ਨਵੀਂ ਦਿੱਲੀ – ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਥਿਤ ਭਾਰਤੀ ਦੂਤਘਰ ਸੁਰੱਖਿਅਤ ਹਨ ਤੇ ਇਹ ਕੰਮ ਕਰ ਰਿਹਾ ਹੈ। ਭਾਰਤ ਸਰਕਾਰ ਵੱਲੋਂ ਇੱਥੇ ਸਥਾਨਕ ਸਟਾਫ ਦੀ ਸੈਲਰੀ ਵੀ ਸਮੇਂ ’ਤੇ ਦਿੱਤੀ ਗਈ ਹੈ। ਰੱਖ-ਰਖਾਅ ਦਾ ਖ਼ਰਚ ਵੀ ਦਿੱਤਾ ਗਿਆ ਹੈ। ਸਰਕਾਰ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਾਬੁਲ ਦੂਤਘਰ ਤੋਂ ਨਿਯਮਤ ਤੌਰ ’ਤੇ ਸੰਦੇਸ਼ ਮਿਲ ਰਹੇ ਹਨ। ਮੁਲਾਜ਼ਮਾਂ ਨੇ ਦੂਤਘਰ ਨੂੰ ਸੁਰੱਖਿਅਤ ਦੱਸਿਆ ਹੈ। ਇਸ ਤੋਂ ਪਹਿਲਾਂ ਆਈਆਂ ਖ਼ਬਰਾਂ ’ਚ ਦੱਸਿਆ ਗਿਆ ਸੀ ਕਿ ਮੌਜੂਦਾ ਹਾਲਾਤ ਕਾਰਨ ਕਾਬੁਲ ’ਚ ਬੈਂਕ ਪੂਰੀ ਤਰ੍ਹਾਂ ਕੰਮ ਨਹੀਂ ਕਰ ਰਹੇ। ਅਜਿਹੇ ’ਚ ਮੁਲਾਜ਼ਮਾਂ ਨੂੰ ਆਪਣੀ ਤਨਖ਼ਾਹ ਕਢਵਾਉਣ ’ਚ ਦਿੱਕਤ ਹੋ ਸਕਦੀ ਹੈ। ਅਧਿਕਾਰੀ ਨੇ ਕਿਹਾ, ‘ਕੁਝ ਭਾਰਤੀ ਹੁਣ ਵੀ ਕਾਬੁਲ ’ਚ ਹਨ। ਭਾਰਤ ਸਰਕਾਰ ਇਨ੍ਹਾਂ ਨੂੰ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ’ਚ ਹੈ ਪਰ ਕਾਬੁਲ ਹਵਾਈ ਅੱਡਾ ਅਜੇ ਬੰਦ ਹੈ।’
ਉਧਰ, ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਕਾਬੁਲ ’ਚ ਫਸੇ ਭਾਰਤੀਆਂ ਨੂੰ ਕੱਢਣ ਲਈ ਜਲਦ ਹੀ ਨਿਕਾਸੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਸਰਕਾਰ ਕਾਬੁਲ ਤੇ ਭਾਰਤੀ ਦੂਤਘਰ ਦੇ ਮੁਲਾਜਮਾਂ ਦੇ ਸੰਪਰਕ ’ਚ ਹੈ। ਹਾਲਾਂਕਿ ਮੰਤਰਾਲੇ ਨੇ ਇਹ ਨਹੀਂ ਦੱਸਿਆ ਕਿ ਭਾਰਤੀ ਦੂਤਘਰ ’ਚ ਫਿਲਹਾਲ ਕਿੰਨੇ ਮੁਲਾਜ਼ਮ ਹਨ। ਅਧਿਕਾਰੀ ਨੇ ਕਿਹਾ, ‘ਭਾਰਤ ਤੋਂ ਰਾਜਨਾਇਕਾਂ ਤੇ ਦੂਤਘਰ ਦੇ ਅਧਿਕਾਰੀਆਂ ਦਾ ਨਵੀਂ ਦਿੱਲੀ ਤੋਂ ਕਾਬੁਲ ਪੁੱਜਣਾ ਨਵੀਂ ਤਾਲਿਬਾਨ ਸਰਕਾਰ ਦੇ ਰੁਖ਼ ’ਤੇ ਨਿਰਭਰ ਕਰੇਗਾ।’