Articles

ਕਿਸਾਨ ਅੰਦੋਲਨ ਬਨਾਮ ਜੰਗਨਾਮਾ- ਸ਼ਾਹ ਮੁਹੰਮਦ

ਲੇਖਕ: ਸੁਖਵੀਰ ਸਿੰਘ ਕੰਗ, ਕੋਟਲਾ ਸ਼ਮਸ਼ਪੁਰ, ਸਮਰਾਲਾ

ਪੂਰੀ ਦੁਨੀਆਂ ਵਿੱਚ ਆਪਣੇ ਸ਼ਾਸਨ ਦਾ ਨਿਆਂ, ਦਯਾ ਅਤੇ ਸਿੱਖਿਆ ਦੇ ਖੇਤਰ ਸਮੇਤ ਬਹੁਤ ਸਾਰੇ ਸ਼ੁਭ ਕਾਰਜਾਂ ਦੀ ਸਫਲਤਾ ਦਾ ਲੋਹਾਂ ਮੰਨਵਾ ਕੇ ਰੱਖਣ ਵਾਲੇ ਸੁਤੰਤਰ ਖਾਲਸਾ ਰਾਜ ਦੀ ਪ੍ਰਬੀਨ ਸਰਕਾਰ ਭਾਵ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਅੱਖਾਂ ਮੀਟ ਜਾਣ ਤੋਂ ਬਾਅਦ ਉਹਨਾਂ ਦੇ ਵੰਸ਼ਜਾਂ ਵਲੋਂ ਬਿਖਰੇ ਹੋਣ ਦੇ ਬਾਵਜੂਦ ਉਹਨਾਂ ਦੀਆਂ ਸਿੱਖ ਫੌਜਾਂ ਵੱਲੋਂ ਅੰਗਰੇਜਾਂ ਨਾਲ ਲੜੀ ਜਬਰਦਸਤ ਟਾਕਰਾ ਦੇਣ ਵਾਲੀ ਜੰਗ ਦਾ ਵਰਨਣ ਮੀਆਂ ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮੇ ਵਿੱਚ ਕੀਤਾ ਹੈ। ਦੇਸ ਦੀ ਕੇਂਦਰ ਸਰਕਾਰ ਖਿਲਾਫ ਖੇਤੀ ਕਾਨੂੰਨਾਂ ਨੂੰ ਲੈ ਕੇ ਪਿਛਲੇ ਸਾਲ ਤੋਂ ਪੰਜਾਬ ਦੇ ਕਿਸਾਨਾਂ ਵਲੋਂ ਅਰੰਭ ਕੀਤੇ ਸੰਘਰਸ਼ ਦੀਆਂ ਘਟਨਾਵਾਂ ਨੇ ਇੱਕ ਵਾਰ ਫਿਰ ਨਵੇਂ ਸਿਰੇ ਤੋਂ ਜੰਗਨਾਮਾ ਸਿੰਘਾਂ ਅਤੇ ਫਿਰੰਗੀਆਂ ਯਾਦ ਕਰਵਾ ਦਿੱਤਾ। ਜਿਸ ਤਰ੍ਹਾਂ ਜੰਗਨਾਮੇ ਦੇ ਬਿਆਨ ਦਾ ਅੰਦਾਜ ਸ਼ਾਹ ਮੁਹੰਮਦ ਦੇ ਸਿੱਖ ਫੌਜਾਂ ਪੱਖੀ ਹੋਣ ਦੀ ਗਵਾਹੀ ਭਰਦਾ ਹੈ ਉਸੇ ਤਰ੍ਹਾਂ ਜਦੋਂ ਅਸੀਂ ਕਿਸਾਨ ਪੱਖੀ ਹੋ ਕੇ ਇਸ ਅੰਦੋਲਨ ਨੂੰ ਦੇਖਦੇ ਹਾਂ ਤਾਂ ਬਹੁਤ ਸਾਰੇ ਦਿ੍ਰਸ਼ ਆਪਸ ਵਿੱਚ ਮੇਲ ਖਾਂਦੇ ਹਨ। ਕਿਸਾਨ ਅੰਦੋਲਨ ਦੇ ਪੰਜਾਬ ਤੋਂ ਉੱਠਣ, ਦਿੱਲੀ ਦੀਆਂ ਹੱਦਾਂ ਉੱਪਰ ਡਟਣ ਤੱਕ ਦਾ ਸਫਰ ਅਤੇ ਟਰੈਕਟਰ ਮਾਰਚ ਤੋਂ ਲੈਕੇ ਅੱਜ ਤੱਕ ਦੀਆਂ ਘਟਨਾਵਾਂ ਸ਼ਾਹ ਮੁਹੰਮਦ ਦੇ ਜੰਗਨਾਮੇ ਦੇ ਬਿਰਤਾਂਤ ਨਾਲ ਬਹੁਤ ਥਾਂ ਬਿਲਕੁਲ ਮੇਲ ਖਾਂਦੀਆਂ ਹਨ। ਕਿਸਾਨਾਂ ਵਿੱਚੋਂ ਸਿੱਖ ਫੌਜਾਂ ਦੀ ਝਲਕ ਪੈਦੀ ਹੈ ਅਤੇ ਕੇਂਦਰ ਸਰਕਾਰ ਤੇ ਪੁਲਿਸ ਫਿਰੰਗੀ ਸੈਨਾ ਦੀ ਭਾਂਤ ਨਜ਼ਰ ਆਉਂਦੀ ਹੈ। ਕੇਂਦਰ ਸਰਕਾਰ ਵਲੋਂ ਖੇਤੀ ਕਾਨੂੰਨਾਂ ਨੂੰ ਗੈਰ ਵਾਜਬ ਢੰਗ ਨਾਲ ਪਾਸ ਕਰਵਾ ਲੈਣ ਤੇ ਪੰਜਾਬ ਦੇ ਪੀੜਤ ਕਿਸਾਨਾਂ, ਸਬੰਧਤ ਧਿਰਾਂ ਅਤੇ ਜਥੇਬੰਦੀਆਂ ਦੇ ਸਿਰ ਜੁੜ ਗਏ ਅਤੇ ਇਹਨਾਂ ਦੀ ਮਾਰ ਦੀ ਚਰਚਾ ਹੋਣ ਲੱਗੀ :
ਪਿੱਛੋਂ ਆਣ ਕੇ ਸਭਨਾਂ ਨੂੰ ਫਿਕਰ ਹੋਇਆ,
ਸੋਚੀਂ ਪਏ ਨੀ ਸਭ ਸਿਰਦਾਰ ਮੀਆਂ ।
ਇਹਨਾਂ ਚਰਚਾਵਾਂ ਅਤੇ ਵਿਚਾਰਾਂ ਦਰਮਿਆਨ ਸਭ ਨੂੰ ਕੇਂਦਰ ਸਰਕਾਰ ਦੀ ਅੰਬਾਨੀਆਂ ਅਤੇ ਅਡਾਨੀਆਂ ਨਾਲ ਸਾਂਝ ਖੁੱਲ੍ਹ ਕੇ ਸਾਹਮਣੇ ਆ ਗਈ ਅਤੇ ਮੋਦੀ ਦੇ ਲੋਕ ਮਾਰੂ ਅਤੇ ਵੱਡੇ ਵਪਾਰੀਆਂ ਪੱਖੀ ਮਨਸੂਬਿਆਂ ਦਾ ਪਰਦਾ ਫਾਸ਼ ਹੋਇਆ। ਕਿਸਾਨਾਂ ਅਤੇ ਆਮ ਲੋਕਾਂ ਨੂੰ ਆਪਣੇ ਉੱਪਰ ਲੁੱਟ ਦੀ ਚੱਲਣ ਵਾਲੀ ਤਲਵਾਰ ਦਾ ਅਹਿਸਾਸ ਹੋਇਆ :
ਅੱਗੇ ਰਾਜ ਆਇਆ ਹੱਥ ਬੁਰਛਿਆਂ ਦੇ,
ਪਈ ਖੜਕਦੀ ਨਿੱਤ ਤਲਵਾਰ ਮੀਆਂ ।
ਪੰਜਾਬ ਦੇ ਲੋਕ ਪਹਿਲਾਂ ਵੱਖ-ਵੱਖ ਮੋਰਚਿਆਂ ਤੋਂ ਰਾਜ ਅੰਦਰ ਸੰਘਰਸ਼ ਕਰਦੇ ਰਹੇ। ਬਿਖਰੇ ਹੋਏ ਧਰਨਿਆਂ-ਮੁਜਾਹਰਿਆਂ ਦਾ ਕੋਈ ਅਸਰ ਨਾ ਹੁੰਦਾ ਦੇਖ ਕੇ ਫਿਰ ਸਭ ਨੇ ਇੱਕ ਝੰਡੇ ਥੱਲੇ ਇਕੱਠੇ ਹੋ ਕੇ ਦਿੱਲੀ ਦੇ ਨੇੜੇ ਹੋ ਕੇ ਅੰਦੋਲਨ ਨੂੰ ਪ੍ਰਚੰਡ ਕਰਨ ਦਾ ਫੈਸਲਾ ਕੀਤਾ ਤਾਂ ਜਦੋਂ ਪੰਜਾਬ ਦੇ ਕਿਸਾਨਾਂ ਅਤੇ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਕੂਚ ਕੀਤਾ ਤਾਂ ਮਾਹੌਲ ਦੇਸ਼ ਦੀ ਹਕੂਮਤ ਨਾਲ ਟੱਕਰ ਵਰਗਾ ਬਣ ਗਿਆ :
ਜੰਗ ਹਿੰਦ ਪੰਜਾਬ ਦਾ ਹੋਣ ਲੱਗਾ,
ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੀ ।
ਜਦੋਂ ਪੰਜਾਬ ਤੋਂ ਅੰਦੋਲਨਕਾਰੀਆਂ ਨੇ ਦਿੱਲੀ ਵੱਲ ਟਰੈਕਟਰ ਅਤੇ ਟਰਾਲੀਆਂ ਉੱਪਰ ਸਵਾਰ ਹੋ ਕੇ ਚਾਲੇ ਪਾਏ ਤਾਂ ਮਾਹੌਲ ਕਿਸੇ ਵੱਡੀ ਚੜ੍ਹਾਈ ਵਰਗਾ ਬਣ ਗਿਆ :
ਧੌਂਸਾ ਵਜਿਆ ਕੂਚ ਦਾ ਹੁਕਮ ਹੋਇਆ,
ਚੜ੍ਹੇ ਸੂਰਮੇ ਸਿੰਘ ਦਲੇਰ ਮੀਆਂ ।
ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਕਾਨਵਾਈਆਂ ਦੇ ਰੂਪ ਵਿੱਚ ਦਿੱਲੀ ਵੱਲ ਜਾਣ ਵਾਲੀਆਂ ਸੜ੍ਹਕਾਂ ਉੱਪਰ ਨੌਜਵਾਨ ਕਿਸਾਨਾਂ ਦੀਆਂ ਘੱਤੀਆਂ ਵਹੀਰਾਂ ਹਮਲਾਵਰ ਦਿ੍ਰਸ਼ ਪੇਸ਼ ਕਰ ਰਹੀਆਂ ਸਨ :
ਚੜ੍ਹੇ ਪੁਤਰ ਸਰਦਾਰਾਂ ਦੇ ਛੈਲ ਬਾਂਕੇ,
ਜੈਸੇ ਬੇਲਿਓਂ ਨਿਕਲਦੇ ਸ਼ੇਰ ਮੀਆਂ ।
ਕੇਂਦਰ ਸਰਕਾਰ ਵਲੋਂ ਇਹਨਾਂ ਵਹੀਰਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਹਰਿਆਣਾ ਸਰਕਾਰ ਅਤੇ ਪੁਲਿਸ ਨੂੰ ਰਸਤਿਆਂ ਵਿੱਚ ਬਹੁਤ ਭਾਰੀ ਰੁਕਾਵਟਾਂ ਖੜ੍ਹੀਆਂ ਕਰਨ ਦਾ ਹੁਕਮ ਦਿੱਤਾ ਗਿਆ :
ਹੁਕਮ ਲਾਟ ਕੀਤਾ ਲਸ਼ਕਰ ਆਪਣੇ ਨੂੰ,
ਤੁਸਾਂ ਲਾਜ ਅੰਗਰੇਜ਼ ਦੀ ਰੱਖਣੀ ਜੀ ।
ਕਿਸਾਨਾਂ ਨੂੰ ਅੱਗੇ ਵਧਣ ਲਈ ਰਸਤਿਆਂ ਦੀਆਂ ਰੁਕਾਵਟਾਂ ਤੋਂ ਇਲਾਵਾ ਸਖ਼ਤ ਸਰਕਾਰੀ ਹੁਕਮਾਂ ਤਹਿਤ ਪੁਲਿਸ ਅਤੇ ਉਹਨਾਂ ਦੀਆਂ ਪਾਣੀ ਵਾਲੀਆਂ ਤੋਪਾਂ ਦਾ ਵੀ ਸਾਹਮਣਾ ਕਰਨਾ ਪਿਆ :
ਹੋਇਆ ਹੁਕਮ ਅੰਗਰੇਜ਼ ਦਾ ਤੁਰਤ ਜਲਦੀ,
ਤੋਪਾਂ ਮਾਰੀਆਂ ਨੀਰ ਦੇ ਆਇ ਪੱਲੇ ।
ਪੁਲਿਸ ਵਲੋਂ ਲਗਾਏ ਬੈਰੀਕੇਡਾਂ, ਸੜਕਾਂ ਦੇ ਵਿਚਕਾਰ ਪੁੱਟੀਆਂ ਖਾਈਆਂ ਅਤੇ ਹੋਰ ਕਈ ਕਿਸਮ ਦੀਆਂ ਅੜਚਨਾਂ ਨੂੰ ਪਾਰ ਕਰਦੇ ਨੌਜਵਾਨਾਂ ਨੇ ਸਾਂਤੀ ਅਤੇ ਹਿੰਮਤ ਦੀ ਲਾਸਾਨੀ ਮਿਸਾਲ ਪੈਦਾ ਕੀਤੀ ਤਾਂ ਹਰ ਹਮਾਇਤੀ ਦਿਲ ਕਹਿ ਉੱਠਿਆ :
ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ,
ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੀ ।
ਜਦੋਂ ਕਿਸਾਨ ਦਿੱਲੀ ਵੱਲ ਵਧ ਰਹੇ ਸਨ ਤਾਂ ਬਹੁਤ ਥਾਵਾਂ ਤੇ ਉਹਨਾਂ ਦਾ ਸਾਹਮਣਾ ਭਾਰੀ ਪੁਲਿਸ ਫੋਰਸ ਨਾਲ ਹੋਇਆ। ਪੁਲਿਸ ਨਾਲ ਗੱਲਬਾਤ ਕਰਕੇ ਜਾਂ ਕਿਤੇ ਥੋੜਾ ਬਹੁਤ ਧੱਕਾ ਕਰਕੇ ਨੌਜਵਾਨ ਅੱਗੇ ਵਧਦੇ ਗਏ ਅਤੇ ਪੁਲਿਸ ਅੰਦੋਲਨਕਾਰੀਆਂ ਦੀ ਵੱਡੀ ਗਿਣਤੀ ਅਤੇ ਤਕੜੇ ਟਰੈਕਟਰਾਂ ਮੂਹਰੇ ਟਿਕ ਨਾ ਸਕੀ ਅਤੇ ਹਲਕਾ ਵਿਰੋਧ ਕਰਕੇ ਪਿੱਛੇ ਹਟਦੀ ਰਹੀ :
