ਇਸਲਾਮਾਬਾਦ – ਕਸ਼ਮੀਰ ਬਾਰੇ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਭਾਰਤ ਦੇ ਵਾਰ-ਵਾਰ ਸਮਝਾਉਣ ਤੇ ਸੱਚ ਦਾ ਸਾਹਮਣਾ ਕਰਵਾਉਣ ਦੇ ਬਾਵਜੂਦ ਉਹ ਕੌਮਾਂਤਰੀ ਮੰਚਾਂ ’ਤੇ ਕਸ਼ਮੀਰ ਬਾਰੇ ਕੂੜ ਪ੍ਰਚਾਰ ’ਚ ਜੁਟਿਆ ਹੈ। ਮੰਗਲਵਾਰ ਤੋਂ ਸ਼ੁਰੂ ਹੋਈ ਦੋ ਦਿਨਾ ਇਸਲਾਮੀ ਸਹਿਯੋਗ ਸੰਗਠਨ (ਓਆਈਸੀ) ਦੀ ਬੈਠਕ ’ਚ ਵੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਸ਼ਮੀਰ ਦਾ ਰਾਗ ਅਲਾਪਿਆ ਤੇ ਕਿਹਾ ਕਿ 57 ਮੈਂਬਰੀ ਸਮੂਹ ਏਕਤਾ ਨਾ ਹੋਣ ਕਾਰਨ ਅਸੀਂ ਕਸ਼ਮੀਰ ’ਤੇ ਕੁਝ ਨਹੀਂ ਕਰ ਸਕੇ।
ਇਮਰਾਨ ਨੇ ਇਹ ਮੁੱਦਾ ਅਜਿਹੇ ਸਮੇਂ ਉਠਾਇਆ ਹੈ, ਜਦੋਂ ਪ੍ਰਧਾਨ ਮੰਤਰੀ ਦੇ ਤੌਰ ’ਤੇ ਖ਼ੁਦ ਉਨ੍ਹਾਂ ਦੀ ਕੁਰਸੀ ਦਾਅ ’ਤੇ ਲੱਗੀ ਹੈ। ਉਨ੍ਹਾਂ ਖ਼ਿਲਾਫ਼ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ’ਤੇ 25 ਮਾਰਚ ਨੂੰ ਵੋਟਿੰਗ ਹੋਣੀ ਹੈ ਤੇ ਅਜੇ ਜਿਹੜੇ ਹਾਲਾਤ ਬਣ ਰਹੇ ਹਨ, ਉਸ ’ਚ ਉਨ੍ਹਾਂ ਦਾ ਜਾਣਾ ਕਰੀਬ-ਕਰੀਬ ਤੈਅ ਹੈ।
ਇੱਥੇ ਸੰਸਦ ਭਵਨ ’ਚ ਓਆਈਸੀ ਦੇ ਵਿਦੇਸ਼ ਮੰਤਰੀਆਂ ਦੀ 48ਵੀਂ ਪ੍ਰੀਸ਼ਦ ’ਚ ਉਦਘਾਟਨ ਭਾਸ਼ਣ ’ਚ ਖ਼ਾਨ ਨੇ ਕਿਹਾ ਕਿ ਅਸੀਂ ਕਸ਼ਮੀਰ ਤੇ ਫਲਸਤੀਨ ਦੋਵਾਂ ਥਾਵਾਂ ਦੇ ਲੋਕਾਂ ਦੀ ਮਦਦ ਕਰਨ ’ਚ ਨਾਕਾਮ ਰਹੇ। ਅਸੀਂ 1.5 ਅਰਬ ਹਾਂ, ਪਰ ਵੰਡੇ ਹੋਏ ਹਾਂ ਤੇ ਉਹ (ਭਾਰਤ ਤੇ ਇਜ਼ਰਾਈਲ) ਇਹ ਜਾਣਦੇ ਹਨ। ਉਹ ਸਾਨੂੰ ਗੰਭੀਰਤਾ ਨਾਲ ਨਹੀਂ ਲੈਂਦੇ।
ਭਾਰਤ ਕਸ਼ਮੀਰ ਬਾਰੇ ਪਾਕਿਸਤਾਨ ਨੂੰ ਆਪਣਾ ਕੂੜ ਪ੍ਰਚਾਰ ਬੰਦ ਕਰਨ ਲਈ ਕਈ ਵਾਰ ਕਹਿ ਚੁੱਕਿਆ ਹੈ। ਭਾਰਤ ਦਾ ਸਾਫ ਕਹਿਣਾ ਹੈ ਕਿ ਕਸ਼ਮੀਰ ਉਸਦਾ ਅਣਿੱਖੜਵਾਂ ਅੰਗ ਸੀ, ਤੇ ਰਹੇਗਾ। ਧਾਰਾ 370 ਖ਼ਤਮ ਕਰਨ ਦਾ ਮੁੱਦਾ ਵੀ ਪਾਕਿਸਤਾਨ ਵੱਲੋਂ ਚੁੱਕੇ ਜਾਣ ’ਤੇ ਭਾਰਤ ਨੇ ਕੌਮਾਂਤਰੀ ਭਾਈਚਾਰੇ ਨੂੰ ਸਾਫ਼ ਕਿਹਾ ਸੀ ਕਿ ਇਹ ਉਸ ਦਾ ਅੰਦਰੂਨੀ ਮੁੱਦਾ ਹੈ ਤੇ ਕਿਸੇ ਦੂਜੇ ਦੇਸ਼ ਨੂੰ ਇਸ ’ਤੇ ਬੋਲਣ ਦਾ ਅਧਿਕਾਰ ਨਹੀਂ ਹੈ।
