ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਮੁਸਲਮਾਨਾਂ ਦੀ ਜਾਤੀ ਦੀ ਗੱਲ ਆਉਾਂਦੇਹੀ ਕਾਂਗਰਸ ਦੇ ਮੂੰਹ ’ਤੇ ਤਾਲਾ ਲੱਗ ਜਾਂਦਾ ਹੈ ਪਰ ਹਿੰਦੂ ਸਮਾਜ ਦੀ ਗੱਲ ਆਉਾਂਦੇਹੀ ਉਹ ਚਰਚਾ ਜਾਤੀ ਤੋਂ ਹੀ ਸ਼ੁਰੂ ਕਰਦੀ ਹੈ ਕਿਉਂਕਿ ਉਹ ਜਾਣਦੀ ਹੈ ਕਿ ਹਿੰਦੂ ਜਿੰਨਾ ਵੰਡਿਆ ਜਾਵੇਗਾ, ਓਨਾ ਹੀ ਕਾਂਗਰਸ ਦਾ ਫਾਇਦਾ ਹੋਵੇਗਾ। ਉਨ੍ਹਾਂ ਮਹਾਰਾਸ਼ਟਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਕਾਂਗਰਸ ਤੇ ਸ਼ਹਿਰੀ ਨਕਸਲੀਆਂ ਦੀਆਂ ਨਫ਼ਰਤੀ ਸਾਜ਼ਿਸ਼ਾਂ ਨੂੰ ਨਾਕਾਮ ਕਰਨ ਲਈ ਸੂਬੇ ਦੀ ਜਨਤਾ ਵੀ ਹਰਿਆਣਾ ਵਾਲੇ ਰਾਹ ’ਤੇ ਤੁਰੇ। ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਕਾਂਗਰਸ ਕਿਸੇ ਵੀ ਤਰ੍ਹਾਂ ਤੋਂ ਹਿੰਦੂ ਸਮਾਜ ਵਿੱਚ ਅੱਗ ਲਾ ਕੇ ਰੱਖਣਾ ਚਾਹੁੰਦੀ ਹੈ ਅਤੇ ਭਾਰਤ ਵਿੱਚ ਜਿੱਥੇ ਵੀ ਚੋਣਾਂ ਹੁੰਦੀਆਂ ਹਨ ਉਹ ਇਸੇ ਫਾਰਮੂਲੇ ਨੂੰ ਲਾਗੂ ਕਰਦੀ ਹੈ। ਮਹਾਰਾਸ਼ਟਰ ਵਿੱਚ 7600 ਕਰੋੜ ਰੁਪਏ ਤੋਂ ਵੱਧ ਦੇ ਵੱਖ ਵੱਖ ਵਿਕਾਸ ਪ੍ਰਾਜੈਕਟਾਂ ਦੇ ਵੀਡੀਓ ਕਾਨਫਰੰਸਿੰਗ ਰਾਹੀਂ ਨੀਂਹ ਪੱਥਰ ਰੱਖਣ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਮੋਦੀ ਨੇ ਭਰੋਸਾ ਪ੍ਰਗਟਾਇਆ ਕਿ ਸਮਾਜ ਨੂੰ ਤੋੜਨ ਦੀ ਇਸ ਕੋਸ਼ਿਸ਼ ਨੂੰ ਸੂਬੇ ਦੀ ਜਨਤਾ ਨਾਕਾਮ ਕਰੇਗੀ। ਉਨ੍ਹਾਂ ਇਸ ਸਰਕਾਰੀ ਪ੍ਰੋਗਰਾਮ ਵਿੱਚ ਮਹਾਰਾਸ਼ਟਰ ਦੇ ਲੋਕਾਂ ਨੂੰ ਦੇਸ਼ ਦੇ ਵਿਕਾਸ ਨੂੰ ਸਭ ਤੋਂ ਉੱਪਰ ਰੱਖਦੇ ਹੋਏ ਅਤੇ ਇਕਜੁੱਟ ਹੋ ਕੇ ਭਾਜਪਾ ਅਤੇ ਉਸ ਦੇ ਗੱਠਜੋੜ ਮਹਾਯੂਤੀ ਦੇ ਪੱਖ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਹਰਿਆਣਾ ਦੇ ਚੋਣ ਨਤੀਜਿਆਂ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ ਕਿ ਇਨ੍ਹਾਂ ਨਤੀਜਿਆਂ ਨੇ ਦੱਸ ਦਿੱਤਾ ਹੈ ਕਿ ਅੱਜ ਦੇਸ਼ ਦਾ ਮਿਜ਼ਾਜ ਕੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਦਲਿਤ ਵਰਗ ਨੇ ਭਾਜਪਾ ਦਾ ਰਿਕਾਰਡ ਸਮਰਥਨ ਕੀਤਾ ਤਾਂ ਹੋਰ ਪੱਛੜਾ ਵਰਗ ਨੇ ਵੀ ਭਰੋਸਾ ਪ੍ਰਗਟਾਇਆ। ਉਨ੍ਹਾਂ ਕਿਹਾ, ‘‘ਕਾਂਗਰਸ ਦੀ ਨੀਤੀ ਹੈ, ਹਿੰਦੂਆਂ ਦੀ ਇਕ ਜਾਤੀ ਨੂੰ ਦੂਜੀ ਜਾਤੀ ਨਾਲ ਲੜਾਓ।’’
ਉੱਧਰ, ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਮਲੇ ਨੂੰ ਲੈ ਕੇ ਉਨ੍ਹਾਂ ’ਤੇ ਮੋੜਵਾਂ ਹਮਲਾ ਕੀਤਾ ਅਤੇ ਦੋਸ਼ ਲਗਾਇਆ ਕਿ ਉਹ ਸਿਆਸੀ ਭਾਸ਼ਣ ਤੇ ਵਿਰੋਧੀ ਧਿਰ ’ਤੇ ਹਮਲਾ ਕਰਨ ਵਾਸਤੇ ਸਰਕਾਰੀ ਪ੍ਰੋਗਰਾਮ ਦਾ ਇਸਤੇਮਾਲ ਕਰਦੇ ਹਨ ਜਦਕਿ ਇਸ ਲਈ ਉਹ ਭਾਜਪਾ ਦਾ ਪਲੈਟਫਾਰਮ ਦਾ ਇਸਤੇਮਾਲ ਕਰ ਸਕਦੇ ਹਨ। ਪਾਰਟੀ ਦੇ ਮੀਡੀਆ ਵਿੰਗ ਦੇ ਮੁਖੀ ਪਵਨ ਖੇੜਾ ਨੇ ਇਹ ਵੀ ਕਿਹਾ ਕਿ ਕਰਦਾਤਾਵਾਂ ਦੇ ਪੈਸੇ ਦਾ ਇਸਤੇਮਾਲ ਸਿਆਸੀ ਭਾਸ਼ਣ ਦੇਣ ਲਈ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਕਰਨਾ ਚਾਹੀਦਾ ਹੈ।