ਓਧਰ ਆਪ ਫਰਿੰਗੀ ਨੂੰ ਭਾਂਜ ਆਈ,
ਦੌੜੇ ਜਾਣ ਗੋਰੇ ਦਿੱਤੀ ਕੰਡ ਮੀਆਂ ।
ਦੇਸ ਦੇ ਲੋਕ ਅਤੇ ਕਾਫੀ ਹੱਦ ਤੱਕ ਪੁਲਿਸ ਫੋਰਸਾਂ ਵੀ ਸਮਝ ਰਹੀਆਂ ਸਨ ਕਿ ਕਿਸਾਨਾਂ ਦਾ ਅੰਦੋਲਨ ਜਾਇਜ ਹੈ ਇਸੇ ਕਰਕੇ ਹਰ ਵਰਗ ਦੀ ਹਮਦਰਦੀ ਕਿਸਾਨਾਂ ਦੇ ਨਾਲ ਹੋ ਤੁਰੀ :
ਨਾਹੱਕ ਦਾ ਇਨ੍ਹਾਂ ਨੇ ਖੂਨ ਕੀਤਾ,
ਇਹ ਤਾਂ ਮਰਨਗੇ ਸਭ ਸਿਰਦਾਰ ਮੀਆਂ ।
ਕਿਸਾਨਾਂ ਨੇ ਦਿੱਲੀ ਦੀਆਂ ਹੱਦਾਂ ਤੇ ਸਟੇਜਾਂ ਲਗਾ ਕੇ ਜਦੋਂ ਸਰਕਾਰ ਵਿਰੁੱਧ ਮੋਰਚੇ ਖ੍ਹੋਲੇ ਤਾਂ ਇਸ ਅੰਦੋਲਨ ਦੀ ਗੂੰਜ ਛੇਤੀ ਹੀ ਸਾਰੇ ਦੇਸ ਦੇ ਰਾਜਾਂ ਤੱਕ ਪਹੁੰਚ ਗਈ ਅਤੇ ਇੱਕਦਮ ਸਾਰਾ ਦੇਸ਼ ਕਿਸਾਨਾਂ ਦੇ ਹੱਕ ਵਿੱਚ ਖੜ੍ਹਾ ਹੋ ਗਿਆ :
ਲੱਗੀ ਧਮਕ ਸਾਰੇ ਹਿੰਦੁਸਤਾਨ ਅੰਦਰ,
ਦਿੱਲੀ ਆਗਰੇ ਹਾਂਸੀ ਹਿਸਾਰ ਮੀਆਂ ।
ਮੋਰਚਿਆਂ ਉੱਪਰ ਇੱਕ ਹੋਰ ਵਿਲੱਖਣ ਗੱਲ ਹੋਈ ਕਿ ਸਾਰੇ ਰਾਜਾਂ ਦੇ ਕਿਸਾਨ ਸਾਂਝੇ ਮੰਚ ਤੇ ਇਕੱਠੇ ਹੋ ਗਏ ਜਿਸ ਨਾਲ ਹਿੰਦੂ, ਸਿੱਖ ਅਤੇ ਮੁਸਲਮਾਨਾਂ ਸਮੇਤ ਬਹੁਤ ਸਾਰੇ ਧਰਮ ਮਿਲ ਕੇ ਬੈਠੇ ਸਨ। ਸਿਆਸਤ ਵਲੋਂ ਰਾਜਾਂ ਵਿੱਚ ਖੜੇ੍ਹ ਕੀਤੇ ਬਖੇੜੇ ਵੀ ਬੌਨੇ ਪੈ ਗਏ :
ਵੱਡੀ ਸਾਂਝ ਹੈ ਹਿੰਦੂਆਂ ਮੁਸਲਮਾਨਾਂ,
ਉਹ ਦੇ ਨਾਲ ਨਾ ਕਿਸੇ ਦਾ ਵਾਸਤਾ ਈ ।
ਅੰਦੋਲਨ ਦੇ ਚਲਦਿਆਂ ਹੀ ਸਰਦੀ ਦਾ ਮੌਸਮ ਜੋਰ ਫੜ ਗਿਆ ਸੀ। ਕਿਸਾਨਾਂ ਨੂੰ ਸਰਦੀ ਦੇ ਚਲਦਿਆਂ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਮਿਲੀ ਭਰਵੀਂ ਹਮਾਇਤ ਕਾਰਨ ਉਹ ਹੌਸਲੇ ਵਿੱਚ ਸਨ। ਅੰਦੋਲਨ ਦੌਰਾਨ ਠੰਢ ਅਤੇ ਹੋਰ ਕਾਰਨਾਂ ਨਾਲ ਬਹੁਤ ਸਾਰੀਆਂ ਮੌਤਾਂ ਵੀ ਹੋ ਰਹੀਆਂ ਸਨ ਜੋ ਦੁਖਦਾਈ ਵਰਤਾਰਾ ਸਾਬਤ ਹੋ ਰਿਹਾ ਸੀ :
ਕਈ ਮਾਵਾਂ ਦੇ ਪੁੱਤਰ ਨੀ ਮੋਏ ਓਥੇ,
ਸੀਨੇ ਲੱਗੀਆਂ ਤੇਜ ਕਟਾਰੀਆਂ ਨੀ ।
