ਸ੍ਰੀਨਗਰ – ਕਸ਼ਮੀਰ ਦੇ ਗੁਲਮਰਗ ਸਣੇ ਹੋਰ ਉੱਚੇ ਇਲਾਕਿਆਂ ਵਿੱਚ ਅੱਜ ਤਾਜ਼ਾ ਬਰਫ਼ਬਾਰੀ ਹੋਈ ਜਿਸ ਨਾਲ ਵਾਦੀ ਦੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਵਧ ਗਈ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਗੁਲਮਰਗ ਵਿੱਚ ਸ਼ਨਿਚਰਵਾਰ ਸ਼ਾਮ ਤੋਂ ਦਰਮਿਆਨੀ ਬਰਫਬਾਰੀ ਹੋਈ ਜੋ ਐਤਵਾਰ ਤੜਕੇ ਤੱਕ ਜਾਰੀ ਰਹੀ।
ਉਨ੍ਹਾਂ ਦੱਸਿਆ ਕਿ ਕੁਪਵਾੜਾ ਜ਼ਿਲ੍ਹੇ ਦੇ ਕਰਨਾਹ ਅਤੇ ਬਾਂਦੀਪੋਰਾ ਜ਼ਿਲੇ ਦੇ ਤੁਲੈਲ ’ਚ ਵੀ ਦਰਮਿਆਨੀ ਬਰਫਬਾਰੀ ਹੋਈ ਹੈ। ਰਾਤ ਸਮੇਂ ਸ੍ਰੀਨਗਰ ਅਤੇ ਬਡਗਾਮ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ਸਮੇਤ ਕਸ਼ਮੀਰ ਦੇ ਮੈਦਾਨੀ ਇਲਾਕਿਆਂ ਵਿੱਚ ਮੀਂਹ ਪਿਆ ਜਿਸ ਕਾਰਨ ਦਿਨ ਦਾ ਤਾਪਮਾਨ ਡਿੱਗ ਗਿਆ।
ਸ੍ਰੀਨਗਰ ਸ਼ਹਿਰ ਦਾ ਘੱਟ ਤੋਂ ਘੱਟ ਤਾਪਮਾਨ 4.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜੋ ਸਾਲ ਦੇ ਇਸ ਸਮੇਂ ਲਈ ਆਮ ਵਾਂਗ ਹੈ। ਜਦੋਂ ਕਿ ਪਹਿਲਗਾਮ ਅਤੇ ਗੁਲਮਰਗ ਦਾ ਤਾਪਮਾਨ ਸਿਫ਼ਰ ਤੋਂ ਹੇਠਾਂ ਦਰਜ ਕੀਤਾ ਗਿਆ, ਦੋਵਾਂ ਥਾਵਾਂ ’ਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਥੋੜ੍ਹਾ ਵੱਧ ਸੀ।
ਮੌਸਮ ਵਿਭਾਗ ਦੀ ਪੇਸ਼ੀਨਗੋਈ ਅਨੁਸਾਰ ਅਗਲੇ ਹਫ਼ਤੇ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। 5 ਦਸੰਬਰ ਤੱਕ ਮੌਸਮ ਆਮ ਤੌਰ ’ਤੇ ਖੁਸ਼ਕ ਅਤੇ ਠੰਢਾ ਰਹੇਗਾ। 23 ਨਵੰਬਰ ਦੇਰ ਦੁਪਹਿਰ ਤੋਂ 24 ਨਵੰਬਰ ਦੀ ਦੁਪਹਿਰ ਤੱਕ ਹਲਕਾ ਮੀਂਹ ਜਾਂ ਹਲਕੀ ਬਰਫਬਾਰੀ ਦੀ ਸੰਭਾਵਨਾ ਹੈ ਅਤੇ 30 ਨਵੰਬਰ ਦੀ ਰਾਤ ਤੋਂ 1 ਦਸੰਬਰ ਦੁਪਹਿਰ ਤੱਕ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ।