ਓਟਾਵਾ – ਕੈਨੇਡਾ ‘ਚ ਕੋਰੋਨਾ ਵੈਕਸੀਨ ਨੂੰ ਲਾਜ਼ਮੀ ਕੀਤੇ ਖ਼ਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਹਜ਼ਾਰਾਂ ਟਰੱਕ ਡਰਾਈਵਰ ਪ੍ਰਦਰਸ਼ਨ ਕਰ ਰਹੇ ਹਨ, ਜਿਸ ਨਾਲਰਾਜਧਾਨੀ ਓਟਾਵਾ ਦੇ ਕਈ ਇਲਾਕੇ ਜਾਮ ਹਨ। ਅਜਿਹੇ ਹਾਲਾਤਾਂ ਨੂੰ ਵੇਖਦੇਹੋਏ ਕੈਨੇਡਾ ਦੀ ਰਾਜਧਾਨੀ ਓਟਾਵਾ ਦੇ ਮੇਅਰ ਜਿਮ ਵਾਟਸਨ ਨੇ ਐਤਵਾਰ ਨੂੰ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ। ਔਟਵਾ ਵਿਚ ਐਮਰਜੰਸੀ ਦਾ ਐਲਾਨ ਕਰਦਿਆਂ ਟਰੱਕ ਡਰਾਈਵਰਾਂ ਵੱਲੋਂ ਇਕੱਠਾ ਕੀਤਾ 3200 ਲਿਟਰ ਬਾਲਣ ਜ਼ਬਤ ਕਰ ਲਿਆ ਗਿਆ ਹੈ। ਦਰਜਨਾਂ ਹਥਿਆਰਬੰਦ ਪੁਲਿਸ ਮੁਲਾਜ਼ਮਾਂ ਨੇ ਅੰਦੋਲਨ ਵਾਲੀ ਥਾਂ ‘ਤੇ ਗਸ਼ਤ ਸ਼ੁਰੂ ਕਰ ਦਿਤੀ ਹੈ ਅਤੇ ਹੁਣ ਟਰੱਕ ਡਰਾਈਵਰ ਹੋਰ ਗੈਸੋਲੀਨ ਜਾਂ ਪ੍ਰੋਪੇਨ ਵੀ ਨਹੀਂ ਲਿਆ ਸਕਣਗੇ।ਟਰੱਕਾਂ ਨੂੰ ਟੋਅ ਕਰ ਕੇ ਲਿਜਾਣ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ ਅਤੇ ਹੁਣ ਤੱਕ 7 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ।
ਕੈਨੇਡਾ ਨੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਸਾਡੇ ਘਰੇਲੂ ਮਾਮਲਿਆਂ ਵਿੱਚ ਦਖਲ ਨਾ ਦੇਵੇ। ਜਿਮ ਵਾਟਸਨ ਨੇ ਆਪਣੇ ਬਿਆਨ ‘ਚ ਕਿਹਾ ਕਿ ਇਸ ਤਰ੍ਹਾਂ ਦੇ ਚੱਲ ਰਹੇ ਪ੍ਰਦਰਸ਼ਨ ਲੋਕਾਂ ਦੀ ਸੁਰੱਖਿਆ ਲਈ ਗੰਭੀਰ ਖਤਰਾ ਹਨ ਅਤੇ ਇਸਦੇ ਲਈ ਅਦਾਲਤ ਅਤੇ ਸਰਕਾਰ ਦੇ ਸਹਿਯੋਗ ਦੀ ਲੋੜ ਹੈ। ਇਸ ਲਈ ਐਮਰਜੈਂਸੀ ਐਲਾਨ ਕੀਤੀ ਜਾ ਰਹੀ ਹੈ। ਕੈਨੇਡਾ ਵਿੱਚ ਇੱਕ ਸਾਬਕਾ ਅਮਰੀਕੀ ਰਾਜਦੂਤ ਨੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਕਿ ਇਸ ਦੇ ਸਮੂਹਾਂ ਨੂੰ ਗੁਆਂਢੀ ਦੇਸ਼ ਦੇ ਘਰੇਲੂ ਮਾਮਲਿਆਂ ਵਿੱਚ ਦਖਲ ਦੇਣਾ ਬੰਦ ਕਰਨਾ ਚਾਹੀਦਾ ਹੈ।