ਜਿਨ੍ਹਾਂ ਭੈਣਾਂ ਨੂੰ ਵੀਰ ਨਾ ਮਿਲੇ ਮੁੜ ਕੇ,
ਪਈਆਂ ਰੋਂਦੀਆਂ ਫਿਰਨ ਵਿਚਾਰੀਆਂ ਨੀ ।
ਕਿਸਾਨ ਅੰਦੋਲਨ ਦੇ ਸ਼ਾਂਤਮਈ ਅਤੇ ਅਨੁਸਾਸ਼ਤ ਸੰਚਾਲਨ ਦੀਆਂ ਧੁੰਮਾਂ ਵਿਦੇਸਾਂ ਤੱਕ ਵੀ ਪਹੁੰਚ ਗਈਆਂ। ਕਈ ਵਿਦੇਸ਼ੀ ਸਰਕਾਰਾਂ ਨੇ ਵੀ ਕਿਸਾਨ ਅੰਦੋਲਨ ਦੇ ਹੱਕੀ ਹੋਣ ਤੇ ਮੋਹਰ ਲਗਾਈ। ਇਸ ਤੋਂ ਇਲਾਵਾ ਵਿਸ਼ਵ ਦੀਆਂ ਪ੍ਰਸਿੱਧ ਹਸਤੀਆਂ ਨੇ ਵੀ ਕਿਸਾਨਾਂ ਦੇ ਸਮਰਥਨ ਵਿੱਚ ਆਵਾਜ ਉਠਾਈ ਅਤੇ ਸਰਕਾਰ ਦੇ ਧੱਕੇ ਦੀ ਨਿਖੇਧੀ ਕੀਤੀ :
ਖਬਰਾਂ ਉੱਡੀਆਂ ਵਿਚ ਜਹਾਨ ਦੇ ਜੀ ।
ਸ਼ਾਹ ਮੁਹੰਮਦਾ ਵੈਰੀ ਨੂੰ ਜਾਣ ਹਾਜਰ,
ਪੂਰੀ ਦੁਨੀਆਂ ਵਿੱਚ ਹੁੰਦੀ ਭੰਡੀ ਨੂੰ ਦੇਖ ਕੇ ਸਰਕਾਰ ਕੁੱਝ ਨਰਮ ਵੀ ਪਈ ਅਤੇ ਕਿਸਾਨ ਆਗੂਆਂ ਨੂੰ ਗੱਲਬਾਤ ਲਈ ਤਜਵੀਜ਼ ਭੇਜੀ :
ਅਰਜੀ ਲਿਖੀ ਫਰਿੰਗੀਆਂ ਖਾਲਸੇ ਨੂੰ,
ਤੁਸੀਂ ਕਾਸ ਨੂੰ ਜੰਗ ਮਚਾਂਵਦੇ ਹੋ ।
ਸਰਕਾਰ ਨਾਲ ਕਿਸਾਨਾਂ ਦੀਆਂ ਦਰਜਨ ਦੇ ਕਰੀਬ ਬੈਠਕਾਂ ਹੋਈਆਂ। ਜਿਹਨਾਂ ਵਿੱਚ ਸਰਕਾਰ ਦੇ ਨੁਮਾਇੰਦਿਆਂ ਨੇ ਕਿਸਾਨ ਆਗੂਆਂ ਨੂੰ ਖੇਤੀ ਕਾਨੂੰਨਾਂ ਵਿੱਚ ਮਨਚਾਹੀਆਂ ਸੋਧਾਂ ਕਰਨ ਅਤੇ ਇਹਨਾਂ ਨੂੰ ਖੋਖਲਾ ਕਰ ਦੇਣ ਦੇ ਲਾਲਚ ਵੀ ਦਿੱਤੇ :
ਕਈ ਲੱਖ ਰੁਪਏ ਲੈ ਜਾਓ ਸਾਥੋਂ,
ਦੇਈਏ ਹੋਰ ਜੋ ਤੁਸੀਂ ਫੁਰਮਾਂਵਦੇ ਹੋ ।
ਖੇਤੀ ਕਾਨੂੰਨਾਂ ਨੂੰ ਲੈ ਕੇ ਪੂਰੀ ਦੁਨੀਆਂ ਹੋਈ ਭੰਡੀ ਅਤੇ ਨਿਖੇਧੀ ਦੇ ਬਾਵਜੂਦ ਵੀ ਪ੍ਰਧਾਨ ਮੰਤਰੀ ਨੇ ਕਿਸਾਨਾਂ ਨਾਲ ਮੀਟਿੰਗ ਵਿੱਚ ਬੈਠਣਾ ਜਾਂ ਕੋਈ ਜਿੰਮੇਵਾਰ ਬਿਆਨ ਦੇਣਾ ਜਰੂਰੀ ਨਹੀਂ ਸਮਝਿਆ ਜਿਵੇਂ ਉਸ ਨੂੰ ਕਾਰਪੋਰੇਟ ਘਰਾਣਿਆਂ ਦੀ ਹਮਾਇਤ ਦਾ ਜਨਤਾ ਦੀ ਅਹਿਮੀਅਤ ਨਾਲੋਂ ਜਿਆਦਾ ਘਮੰਡ ਹੋਵੇ :
ਉਹਦੇ ਨਾਲ ਨਾ ਬੈਠ ਕੇ ਗੱਲ ਕਰਨੀ,
ਖੁਦੀ ਆਪਣੀ ਵਿਚ ਮਹਾਸਤਾ ਈ ।
