ਨਵੀਂ ਦਿੱਲੀ – ਕਾਂਗਰਸ ਸੰਸਦ ਮੈਂਬਰ ਅਧੀਰ ਰੰਜਨ ਚੌਧਰੀ ਨੇ ਭਾਰਤ ਦੇ ਉਨ੍ਹਾਂ ਸਾਬਕਾ ਜਲ ਸੈਨਾ ਅਧਿਕਾਰੀਆਂ ਨੂੰ ਰਿਹਾਅ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦੀ ਕੇਂਦਰ ਸਰਕਾਰ ਤੋਂ ਸੋਮਵਾਰ ਨੂੰ ਅਪੀਲ ਕੀਤੀ, ਜਿਨ੍ਹਾਂ ਨੂੰ ਕਤਰ ’ਚ ਜਾਸੂਸੀ ਦੇ ਦੋਸ਼ ’ਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਚੌਧਰੀ ਨੇ ਲੋਕ ਸਭਾ ’ਚ ਜ਼ੀਰੋ ਕਾਲ ਦੌਰਾਨ ਇਹ ਮੁੱਦਾ ਚੁੱਕਿਆ। ਉਨ੍ਹਾਂ ਨੇ ਇਨ੍ਹਾਂ ਸਾਬਕਾ ਜਲ ਸੈਨਾ ਅਧਿਕਾਰੀਆਂ ਦੇ ਪਰਿਵਾਰ ਵਾਲਿਆਂ ਦੇ ਹਵਾਲੇ ਤੋਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਉਹ ਕਤਰ ਨਾਲ ਡਿਪਲੋਮੈਟ ਪੱਧਰ ’ਤੇ ਹਰ ਸੰਭਵ ਅਤੇ ਸਕਾਰਾਤਮਕ ਕੋਸ਼ਿਸ਼ ਕਰ ਕੇ ਉਨ੍ਹਾਂ ਭਾਰਤੀਆਂ ਰਿਹਾਅ ਕਰਵਾਉਣ ਦੀ ਕੋਸ਼ਿਸ਼ ਕਰੇ। ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਪਹਿਲਾਂ ਅਧਿਕਾਰੀਆਂ ਦੇ ਪਰਿਵਾਰ ਵਾਲੇ ਕਾਫ਼ੀ ਪਰੇਸ਼ਾਨ ਹਨ ਅਤੇ ਸਰਕਾਰ ਨੂੰ ਉਨ੍ਹਾਂ ਨੂੰ ਰਿਹਾਅ ਕਰਵਾਉਣ ’ਚ ਕੋਈ ਕਸਰ ਨਹੀਂ ਛੱਡਣੀ ਚਾਹੀਦੀ। ਕਤਰ ਦੀ ਇਕ ਅਦਾਲਤ ਨੇ 8 ਭਾਰਤੀਆਂ ਨੂੰ ਇਜ਼ਰਾਈਲ ਲਈ ਜਾਸੂਸੀ ਕਰਨ ਦੇ ਦੋਸ਼ ’ਚ ਫਾਂਸੀ ਦੀ ਸਜ਼ਾ ਸੁਣਾਈ ਹੈ। ਇਹ ਸਾਬਕਾ ਜਲ ਸੈਨਾ ਅਧਿਕਾਰੀ ’ਅਲ-ਜਾਹਿਰਾ ਅਲ-ਆਲਮੀ ਕਨਸਲਟੈਂਸੀ ਐਂਡ ਸਰਵਿਸੇਜ਼’ ਨਾਮੀ ਕੰਪਨੀ ’ਚ ਕੰਮ ਕਰਦੇ ਸਨ। ਇਹ ਕੰਪਨੀ ਓਮਾਨ ਦੇ ਇਕ ਉਦਯੋਗਪਤੀ ਦੀ ਹੈ।