ਕਾਬੁਲ – ਅਮਰੀਕੀ ਫ਼ੌਜ ਦੀ ਵਾਪਸੀ ਤੋਂ ਬਾਅਦ ਤੋਂ ਬੰਦ ਕਾਬੁਲ ਏਅਰਪੋਰਟ ਮੁੜ ਸ਼ੁਰੂ ਹੋ ਗਿਆ ਹੈ। ਤਾਲਿਬਾਨ ਦੇ ਪੂਰੀ ਤਰ੍ਹਾਂ ਕਬਜ਼ੇ ‘ਚ ਆਉਣ ਤੋਂ ਬਾਅਦ ਏਅਰਪੋਰਟ ‘ਤੇ ਪਹਿਲਾ ਜਹਾਜ਼ ਯੂਏਈ ਦਾ ਉਤਰਿਆ ਹੈ। ਇਸ ਵੱਡੇ ਜਹਾਜ਼ ‘ਚ ਯੂਏਈ ਤੋਂ 60 ਟਨ ਖ਼ੁਰਾਕੀ ਸਮੱਗਰੀ ਦੀ ਮਦਦ ਭੇਜੀ ਗਈ ਹੈ। ਤਾਲਿਬਾਨ ਦੇ ਤਰਜਮਾਨ ਜਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਅਫ਼ਗਾਨਾਂ ਲਈ ਖ਼ੁਰਾਕੀ ਸਹਾਇਤਾ ਦਾ ਆਉਣਾ ਚੰਗੀ ਖ਼ਬਰ ਹੈ। ਅਸੀਂ ਯੂਏਈ ਦੇ ਧੰਨਵਾਦੀ ਹਾਂ। ਇਸਲਾਮਿਕ ਅਮੀਰਾਤ ਨੇ ਸਾਰੇ ਦੇਸ਼ਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।
15 ਅਗਸਤ ਨੂੰ ਕਾਬੁਲ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਤੋਂ ਅਮਰੀਕੀ ਫ਼ੌਜ ਦਾ 31 ਅਗਸਤ ਤਕ ਕਾਬੁਲ ਏਅਰਪੋਰਟ ‘ਤੇ ਕੰਟਰੋਲ ਰਿਹਾ। ਤੈਅ ਸਮੇਂ ਤੋਂ ਇਕ ਦਿਨ ਪਹਿਲਾਂ ਏਅਰਪੋਰਟ ਤੋਂ ਅਮਰੀਕੀ ਫ਼ੌਜ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਨੇ ਇਸ ‘ਤੇ ਕਬਜ਼ਾ ਕਰ ਲਿਆ ਸੀ। ਏਅਰਪੋਰਟ ਨੂੰ ਦੁਬਾਰਾ ਸ਼ੁਰੂ ਕਰਨ ਲਈ ਇੱਥੇ ਪਿਛਲੇ ਕੁਝ ਦਿਨਾਂ ਤੋਂ ਤੁਰਕੀ, ਯੂਏਈ ਤੇ ਕਤਰ ਦੇ ਮਾਹਿਰ ਕੰਮ ਕਰ ਰਹੇ ਹਨ।
ਤਰਜਮਾਨ ਜਬੀਹੁੱਲਾ ਨੇ ਕਿਹਾ ਕਿ ਅਮਰੀਕੀ ਫ਼ੌਜ ਨੇ ਜਾਣ ਤੋਂ ਪਹਿਲਾਂ ਏਅਰਪੋਰਟ ਦੇ ਰਨਵੇ ਨੂੰ ਨੁਕਸਾਨ ਪਹੁੰਚਾਇਆ ਸੀ, ਉਸ ਦੀ ਮੁਰੰਮਤ ਕੀਤੀ ਜਾ ਰਹੀ ਹੈ। ਏਐੱਨਆਈ ਮੁਤਾਬਕ ਅਫ਼ਗਾਨਿਸਤਾਨ ‘ਚ ਕਤਰ ਦੇ ਰਾਜਦੂਤ ਸਈਦ ਬਿਨ ਮੁਬਾਰਕ ਅਲ ਖ਼ਿਆਰਿਨ ਨੇ ਕਿਹਾ ਹੈ ਕਿ ਏਅਰਪੋਰਟ ਤੋਂ ਅਗਲੇ ਕੁਝ ਦਿਨਾਂ ‘ਚ ਯਾਤਰੀ ਉਡਾਣਾਂ ਸ਼ੁਰੂ ਹੋ ਜਾਣਗੀਆਂ। ਇੱਥੋਂ ਮਜ਼ਾਰ-ਏ-ਸ਼ਰੀਫ ਤੇ ਕੰਧਾਰ ਲਈ ਜ਼ਰੂਰੀ ਉਡਾਣਾਂ ਪਹਿਲਾਂ ਤੋਂ ਹੀ ਚੱਲ ਰਹੀਆਂ ਹਨ।