ਓਆਈਸੀ ਦੀ ਬੈਠਕ ’ਚ ਖਾਨ ਨੇ ਇਕ ਵਾਰ ਫਿਰ ਧਾਰਾ 370 ਦਾ ਮੁੱਦਾ ਉਠਾਇਆ ਤੇ ਕਿਹਾ ਕਿ ਇਸ ’ਤੇ ਕੁਝ ਵੀ ਨਹੀਂ ਹੋਇਆ ਕਿਉਂਕਿ ਭਾਰਤ ’ਤੇ ਕੋਈ ਦਬਾਅ ਨਹੀਂ ਪਿਆ। ਖਾਨ ਨੇ ਕਿਹਾ ਕਿ ਉਹ ਇਹ ਨਹੀਂ ਕਹਿ ਰਹੇ ਕਿ ਮੁਸਲਿਮ ਦੇਸ਼ ਆਪਣੀ ਵਿਦੇਸ਼ ਨੀਤੀ ਬਦਲ ਦੇਣ, ਪਰ ਜਦੋਂ ਤੱਕ ਅਸੀਂ ਇਕ ਨਹੀਂ ਹੋਵਾਂਗੇ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਰਹਿਣਗੀਆਂ। ਇਸ ਤੋਂ ਪਹਿਲਾਂ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਬੈਠਕ ’ਚ ਕਸ਼ਮੀਰ ਦਾ ਰਾਗ ਅਲਾਪਿਆ ਸੀ।
ਫਲਸਤੀਨ ਤੇ ਕਸ਼ਮੀਰ ਦਾ ਰਾਗ ਅਲਾਪਣ ਵਾਲੇ ਖਾਨ ਨੇ ਚੀਨ ਵੱਲੋਂ ਕੀਤੇ ਜਾ ਰਹੇ ਉਈਗਰ ਮੁਸਲਮਾਨਾਂ ’ਤੇ ਤਸ਼ੱਦਦ ਦਾ ਜ਼ਿਕਰ ਨਹੀਂ ਕੀਤਾ। ਬੈਠਕ ’ਚ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵੀ ਮੌਜੂਦ ਸਨ।
ਪਾਕਿਸਤਾਨੀ ਪੀਐੱਮ ਨੇ ਕਿਹਾ ਕਿ ਉਹ ਪੱਛਮੀ ਦੇਸ਼ਾਂ ’ਚ ਰਹਿ ਰਹੇ ਹਨ ਤੇ ਉਨ੍ਹਾਂ ਦੀ ਸਭਿਅਤਾ ਬਾਰੇ ਦੂਜੇ ਤੋਂ ਵੱਧ ਜਾਣਦੇ ਹਨ। ਅਮਰੀਕਾ ’ਚ 9/11 ਅੱਤਵਾਦੀ ਹਮਲੇ ਤੋਂ ਬਾਅਦ ਇਸਲਾਮੋਫੋਬੀਆ ਦੀ ਜਿਹੜੀ ਧਾਰਨਾ ਪੂਰਨੀ ਦੁਨੀਆ ’ਚ ਬਣੀ ਹੈ ਉਸ ਲਈ ਮੁਸਲਿਮ ਦੇਸ਼ ਹੀ ਜ਼ਿੰਮੇਵਾਰ ਹਨ। ਇਸ ਨੂੰ ਦੂਰ ਕਰਨ ਲਈ ਉਨ੍ਹਾਂ ਨੇ ਕੁਝ ਨਹੀਂ ਕੀਤਾ, ਬੇਸ਼ੱਕ ਅੱਤਵਾਦ ਨਾਲ ਇਸਲਾਮ ਦੀ ਤੁਲਨਾ ਕਿਵੇਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪੱਛਮੀ ਦੇਸ਼ ਜਦੋਂ ਇਸਲਾਮ ਦੀ ਤੁਲਨਾ ਅੱਤਵਾਦ ਨਾਲ ਕਰਦੇ ਹਨ ਤਾਂ ਉਹ ਉਦਾਰ ਤੇ ਕੱਟੜ ਮੁਸਲਮਾਨਾਂ ’ਚ ਫ਼ਰਕ ਕਿਵੇਂ ਕਰ ਸਕਦੇ ਹਨ। ਇਸ ਧਾਰਨਾ ਕਾਰਨ ਨਿਊਜ਼ੀਲੈਂਡ ’ਚ ਇਕ ਵਿਅਕਤੀ ਮਸਜਿਦ ’ਚ ਵੜ ਜਾਂਦਾ ਹੈ ਤੇ ਜੋ ਸਾਹਮਣੇ ਆਉਂਦਾ ਹੈ ਉਸ ਨੂੰ ਮਾਰ ਦਿੰਦਾ ਹੈ। ਖਾਨ ਨੇ ਕਿਹਾ ਕਿ ਇਸਲਾਮ ਇਕ ਹੈ। ਕੋਈ ਉਦਾਰ ਤੇ ਕੱਟੜ ਇਸਲਾਮ ਨਹੀਂ ਹੈ।