ਸਰਕਾਰ ਨਾਲ ਹੁੰਦੀਆਂ ਬੈਠਕਾਂ ਵਿੱਚ ਸਰਕਾਰ ਕਾਨੂੰਨ ਰੱਦ ਕਰਨ ਦੇ ਮਾਮਲੇ ਵਿੱਚ ਟੱਸ ਤੋਂ ਮੱਸ ਨਹੀਂ ਹੋ ਰਹੀ ਸੀ, ਬੱਸ ਸੋਧਾਂ ਤੇ ਬਜਿੱਦ ਸੀ ਪਰ ਕਿਸਾਨ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਰੱਦ ਕਰਨ ਤੇ ਅੜੇ ਹੋਏ ਸਨ। ਸਰਕਾਰ ਮੰਨਣ ਨੂੰ ਤਿਆਰ ਨਹੀਂ ਸੀ ਅਤੇ ਕਿਸਾਨ ਆਗੂਆਂ ਉੱਪਰ ਕਾਨੂੰਨ ਪੂਰੀ ਤਰ੍ਹਾਂ ਰੱਦ ਕਰਾਉਣ ਦਾ ਦਬਾਅ ਸੀ। ਇਸ ਤਰ੍ਹਾਂ ਆਗੂਆਂ ਲਈ ਬੇਬਸੀ ਵਾਲੀ ਸਥਿਤੀ ਬਣੀ ਰਹੀ :
ਸ਼ਾਹ ਮੁਹੰਮਦਾ ਦੌੜ ਕੇ ਜਾਣ ਕਿਥੇ,
ਇਥੋਂ ਸ਼ਹਿਰ ਲਾਹੌਰ ਹੈ ਦੂਰ ਮੀਆਂ ।
ਬੈਠਕਾਂ ਦੇ ਲੰਬੇ ਦੌਰ ਵਿੱਚ ਵੀ ਕੋਈ ਨਤੀਜਾ ਨਾ ਨਿਕਲਿਆ। ਇਸੇ ਦਰਮਿਆਨ 26 ਜਨਵਰੀ ਦਾ ਗਣਤੰਤਰ ਦਿਵਸ ਆ ਗਿਆ। ਕਿਸਾਨ ਜਥੇਬੰਦੀਆਂ ਵਲੋਂ ਆਪਣਾ ਰੋਹ ਅਤੇ ਵਿਰੋਧ ਪ੍ਰਗਟ ਕਰਨ ਲਈ ਗਣਤੰਤਰ ਦਿਵਸ ਵਾਲੇ ਦਿਨ ਦਿੱਲੀ ਵਿੱਚ ਟਰੈਕਟਰ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ। ਪੰਜਾਬ ਸਮੇਤ ਪੂਰੇ ਦੇਸ ਅੰਦਰ ਇਸ ਮਾਰਚ ਨੂੰ ਮਿਸਾਲੀ ਬਣਾਉਣ ਲਈ ਲਾਮਬੰਦੀ ਕੀਤੀ ਗਈ। ਪੂਰੇ ਪੰਜਾਬ ਵਿੱਚੋਂ ਇਸ ਸੁਨੇਹੇ ਨੂੰ ਭਰਪੂਰ ਹੁੰਗਾਰਾ ਮਿਲਿਆ :
ਸ਼ਾਹ ਮੁਹੰਮਦਾ ਖੂਹਾਂ ਤੇ ਮਿਲਖ ਵਾਲੇ,
ਅਸੀਂ ਦੱਬ ਕੇ ਲਾਵਾਂਗੇ ਜੋਤਰੇ ਜੀ ।
ਟਰੈਕਟਰ ਮਾਰਚ ਦੀਆਂ ਤਿਆਰੀਆਂ ਦਰਮਿਆਨ ਮਾਰਚ ਦੇ ਰੂਟ ਬਾਰੇ ਕਈ ਵੱਖ-ਵੱਖ ਰਾਵਾਂ ਉੱਠੀਆਂ ਅਤੇ ਸਹਿਮਤੀਆਂ- ਅਸਹਿਮਤੀਆਂ ਦਾ ਆਦਾਨ ਪ੍ਰਦਾਨ ਵੀ ਹੋਇਆ। ਕੁੱਝ ਧਿਰਾਂ ਅਤੇ ਨੌਜਵਾਨ ਪਹਿਲੀ ਕਾਲ ਤਹਿਤ ਰਿੰਗ ਰੋਡ ਜਾਣ ਲਈ ਕਹਿੰਦੇ ਦਿਖਾਈ ਦਿੱਤੇ :
ਸ਼ਾਹ ਮੁਹੰਮਦਾ ਵਰਜ ਨਾ ਜਾਂਦਿਆਂ ਨੂੰ,
ਫੌਜਾਂ ਹੋਇ ਮੁਹਤਾਣੀਆਂ ਕਦੋਂ ਮੁੜੀਆਂ ।
ਇਸ ਟਰੈਕਟਰ ਮਾਰਚ ਦੀ ਖ਼ਬਰ ਪੂਰੇ ਵਿਸ਼ਵ ਵਿੱਚ ਫੈਲ ਚੁੱਕੀ ਸੀ। ਗਣਤੰਤਰ ਦਿਵਸ ਵਾਲੇ ਦਿਨ ਕਿਸਾਨਾਂ ਅਤੇ ਨੌਜਵਾਨਾਂ ਦਾ ਹੜ੍ਹ ਜਦੋਂ ਦਿੱਲੀ ਵੱਲ ਤੁਰਿਆ ਤਾਂ ਇਹ ਦਿ੍ਰਸ਼ ਵੀ ਕਿਸੇ ਅਲੌਕਿਕ ਨਜ਼ਾਰੇ ਤੋਂ ਘੱਟ ਨਹੀਂ ਸੀ। ਗਿਣਤੀ ਜਿਆਦਾ ਹੋਣ ਕਾਰਨ, ਰਸਤਿਆਂ ਦਾ ਪਤਾ ਨਾ ਲੱਗਣ ਕਾਰਨ ਅਤੇ ਕੁੱਝ ਸਰਕਾਰ ਦੀਆਂ ਚਾਲਾਂ ਕਾਰਨ ਇਹ ਵਹੀਰਾਂ ਆਪ ਮੁਹਾਰੀਆਂ ਹੀ ਹੋ ਗਈਆਂ ਸਨ :
