿਚ 9 ਤੋਂ 16 ਸਾਲ ਦੀਆਂ ਲੜਕੀਆਂ ਨੂੰ ਸਰਵਾਈਕਲ ਕੈਂਸਰ ਦੀ ਮੁਫ਼ਤ ਵੈਕਸੀਨ ਅਤੇ ਮਹਾਵਾਰੀ ਦੌਰਾਨ ਮਹਿਲਾ ਮੁਲਾਜ਼ਮਾਂ ਨੂੰ ਦੋ ਚੋਣਵੀਆਂ ਛੁਟੀਆਂ ਦੇਣ ਦੇ ਵਾਅਦੇ ਕੀਤੇ ਗਏ ਹਨ। ‘ਮਹਾਰਾਸ਼ਟਰਨਾਮਾ’ ਸਿਰਲੇਖ ਵਾਲੇ ਮੈਨੀਫੈਸਟੋ ਵਿਚ ਜਾਤੀ ਜਨਗਣਨਾ, ਸਵੈ-ਸਹਾਇਤਾ ਸਮੂਹਾਂ ਨੂੰ ਵਧੇਰੇ ਸ਼ਕਤੀਸ਼ਾਲੀ ਬਣਾਉਣ ਲਈ ਵੱਖਰਾ ਵਿਭਾਗ ਸਥਾਪਿਤ ਕਰਨ, ਬਾਲ ਭਲਾਈ ਲਈ ਵਿਸ਼ੇਸ਼ ਮੰਤਰਾਲਾ ਬਣਾਉਣ ਅਤੇ ਮਹਿਲਾਵਾਂ ਨੂੰ ਸਾਲਾਨਾ 500 ਰੁਪਏ ਵਿਚ ਛੇ ਕੁਕਿੰਗ ਗੈਸ ਸਿਲੰਡਰ ਦੇਣ ਦੇ ਵਾਅਦੇ ਵੀ ਸ਼ਾਮਲ ਹਨ। ਮੈਨੀਫੈਸਟੋ ਵਿਚ ‘ਨਿਰਭੈ ਮਹਾਰਾਸ਼ਟਰ’ ਪਾਲਿਸੀ ਬਣਾਉਣ ਦਾ ਵਾਅਦਾ ਵੀ ਕੀਤਾ ਗਿਆ ਹੈ। ਮੈਨੀਫੈਸਟੋ ਰਿਲੀਜ਼ ਕਰਨ ਮੌਕੇ ਖੜਗੇ ਦੇ ਨਾਲ ਐੱਨ.ਸੀ.ਪੀ. (ਐੱਸ.ਪੀ.) ਦੀ ਕਾਰਜਕਾਰੀ ਪ੍ਰਧਾਨ ਸੁਪ੍ਰਿਆ ਸੂਲੇ ਤੇ ਸ਼ਿਵ ਸੈਨਾ (ਯੂ.ਬੀ.ਟੀ.) ਦੇ ਸੰਸਦ ਮੈਂਬਰ ਸੰਜੈ ਰਾਊਤ ਵੀ ਮੌਜੂਦ ਸਨ।