ਸੰਗਰੂਰ, (ਦਲਜੀਤ ਕੌਰ) – ਕੱਲ ਕੇਂਦਰ ਸਰਕਾਰ ਨਾਲ ਚੰਡੀਗੜ੍ਹ ਵਿਖੇ ਗੱਲਬਾਤ ਕਰਨ ਗਏ ਕਿਸਾਨ ਆਗੂਆਂ ਨੂੰ ਪੰਜਾਬ ਸਰਕਾਰ ਦੇ ਇਸਾਰੇ ਤੇ ਮੁਹਾਲੀ ਵਿੱਚੋਂ ਗ੍ਰਿਫਤਾਰ ਕਰਕੇ ਤੇ ਉਸ ਤੋਂ ਬਾਅਦ ਸੰਬੂ ਤੇ ਖਨੌਰੀ ਮੋਰਚਿਆਂ ਤੇ ਭਾਰੀ ਗਿਣਤੀ ਵਿੱਚ ਪੁਲਿਸਾਂ ਰਾਹੀਂ ਧੱਕੇ ਨਾਲ ਮੋਰਚੇ ਉਖਾੜਨਾ ਤੇ ਕਿਸਾਨਾਂ ਤੇ ਤਸ਼ੱਦਦ ਕਰਨ ਦੇ ਰੋਸ ਵਜੋਂ ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਜ਼ਿਲ੍ਹੇ ਦੇ ਪਿੰਡ ਲੌਂਗੋਵਾਲ, ਬਹਾਦਰਪੁਰ, ਉਭਾਵਾਲ, ਦੁੱਗਾ, ਢੱਡਰੀਆਂ, ਖਾਈ ਅਤੇ ਚੁਲੜ ਵਿਖੇ ਭਗਵੰਤ ਮਾਨ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦਿਆਂ ਪੁਤਲੇ ਫੂਕੇ ਗਏ। ਆਗੂਆਂ ਨੇ ਮੰਗ ਕੀਤੀ ਕਿ ਗਿਰਫਤਾਰ ਕੀਤੇ ਸਾਰੇ ਕਿਸਾਨਾਂ ਨੂੰ ਰਿਹਾ ਕੀਤਾ ਜਾਵੇ ਤੇ ਮੋਰਚਿਆਂ ਤੇ ਕੀਤੀ ਸਮਾਨ ਦੀ ਭੰਨ ਤੋੜ ਅਤੇ ਜਬਤ ਕੀਤਾ ਸਮਾਨ ਕਿਸਾਨਾਂ ਨੂੰ ਵਾਪਸ ਕੀਤਾ ਜਾਵੇ।
ਇਹਨਾਂ ਰੋਸ ਪ੍ਰਦਰਸ਼ਨਾਂ ਦੀ ਅਗਵਾਈ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ, ਜ਼ਿਲਾ ਮੀਤ ਪ੍ਰਧਾਨ ਭਜਨ ਸਿੰਘ ਢੱਡਰੀਆਂ, ਜਿਲਾ ਸਕੱਤਰ ਦਰਸ਼ਨ ਸਿੰਘ ਕੁਨਰਾਂ, ਜ਼ਿਲ੍ਹਾ ਆਗੂ ਸੁਖਦੇਵ ਸਿੰਘ ਉਭਾਵਾਲ ਤੇ ਕਰਮਜੀਤ ਸਿੰਘ ਸਤੀਪੁਰਾ ਨੇ ਦੱਸਿਆ ਕਿਹਾ ਕਿ ਭਗਵੰਤ ਮਾਨ ਸਰਕਾਰ ਕੇਂਦਰ ਦੀ ਹੱਥਠੋਕਾ ਬਣ ਕੇ ਕਾਰਪੋਰੇਟ ਪੱਖੀ ਫੈਸਲਿਆਂ ਨੂੰ ਲਾਗੂ ਕਰਨ ਲਈ ਕਿਸਾਨ ਲਹਿਰ ਤੇ ਗਿਣੀ ਮਿੱਥੀ ਸਾਜਿਸ਼ ਅਧੀਨ ਤਸ਼ੱਦਦ ਕਰ ਰਹੀ ਹੈ ਅਤੇ ਕਿਸਾਨ ਲਹਿਰ ਨੂੰ ਕੁਚਲਣ ਦੇ ਰਾਹ ਪਈ ਹੈ। ਪੰਜਾਬ ਦੇ ਕਿਸਾਨ ਆਪਣੀ ਰੋਜੀ ਰੋਟੀ ਦੇ ਮਸਲੇ ਲਈ ਲੜਾਈ ਲੜ ਰਹੇ ਹਨ। ਜਿਹੜਾ ਮੁੱਖ ਮੰਤਰੀ ਪਹਿਲਾਂ ਆਪਣੇ ਆਪ ਨੂੰ ਕਿਸਾਨਾਂ ਦਾ ਵਕੀਲ ਅਤੇ ਮਿੱਤਰ ਕੀੜਾ ਦੱਸਦਾ ਸੀ ਉਹੀ ਹੁਣ ਕਿਸਾਨਾਂ ਨੂੰ ਇਹ ਦੱਸਣ ਤੋਂ ਵੀ ਭੱਜ ਰਿਹਾ ਹੈ ਕਿ ਉਹ ਕਿਹੜੀ ਫਸਲ ਬੀਜਣ ਕਿਸਾਨਾਂ ਦੇ ਬੀਜੀਆਂ ਹੋਈਆਂ ਫਸਲਾਂ ਦੇ ਭਾਅ ਦੇਣ ਤੋਂ ਅਤੇ ਖਰੀਦ ਕਰਨ ਤੋਂ ਭੱਜ ਰਿਹਾ ਹੈ ਇਹ ਸਿੱਧਾ ਸਿੱਧਾ ਕਿਸਾਨਾਂ ਨਾਲ ਦੁਸ਼ਮਣੀ ਵਾਲਾ ਰਵਈਆ ਅਤੇ ਖੇਤੀ ਪ੍ਰਧਾਨ ਸੂਬੇ ਪੰਜਾਬ ਦੇ ਲੋਕਾਂ ਨਾਲ ਧੋਖਾਧੜੀ ਵਾਲੀ ਨੀਤੀ ਹੈ ਪੰਜਾਬ ਦੀ ਆਰਥਿਕਤਾ ਖੇਤੀ ਦੇ ਸਿਰ ਤੇ ਖੜੀ ਹੈ ਪਰ ਜੇਕਰ ਇੱਥੇ ਕਾਰਪੋਰੇਟ ਦਾ ਖੁੱਲਾ ਦਾਖਲਾ ਹੁੰਦਾ ਹੈ ਤਾਂ ਜਿੱਥੇ ਪੰਜਾਬ ਦੇ ਕਿਸਾਨਾਂ ਦੀ ਆਰਥਿਕਤਾ ਤੇ ਵੱਡਾ ਨਾਂਹ ਮੁਖੀ ਅਸਰ ਹੋਵੇਗਾ ਉੱਥੇ ਪੰਜਾਬ ਦੇ ਸਮੁੱਚੇ ਬਾਜ਼ਾਰ ਅਤੇ ਸਾਰੀ ਆਰਥਿਕਤਾ ਹੀ ਮੰਦੀ ਦਾ ਸ਼ਿਕਾਰ ਹੋਵੇਗੀ।ਇਸ ਕਰਕੇ ਸਮੁੱਚੇ ਪੰਜਾਬੀਆਂ ਨੂੰ ਇਸ ਕਾਰਵਾਈ ਦਾ ਵਿਰੋਧ ਕਰਨਾ ਬਣਦਾ ਹੈ। ਕੱਲ ਸ਼ੰਬੂ ਅਤੇ ਖਨੌਰੀ ਮੋਰਚਿਆਂ ਤੇ ਕੀਤਾ ਗਿਆ ਤਸ਼ੱਦਦ ਅਤੇ ਅਜਿਹੀ ਦੁਸ਼ਮਣਾਨਾ ਕਾਰਵਾਈ ਨੂੰ ਪੰਜਾਬ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ ਇਸ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਸੱਦੇ ਤਹਿਤ 26 ਮਾਰਚ ਨੂੰ ਵੱਡੀ ਗਿਣਤੀ ਕਿਸਾਨ ਚੰਡੀਗੜ੍ਹ ਵੱਲ ਕੂਚ ਕਰਨਗੇ।