ਸੁਣ ਕੇ ਖਬਰ ਫਿਰੰਗੀ ਦੀ ਚੜ੍ਹੇ ਸਾਰੇ,
ਫੌਜਾਂ ਬੇਮੁਹਾਰੀਆਂ ਹੋਇ ਤੁਰੀਆਂ ।
ਇਹਨਾਂ ਬੇਮੁਹਾਰੀਆਂ ਵਹੀਰਾਂ ਲਾਲ ਕਿਲ੍ਹੇ ਵੱਲ ਹੋ ਗਈਆਂ ਜਾਂ ਸਾਜਿਸ਼ ਤਹਿਤ ਧੱਕ ਦਿੱਤੀਆਂ ਇਹ ਹਾਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਪਰ ਪੱਲੜਾ ਸਾਜਿਸ਼ ਵੱਲ ਹੀ ਝੁਕਦਾ ਹੈ। ਪਰ ਜੋਸ਼ ਵਿੱਚ ਆਈ ਭੀੜ ਨੇ ਲਾਲ ਕਿਲ੍ਹੇ ਦੇ ਖਾਲੀ ਪਏ ਜਾਂ ਜਾਣ-ਬੁੱਝ ਕੇ ਰੱਖੇ ਗਏ ਪੋਲ ਉੱਪਰ ਕਿਸਾਨੀ ਅਤੇ ਖਾਲਸਈ ਝੰਡਾ ਲਹਿਰਾ ਦਿੱਤਾ :
ਘੋੜ-ਚੜ੍ਹੇ ਅਕਾਲੀਏ ਨਵੇਂ ਸਾਰੇ,
ਝੰਡੇ ਦਿੱਤੇ ਨੀ ਜਾਇ ਕੇ ਗੱਡ ਮੀਆਂ ।
ਇਸ ਟਰੈਕਟਰ ਮਾਰਚ ਦੌਰਾਨ ਦਿੱਲੀ ਪੁਲਿਸ ਨਾਲ ਵੀ ਬਹੁਤ ਥਾਵਾਂ ਤੇ ਪੁਲਿਸ ਨਾਲ ਟਾਕਰੇ ਵੀ ਹੋਏ। ਕਈ ਥਾਵਾਂ ਤੇ ਜੋਰ ਅਜਮਾਈ ਵੀ ਹੋਈ, ਕਿਤੇ ਅੰਦੋਲਨਕਾਰੀ ਭਾਰੀ ਪਏ ਕਿਤੇ ਪੁਲਿਸ ਵੀ ਭਾਰੀ ਪਈ। ਰਸਤੇ ਭਟਕ ਕੇ ਇੱਧਰ ਉੱਧਰ ਫਿਰਦੇ ਕਿਸਾਨਾਂ ਦੇ ਟੋਲੇ ਪੁਲਿਸ ਤਸ਼ੱਦਦ ਦਾ ਵੀ ਸ਼ਿਕਾਰ ਹੋਏ :
ਅੱਗੇ ਤੋਪਾਂ ਦੇ ਧਨੀ ਵੀ ਹੈਨ ਗੋਰੇ,
ਵੰਗਾਂ ਪਹਿਨ ਖਲੋਤੀਆਂ ਨਹੀਂ ਕੁੜੀਆਂ ।
ਲਾਲ ਕਿਲ੍ਹੇ ਉੱਪਰ ਝੰਡੇ ਲਹਿਰਾ ਦੇਣ ਦੀ ਘਟਨਾ ਨੇ ਇੱਕ ਵਾਰ ਤਾਂ ਪੂਰੇ ਦੇਸ਼ ਦੇ ਰੌਂਗਟੇ ਖੜ੍ਹੇ ਕਰ ਦਿੱਤੇ। ਇਸ ਨਾਲ ਇਹ ਗੱਲ ਇੱਕ ਵਾਰ ਫਿਰ ਉਜਾਗਰ ਹੋ ਗਈ ਕਿ ਜਨਤਾ ਦੇ ਇਕੱਠ ਅਤੇ ਸਮੇਂ ਦੇ ਦੌਰ ਅੱਗੇ ਵੱਡੀਆਂ-ਵੱਡੀਆਂ ਸਰਕਾਰਾਂ ਨੂੰ ਵੀ ਟਿਕਣਾ ਔਖਾ ਹੋ ਜਾਂਦਾ ਹੈ:
ਅਕਬਰ ਸ਼ਾਹ ਜੇਹੇ ਆਏ ਵਿਚ ਦਿੱਲੀ,
ਫੇਰੀ ਵਾਂਗ ਵਣਜਾਰਿਆਂ ਪਾਇ ਗਏ ।
ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ,