ਰੋਸ ਪ੍ਰਦਰਸ਼ਨ ਕਰ ਰਹੇ ਟਰੱਕਾਂ ਦਾ ਕਰੀਬ 70 ਕਿਲੋਮੀਟਰ ਲੰਬਾ ਕਾਫਲਾ ਤਿਆਰ ਕੀਤਾ ਗਿਆ ਹੈ ਜਿਸ ਨੂੰ ‘ਆਜ਼ਾਦੀ ਕਾਫਲਾ’ ਦਾ ਨਾਂ ਦਿੱਤਾ ਗਿਆ ਹੈ। ਇਹ ਲੋਕ ਸਰਹੱਦ ਪਾਰ ਟਰੱਕ ਡਰਾਈਵਰਾਂ ਲਈ ਕੈਨੇਡੀਅਨ ਵੈਕਸੀਨ ਨੂੰ ਲਾਜ਼ਮੀ ਬਣਾਉਣ ਦਾ ਵਿਰੋਧ ਕਰ ਰਹੇ ਹਨ। ਇਸ ਅੰਦੋਲਨ ਨੇ ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵਿਰੁੱਧ ਰੈਲੀ ਦਾ ਰੂਪ ਧਾਰਨ ਕਰ ਗਿਆ ਹੈ।
ਓਟਾਵਾ ਪੁਲਿਸ ਨੇ ਐਤਵਾਰ ਨੂੰ ਕੁਝ ਪ੍ਰਦਰਸ਼ਨਕਾਰੀਆਂ ਦੀ ਜਗ੍ਹਾ ਬਦਲ ਦਿੱਤੀ ਤੇ ਐਤਵਾਰ ਨੂੰ ਨਵੇਂ ਬੈਰੀਕੇਡਸ ਲਗਾ ਦਿੱਤੇ ਤੇ ਕਿਹਾ ਕਿ ਉਹ ਵਿੱਤੀ, ਡਿਜੀਟਲ, ਵਾਹਨ ਰਜਿਸਟ੍ਰੇਸ਼ਨ ਅਤੇ ਹੋਰ ਸਬੂਤ ਇਕੱਠਾ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਇਸਤੇਮਾਲ ਅਪਰਾਧਕ ਮੁਕੱਦਮਿਆਂ ਵਿੱਚ ਕੀਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸ਼ਹਿਰ ਦੇ ਵਿਚ ਰਸਤਿਆਂ ਨੂੰ ਜਾਮ ਕਰਨ ਵਾਲੇ ਸੈਂਕੜੇ ਟਰੱਕਾਂ ਵਿੱਚ ਈਂਧਨ ਭਰਨ ਲਈ, ਕਨਸਤਰ ਲਿਆਉਣ ਦੀ ਕੋਸ਼ਿਸ਼ ਕਰਨਵਾਲੇ ਲੋਕਾਂ ‘ਤੇ ਨਕੇਲ ਕੱਸੀ ਜਾਵੇਗੀ।
ਪ੍ਰਦਰਸ਼ਨਕਾਰੀਆਂ ਨੇ ਪਿਛਲੇ 9 ਦਿਨਾਂ ਤੋਂ ਓਟਾਵਾ ਸ਼ਹਿਰ ਨੂੰ ਬੰਦ ਕੀਤਾ ਹੋਇਆ ਹੈ। ਕੁਝ ਪ੍ਰਦਰਸ਼ਨਕਾਰੀਆਂ ਨੇ ਨਾਜ਼ੀ ਝੰਡੇ ਲਹਿਰਾਏ ਅਤੇ ਕੁਝ ਨੇ ਕਿਹਾ ਕਿ ਉਹ ਕੈਨੇਡੀਅਨ ਸਰਕਾਰ ਦਾ ਤਖਤਾ ਪਲਟਣਾ ਚਾਹੁੰਦੇ ਹਨ। ਕਾਫਲੇ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਵੈਕਸੀਨ ਦਾ ਹੁਕਮ ਪੂਰਾ ਨਹੀਂ ਹੋ ਜਾਂਦਾ, ਉਹ ਉਦੋਂ ਤੱਕ ਨਹੀਂ ਹਟਣਗੇ।
ਟਰੂਡੋ ਨੇ ਵਿਰੋਧ ਪ੍ਰਦਰਸ਼ਨਾਂ ‘ਤੇ ਫੌਜ ਦੀ ਵਰਤੋਂ ਤੋਂ ਇਨਕਾਰ ਕੀਤਾ ਹੈ। ਸੁਰੱਖਿਆ ਕਾਰਨਾਂ ਕਰਕੇ ਟਰੂਡੋ ਅਤੇ ਉਨ੍ਹਾਂ ਦਾ ਪਰਿਵਾਰ ਪਿਛਲੇ ਹਫਤੇ ਦੇ ਅਖ਼ੀਰ ਵਿੱਚ ਆਪਣੇ ਘਰੋਂ ਕਿਤੇ ਹੋਰ ਸਥਾਨ ‘ਤੇ ਚਲੇ ਗਏ ਹਨ ਅਤੇ ਹੁਣ ਉਹ ਕਿੱਥੇ ਹਨ, ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।