International

ਕਟਹਿਰੇ ‘ਚ ਪਾਕਿ, ਭਾਰਤ-ਅਮਰੀਕਾ ਨੇ ਅੱਤਵਾਦ ਰੋਕਣ ਦਾ ਬਣਾਇਆ ਦਬਾਅ

ਨਵੀਂ ਦਿੱਲੀ – ਪਾਕਿਸਤਾਨ ਦੇ ਨਵੇਂ ਬਣੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਅੱਤਵਾਦ ਦੇ ਮੁੱਦੇ ‘ਤੇ ਭਾਰਤ ਤੇ ਅਮਰੀਕਾ ਦੀਆਂ ਉਮੀਦਾਂ ‘ਤੇ ਖਰਾ ਉੱਤਰਨਾ ਹੀ ਪਵੇਗਾ। ਭਾਰਤ ਤੇ ਅਮਰੀਕਾ ਨੇ ਪਾਕਿਸਤਾਨ ਨੂੰ ਕਿਹਾ ਹੈ, ਉਸ ਨੂੰ ਇਹ ਯਕੀਨੀ ਕਰਨਾ ਪਵੇਗਾ ਕਿ ਉਸ ਦੀ ਧਰਤੀ ਦੀ ਵਰਤੋਂ ਕਿਤੇ ਅੱਤਵਾਦੀ ਵਾਰਦਾਤਾਂ ਲਈ ਨਾ ਹੋਵੇ। ਇਸ ਲਈ ਪਾਕਿਸਤਾਨ ਨੂੰ ਤੁਰੰਤ ਤੇ ਠੋਸ ਕਾਰਵਾਈ ਕਰਨੀ ਪਵੇਗੀ। ਭਾਰਤ ਤੇ ਅਮਰੀਕਾ ਦੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਦੀ ਸੋਮਵਾਰ ਨੂੰ ਵਾਸ਼ਿੰਗਟਨ ‘ਚ ਹੋਈ ‘ਟੂ ਪਲੱਸ ਟੂ’ ਮੀਟਿੰਗ ਤੋਂ ਬਾਅਦ ਜਾਰੀ ਸਾਂਝੇ ਬਿਆਨ ‘ਚ ਅੱਤਵਾਦ ‘ਤੇ ਪਹਿਲਾਂ ਤੋਂ ਹੀ ਚੱਲ ਰਹੇ ਸਹਿਯੋਗ ਨੂੰ ਹੋਰ ਗੂੜ੍ਹਾ ਕਰਨ ‘ਤੇ ਸਹਿਮਤੀ ਪ੍ਰਗਟ ਕਰਨ ਦੇ ਨਾਲ ਹੀ ਪਾਕਿਸਤਾਨ ‘ਚ ਵੱਧ-ਫੁਲ ਰਹੀਆਂ ਅੱਤਵਾਦੀ ਜਮਾਤਾਂ ਜਿਵੇਂ ਲਸ਼ਕਰ-ਏ-ਤਾਇਬਾ, ਜੈਸ਼-ਏ-ਮੁਹੰਮਦ, ਹਿਜ਼ਬੁਲ ਮੁਜਾਹਦੀਨ ਵਿਰੁੱਧ ਠੋਸ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਗਈ ਹੈ। ਬਿਆਨ ‘ਚ ਸਰਹੱਦ ਪਾਰੋਂ ਹਰ ਤਰ੍ਹਾਂ ਦੇ ਅੱਤਵਾਦ ਦੀ ਨਿੰਦਿਆਂ ਕਰਦਿਆਂ ਮੁੰਬਈ ਤੇ ਪਠਾਨਕੋਟ ਹਮਲੇ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ‘ਚ ਸਹਿਯੋਗ ਕਰਨ ਦੀ ਵੀ ਗੱਲ ਹੈ। ਸਾਫ਼ ਹੈ ਕਿ ਇੱਥੇ ਵੀ ਪਾਕਿਸਤਾਨ ‘ਤੇ ਨਿਸ਼ਾਨਾ ਲਾਇਆ ਗਿਆ ਹੈ। ਭਾਰਤ ਤੇ ਅਮਰੀਕਾ ਵੱਲੋਂ ਜਾਰੀ ਸਾਂਝੇ ਬਿਆਨ ‘ਚ ਪਾਕਿਸਤਾਨ ਦਾ ਸਿੱਧੇ ਤੌਰ ‘ਤੇ ਨਾਂ ਲੈਣਾ ਇਸ ਲਈ ਮਹੱਤਵਪੂਰਨ ਹੈ ਕਿ ਸਤੰਬਰ 2021 ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਜੋਅ ਬਾਇਡਨ ਦੀ ਮੁਲਾਕਾਤ ਪਿੱਛੋਂ ਜਾਰੀ ਸਾਂਝੇ ਬਿਆਨ ‘ਚ ਪਾਕਿਸਤਾਨ ਦਾ ਸਿੱਧੇ ਤੌਰ ‘ਤੇ ਨਾਂ ਨਹੀਂ ਸੀ ਲਿਆ ਗਿਆ। ਸੋਮਵਾਰ ਨੂੰ ‘ਟੂ ਪੱਲਸ ਟੂ’ ਗੱਲਬਾਤ ਤੋਂ ਪਹਿਲਾਂ ਮੋਦੀ ਤੇ ਬਾਇਡਨ ਦੀ ਵਰਚੁਅਲ ਮੀਟਿੰਗ ਹੋਈ ਸੀ ਜਿਸ ਵਿਚ ਦੋਵੇਂ ਪਾਸਿਓਂ ਵਿਦੇਸ਼ ਮੰਤਰੀ ਤੇ ਰੱਖਿਆ ਮੰਤਰੀ ਵੀ ਹਾਜ਼ਰ ਸਨ। ਸੋਮਵਾਰ ਨੂੰ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਦੀ ਅਮਰੀਕੀ ਹਮਰੁਤਬਾ ਮੰਤਰੀ ਐਂਟਨੀ ਬਿਲੰਕਨ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਅਮਰੀਕੀ ਹਮਰੁਤਬਾ ਲਾਇਡ ਆਸਟਿਨ ਨਾਲ ਵੱਖ-ਵੱਖ ਮੀਟਿੰਗਾਂ ਵੀ ਹੋਈਆਂ ਸਨ। ਉਕਤ ਚਾਰਾਂ ਮੀਟਿੰਗਾਂ ‘ਚ ਯੂਕਰੇਨ-ਰੂਸ ਦਾ ਵਿਵਾਦ ਕਾਫ਼ੀ ਅਹਿਮ ਰਿਹਾ। ਇਸ ਦੇ ਬਾਵਜੂਦ ਅੱਤਵਾਦ ਦੇ ਮੁੱਦੇ ਨੂੰ ਦੋਵੇਂ ਧਿਰਾਂ ਪਹਿਲ ਦੇ ਆਧਾਰ ‘ਤੇ ਲੈ ਰਹੀਆਂ ਹਨ। ਦੋਵਾਂ ਦੇਸ਼ਾਂ ਦੇ ਗ੍ਹਿ ਮੰਤਰਾਲਿਆਂ ਵਿਚਾਲੇ ਇਸ ਸਾਲ ਹੋਣ ਵਾਲੀ ਮੀਟਿੰਗ ‘ਚ ਸਹਿਯੋਗ ਵਧਾਉਣ ਨੂੰ ਲੈ ਕੇ ਅੱਗੇ ਵਿਸਥਾਰ ‘ਚ ਵਿਚਾਰ-ਚਰਚਾ ਕੀਤੀ ਜਾਵੇਗੀ। ਅੱਤਵਾਦ ਵਿਰੁੱਧ ਭਾਰਤ ਤੇ ਅਮਰੀਕਾ ਦਰਮਿਆਨ ਕਈ ਪੱਧਰਾਂ ‘ਤੇ ਸੰਪਰਕ ਕਾਇਮ ਕੀਤਾ ਗਿਆ ਹੈ।

ਪਾਕਿਸਤਾਨ ਲਈ ਇਹ ਵੀ ਰਾਹਤ ਦੀ ਗੱਲ ਨਹੀਂ ਹੈ ਕਿ ਭਾਰਤ ਤੇ ਅਮਰੀਕਾ ਨੇ ਪੂਰੀ ਦੁਨੀਆ ‘ਚ ਫਾਇਨਾਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫਏਟੀਐੱਫ) ਦੇ ਨਿਯਮਾਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਅਪੀਲ ਕੀਤੀ ਹੈ। ਫਿਲਹਾਲ ਪਾਕਿਸਤਾਨ ਐੱਫਏਟੀਐੱਫ ਦੀ ਨਿਗਰਾਨੀ ਸੂਚੀ ‘ਚ ਹੈ। ਅਸਲ ‘ਚ ਇਸ ਮੰਚ ‘ਤੇ ਪਾਕਿਸਤਾਨ ਨੂੰ ਘੇਰਨ ‘ਚ ਅਮਰੀਕਾ ਨੇ ਭਾਰਤ ਦੀ ਕਾਫ਼ੀ ਮਦਦ ਕੀਤੀ ਹੈ। ਇਸ ਦਾ ਨਤੀਜਾ ਇਹ ਰਿਹਾ ਕਿ ਪਾਕਿਸਤਾਨ ‘ਚ ਹਾਲ ਹੀ ਦੇ ਦਿਨਾਂ ‘ਚ ਕਈ ਕਾਨੂੰਨ ਬਣਾਏ ਗਏ ਹਨ ਜੋ ਅੱਤਵਾਦੀ ਸਰਗਰਮੀਆਂ ‘ਤੇ ਲਗਾਮ ਲਾਉਣ ‘ਚ ਸਹਾਇਕ ਸਾਬਤ ਹੋਣਗੇ। ਇਹ ਵੀ ਚੇਤੇ ਰਹੇ ਕਿ ਪ੍ਰਧਾਨ ਮੰਤਰੀ ਮੋਦੀ ਨੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਨੂੰ ਸੋਮਵਾਰ ਨੂੰ ਜੋ ਵਧਾਈ ਸੰਦੇਸ਼ ਭੇਜਿਆ, ਉਸ ‘ਚ ਵੀ ਇਹ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਅੱਤਵਾਦ ਵਿਰੁੱਧ ਕਾਰਵਾਈ ਕਰਨੀ ਪਵੇਗੀ।

Related posts

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin

ਭਾਰਤ-ਕੈਨੇਡਾ ਆਪਸੀ ਸਾਂਝ ਨੂੰ ਅੱਗੇ ਵਧਾਉਣ ਲਈ ‘ਰੀਸੈਟ ਅਤੇ ਪੁਨਰ ਸੁਰਜੀਤ’ ਪ੍ਰੋਸੈਸ ਲਈ ਸਹਿਮਤ !

admin

ਪੈਂਟਾਗਨ ਦੁਆਰਾ ਦਾੜ੍ਹੀ ‘ਤੇ ਪਾਬੰਦੀ ਧਾਰਮਿਕ ਆਜ਼ਾਦੀ ਦੀ ਉਲੰਘਣਾ : ਸਤਨਾਮ ਸਿੰਘ ਚਾਹਲ

admin