ਵਾਜੇ ਕੂੜ ਦੇ ਕਈ ਵਜਾਇ ਗਏ ।
ਸਰਕਾਰ ਤੇ ਸਰਕਾਰੀ ਮੀਡੀਏ ਵਲੋਂ ਇਸ ਘਟਨਾ ਨੂੰ ਹਿੰਸਾ ਕਹਿ ਕੇ ਪ੍ਰਚਾਰਿਆ ਗਿਆ ਅਤੇ ਸਖ਼ਤ ਨੋਟਿਸ ਦੇ ਸੰਕੇਤ ਮਿਲੇ ਤਾਂ ਕਿਸਾਨ ਜਥੇਬੰਦੀਆਂ ਦੁਆਰਾ ਇਸ ਘਟਨਾ ਨਾਲੋਂ ਇੱਕਦਮ ਨਾਤਾ ਤੋੜ ਲਿਆ ਗਿਆ ਅਤੇ ਇਸ ਨੂੰ ਨਿਯੋਜਿਤ ਅਤੇ ਪੈਸੇ ਵਿੱਚ ਤੋਲੀ ਹੋਈ ਘਟਨਾ ਗਰਦਾਨਿਆ ਗਿਆ :
ਸ਼ਾਹ ਮੁਹੰਮਦਾ ਲਵਾਂਗੇ ਫੇਰ ਕੈਂਠੇ,
ਤਿੱਲੇਦਾਰ ਜੋ ਰੇਸਮੀ ਡੋਰੀਆਂ ਨੀ ।‘
ਇਸ ਘਟਨਾ ਤੋਂ ਬਾਅਦ ਕਿਸਾਨ ਅਗਵਾਈ ਵਿੱਚ ਇਸ ਘਟਨਾ ਤੋਂ ਪੱਲਾ ਛੁਡਾਉਣ ਲਈ ਅਤੇ ਦੂਸਰਿਆਂ ਨੂੰ ਬਦਨਾਮ ਕਰਨ ਦਾ ਦੁਖਦਾਈ ਦੌਰ ਅਰੰਭ ਹੋ ਗਿਆ। ਆਗੂਆਂ ਵਲੋਂ ਗਦਾਰੀਆਂ ਦੇ ਦੋਸ਼ਾਂ ਦੀ ਝੜੀ ਲੱਗੀ ਰਹੀ :
ਪਹਾੜਾ ਸਿੰਘ ਸੀ ਯਾਰ ਫਰਿੰਗੀਆਂ ਦਾ,
ਸਿੰਘਾਂ ਨਾਲ ਸੀ ਓਸ ਦੀ ਗੈਰਸਾਲੀ ।
ਇਸ ਵਰਤਾਰੇ ਤੋਂ ਬਾਅਦ ਕਿਸਾਨ ਆਗੂਆਂ ਦੇ ਬਿਆਨਾਂ ਦੇ ਨਿਸ਼ਾਨੇ ਸਰਕਾਰ ਵੱਲ ਚੱਲਣ ਦੀ ਥਾਂ ਆਪਣਿਆਂ ਨੂੰ ਫੁੰਡਣ ਵਿੱਚ ਉਲਝ ਗਏ। ਜਿਹੜੇ ਕਿਸਾਨ ਆਗੂਆਂ ਦੇ ਬਿਆਨ ਸੁਣਨ ਲਈ ਲੋਕ ਉਡੀਕ ਕਰਦੇ ਸਨ ਉਹਨਾਂ ਦੇ ਬਿਆਨ ਆਪਸੀ ਦ੍ਵੈਸ਼ ਕਾਰਨ ਕੰਨਾਂ ਨੂੰ ਚੁਭਣ ਲੱਗੇ :
ਸਿਰ ਤੇ ਫੌਜ ਦੇ ਰਿਹਾ ਨਾ ਕੋਈ ਕੁੰਡਾ,
ਹੋਇਆ ਸ਼ੁਤਰ ਜਿਉਂ ਬਾਝ ਮੁਹਾਰ ਮੀਆਂ ।
ਇਸੇ ਵਰਤਾਰ ਦਰਮਿਆਨ ਸਰਕਾਰ ਨੇ ਗਾਜੀਪੁਰ ਬਾਰਡਰ ਤੇ ਕਿਸਾਨਾਂ ਦੀ ਗਿਣਤੀ ਘੱਟ ਹੋਣ ਕਾਰਨ ਭਾਰੀ ਪੁਲਿਸ ਫੋਰਸ ਨਾਲ ਚੜ੍ਹਾਈ ਕਰ ਦਿੱਤੀ, ਉਸ ਵਕਤ ਬਾਰਡਰ ਤੇ ਉੱਤਰ ਪ੍ਰਦੇਸ਼ ਦੇ ਸਿੱਖ ਅੰਦੋਲਨਕਾਰੀਆਂ ਦੀ ਹੀ ਗਿਣਤੀ ਜਿਆਦਾ ਸੀ ਤਾਂ ਉੱਤਰ ਪ੍ਰਦੇਸ਼ ਦੇ ਜੱਦੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਬਹੁਤ ਜੁਰਅਤ ਦਿਖਾਈ ਅਤੇ ਪੱਗਾਂ ਵਾਲੇ ਸਰਦਾਰਾਂ ਦੀ ਹਮਾਇਤ ਵਿੱਚ ਫੋਰਸਾਂ ਅਤੇ ਪ੍ਰਸਾਸ਼ਨ ਅੱਗੇ ਡੱਟ ਗਿਆ ਕਿਉਂਕਿ ਉਸਦਾ ਕਿਸਾਨ ਆਗੂ ਪਿਤਾ ਵੀ ