India

ਓਮੀਕ੍ਰੋਨ ’ਤੇ ਤਿਆਰੀਆਂ ਨੂੰ ਢਿੱਲਾ ਨਹੀਂ ਛੱਡਣਾ ਚਾਹੁੰਦਾ ਕੇਂਦਰ

ਨਵੀਂ ਦਿੱਲੀ – ਓਮੀਕ੍ਰੋਨ ਵੇਰੀਐਂਟ ਦੇ ਖ਼ਤਰੇ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਇਸ ਨਾਲ ਨਜਿੱਠਣ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਢਿੱਲਾ ਨਹੀਂ ਛੱਡਣਾ ਚਾਹੁੰਦੀ ਹੈ। ਬੁੱਧਵਾਰ ਨੂੰ ਸਾਰੇ ਸੂਬਿਆਂ ਦੇ ਸਿਹਤ ਵਿਭਾਗ ਦੇ ਮੁੱਖ ਸਕੱਤਰਾਂ ਨੂੰ ਪੱਤਰ ਲਿਖਣ ਤੋਂ ਬਾਅਦ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਵੀਰਵਾਰ ਨੂੰ ਉਨ੍ਹਾਂ ਨਾਲ ਬੈਠਕ ਕੀਤੀ। ਇਸ ਤੋਂ ਪਹਿਲਾਂ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਚ ਪੱਧਰੀ ਬੈਠਕ ਕਰ ਚੁੱਕੇ ਹਨ। ਨਾਲ ਹੀ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਇਸ ਲਈ ਸੂਬਿਆਂ ਦੇ ਹਾਲਾਤ ਦੀ ਸਮੀਖਿਆ ਕਰ ਚੁੱਕੇ ਹਨ। ਉਥੇ ਕੇਂਦਰੀ ਗ੍ਰਹਿ ਸਕੱਤਰ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੇ ਪਾਲਣ ਲਈ ਸੂਬਿਆਂ ਨੂੰ ਪੱਤਰ ਵੀ ਲਿਖ ਚੁੱਕੇ ਹਨ।ਵੀਰਵਾਰ ਦੀ ਬੈਠਕ ’ਚ ਸੂਬਿਆਂ ਵੱਲੋਂ ਓਮੀਕ੍ਰੋਨ ਦੀ ਇਨਫੈਕਸ਼ਨ ਨਾਲ ਨਜਿੱਠਣ ਲਈ ਤਿਆਰੀਆਂ ਦੀ ਰਿਪੋਰਟ ਪੇਸ਼ ਕੀਤੀ ਗਈ। ਸੂਬਿਆਂ ਨੇ ਕੋਰੋਨਾ ਦੇ ਇਲਾਜ ਲਈ ਜ਼ਿਲ੍ਹੇਵਾਰ ਤਿਆਰ ਬਿਸਤਰਿਆਂ ਦੀ ਗਿਣਤੀ, ਜ਼ਰੂਰੀ ਦਵਾਈਆਂ ਦੇ ਸਟਾਕ, ਆਕਸੀਜਨ ਪਲਾਂਟਾਂ ਅਤੇ ਵੇਂਟੀਲੇਟਰ ਦੀ ਸਥਿਤੀ ਦੀ ਜਾਣਕਾਰੀ ਦਿੱਤੀ। ਰਾਜੇਸ਼ ਭੂਸ਼ਣ ਨੇ ਸੂਬਿਆਂ ਨੂੰ ਇਨ੍ਹਾਂ ਦੀ ਉੱਚ ਪੱਧਰ ’ਤੇ ਨਿਗਰਾਨੀ ਦੀ ਜ਼ਰੂਰਤ ਦੱਸੀ। ਨਾਲ ਹੀ ਵੇਂਟੀਲੇਟਰ ਤੇ ਆਕਸੀਜਨ ਪਲਾਂਟਾਂ ਦੀ ਚਾਲੂ ਸਥਿਤੀ ਵਿਚ ਜਾਂਚ ਕਰਨ ਲਈ ਕਿਹਾ। ਧਿਆਨ ਦੇਣ ਦੀ ਗੱਲ ਹੈ ਕਿ ਦੂਜੀ ਲਹਿਰ ਦੌਰਾਨ ਦੇਸ਼ ਵਿਚ ਆਕਸੀਜਨ ਅਤੇ ਵੇਂਟੀਲੇਂਟਰ ਦੀ ਭਾਰੀ ਕਮੀ ਦੇਖੀ ਗਈ ਸੀ। ਇਸ ਤੋਂ ਬਾਅਦ ਦੇਸ਼ ਭਰ ਵਿਚ 3,000 ਤੋਂ ਜ਼ਿਆਦਾ ਆਕਸੀਜਨ ਪਲਾਂਟ ਲਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਇਨ੍ਹਾਂ ਵਿਚੋਂ ਜ਼ਿਆਦਾਤਰ ਪੀਐੱਮ ਕੇਅਰ ਫੰਡ ਤੋਂ ਲਾਏ ਗਏ ਸਨ। ਜ਼ਾਹਿਰ ਹੈ ਕਿ ਸਰਕਾਰ ਇਹ ਯਕੀਨੀ ਬਣਾਉਣ ਵਿਚ ਲੱਗੀ ਹੈ ਕਿ ਓਮੀਕ੍ਰੋਨ ਕਾਰਨ ਜੇਕਰ ਤੀਜੀ ਲਹਿਰ ਆਉਂਦੀ ਵੀ ਹੈ ਤਾਂ ਦੂਜੀ ਲਹਿਰ ਦੀ ਤਰ੍ਹਾਂ ਦੇਸ਼ ਦੇ ਕਿਸੇ ਹਿੱਸੇ ਵਿਚ ਦਵਾਈਆਂ ਅਤੇ ਆਕਸੀਜਨ ਦੀ ਕਮੀ ਨਾ ਹੋਵੇ। ਰਾਜੇਸ਼ ਭੂਸ਼ਣ ਨੇ ਸੂਬਿਆਂ ਨੂੰ ਕੋਰੋਨਾ ਦੇ ਕਲਸਟਰ ਵਿਚ ਸਾਰੇ ਪਾਜ਼ੇਟਿਵ ਨਮੂਨਿਆਂ ਨੂੰ ਜੀਨੋਮ ਸੀਕਵੈਂਸਿੰਗ ਲਈ ਭੇਜਣ ਲਈ ਕਿਹਾ ਤਾਂ ਕਿ ਓਮੀਕ੍ਰੋਨ ਵੇਰੀਐਂਟ ਦਾ ਫ਼ੌਰੀ ਤੌਰ ’ਤੇ ਪਤਾ ਲਾਇਆ ਜਾ ਸਕੇ। ਰਾਜੇਸ਼ ਭੂਸ਼ਣ ਦਾ ਕਹਿਣਾ ਸੀ ਕਿ ਸਰਦੀ ਵਧਣ ਕਾਰਨ ਦੇਸ਼ ਵਿਚ ਸਰਦੀ-ਜ਼ੁਕਾਮ ਦੇ ਮਰੀਜ਼ਾਂ ਦੀ ਗਿਣਤੀ ਵਿਚ ਵੀ ਵਾਧਾ ਹੋਵੇਗਾ। ਕੋਰੋਨਾ ਅਤੇ ਆਮ ਸਰਦੀ-ਜ਼ੁਕਾਮ ਦੇ ਲੱਛਣ ਇਕ ਸਮਾਨ ਹੋਣ ਕਾਰਨ ਸਾਰੇ ਸਰਦੀ-ਜ਼ੁਕਾਮ ਵਾਲੇ ਮਰੀਜ਼ਾਂ ’ਤੇ ਨਜ਼ਰ ਰੱਖਣ ਅਤੇ ਉਨ੍ਹਾਂ ਵਿਚ ਕੁਝ ਦੀ ਕੋਰੋਨਾ ਟੈਸਟਿੰਗ ਦੀ ਜ਼ਰੂਰਤ ਦੱਸੀ। ਇਸ ਤੋਂ ਇਲਾਵਾ ਰਾਜੇਸ਼ ਭੂਸ਼ਣ ਨੇ ਸੂਬਿਆਂ ਨੂੰ ਬਚੇ ਹੋਏ ਲੋਕਾਂ ਦਾ ਛੇਤੀ ਤੋਂ ਛੇਤੀ ਟੀਕਾਕਰਨ ਪੂਰਾ ਕਰਨ ’ਤੇ ਜ਼ੋਰ ਦਿੱਤਾ।

Related posts

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin

ਕਾਰਤਿਕ ਆਰੀਅਨ ਨੂੰ ਵੀ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਨਿਸ਼ਾਨਾ ਬਣਾਇਆ ਜਾ ਰਿਹੈ ?

admin