ਪਟਿਆਲਾ – ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸ ਲਈ ਖੋਜ ਕੇਂਦਰ ਕਸ਼ਮੀਰੀ, ਦਾਰੀ, ਬਲੋਚੀ ਤੇ ਪਸ਼ਤੋ ਭਾਸ਼ਾ ਪੋ੍ਸੈਸਿੰਗ ਟੂਲ ਵਿਕਸਿਤ ਕਰੇਗੀ। ਪਰਸੋ-ਅਰਬੀ ਲਿਪੀ ਅਧਾਰਤ ਭਾਸ਼ਾਵਾਂ ਭਾਰਤੀ ਉਪ-ਮਹਾਂਦੀਪ ਵਿੱਚ ਵਰਤੀਆਂ ਜਾਂਦੀਆਂ ਹਨ। ਖੋਜ ਕੇਂਦਰ ਦੇ ਪੋ੍ਫੈਸਰ ਅਤੇ ਨਿਰਦੇਸ਼ਕ ਡਾ. ਗੁਰਪ੍ਰਰੀਤ ਸਿੰਘ ਲਹਿਲ ਅਨੁਸਾਰ, ਭਾਰਤੀ ਉਪ-ਮਹਾਂਦੀਪ ਦੇ ਭਾਈਚਾਰਿਆਂ ਦੇ ਵਿਚਕਾਰ ਸਕ੍ਰਿਪਟ ਅਤੇ ਭਾਸ਼ਾ ਦੇ ਅੜਿੱਕੇ ਨੂੰ ਦੂਰ ਕਰਨ ਦੇ ਮਕਸਦ ਨੂੰ ਜਾਰੀ ਰੱਖਦਿਆਂ ਪੰਜਾਬੀ ਯੂਨੀਵਰਸਿਟੀ ਹੁਣ ਕਸ਼ਮੀਰੀ, ਬਲੋਚੀ, ਪਸ਼ਤੋ ਦੇ ਸਾਫਟਵੇਅਰ ਸਮਾਧਾਨਾਂ ਦੇ ਵਿਕਾਸ ਲਈ ਕੰਮ ਕਰੇਗੀ। ਇਨ੍ਹਾਂ ਭਾਸ਼ਾਵਾਂ ਲਈ ਭਾਸ਼ਾ ਪੋ੍ਸੈਸਿੰਗ ਟੂਲਜ਼ ਅਤੇ ਭਾਸ਼ਾਈ ਸਰੋਤ ਜਿਵੇਂ ਕਿ ਕਾਰਪਸ, ਟਾਈਪਿੰਗ ਟੂਲਜ਼, ਵਰਡ ਪੂਰਵ ਸੂਚਕ, ਆਮ ਫੌਂਟ ਅਤੇ ਸਟੋਰੇਜ ਕੋਡ ਕਨਵਰਟਰਸ, ਡਿਜੀਟਲ ਡਿਕਸ਼ਨਰੀਆਂ ਅਤੇ ਲਿਪੀਅੰਤਰਨ ਸਾਧਨ ਵਿਕਸਤ ਕੀਤੇ ਜਾਣਗੇ।
ਕੰਪਿਊਟਰ ਸਾਇੰਸ ਵਿਭਾਗ ਦੇ ਪੋ੍ਫੈਸਰ ਡਾ. ਵਿਸ਼ਾਲ ਗੋਇਲ ਨੇ ਦੱਸਿਆ ਕਿ ਅਫ਼ਗਾਨਿਸਤਾਨ ਦੇ ਕੁਝ ਚੁਣੇ ਹੋਏ ਖੋਜ ਵਿਦਵਾਨ ਪੰਜਾਬੀ ਯੂਨੀਵਰਸਿਟੀ ਤੇ ਨੇੜਲੇ ਸੰਸਥਾਨਾਂ ਵਿਚ ਪੜ੍ਹ ਰਹੇ ਹਨ, ਉਨ੍ਹਾਂ ਨੂੰ ਇਨ੍ਹਾਂ ਭਾਸ਼ਾਈ ਸਰੋਤਾਂ ਦੇ ਵਿਕਾਸ ਵਿਚ ਸ਼ਾਮਲ ਕਰ ਕੇ ਵਿੱਤੀ ਸਹਾਇਤਾ ਲਈ ਜਾ ਸਕਦੀ ਹੈ।ਜ਼ਿਕਰਯੋਗ ਹੈ ਕਿ ਪੈਨ ਏਸ਼ੀਆ ਆਈਸੀਟੀ (ਸਿੰਗਾਪੁਰ) ਤੇ ਆਈਐੱਸਆਈਐੱਫ ਏਸ਼ੀਆ (ਆਸਟੇ੍ਲੀਆ) ਦੁਆਰਾ ਅੰਤਰਰਾਸ਼ਟਰੀ ਗ੍ਾਂਟ ਨਾਲ ਪੰਜਾਬੀ ਯੂਨੀਵਰਸਿਟੀ ਨੇ ਭਾਰਤ ਅਤੇ ਪਾਕਿਸਤਾਨ ਵਿਚ ਰਹਿ ਰਹੇ ਪੰਜਾਬੀ, ਸਿੰਧੀ ਅਤੇ ਉਰਦੂ ਬੋਲਣ ਵਾਲੇ ਭਾਈਚਾਰਿਆਂ ਵਿਚਕਾਰ ਇਲੈਕਟ੍ਰਾਨਿਕ ਅਤੇ ਲਿਖਤੀ ਸੰਚਾਰ ਦੀ ਸਹੂਲਤ ਦਿੱਤੀ ਹੈ। ਇਨ੍ਹਾਂ ਭਾਸ਼ਾਵਾਂ ਲਈ ਦੋ-ਦਿਸ਼ਾ ਨਿਰਦੇਸ਼ਕ ਵੈੱਬ ਅਧਾਰਤ ਲਿਪੀਅੰਤਰਨ ਸਾਧਨ ਦਿੱਤੇ ਗਏ ਹਨ।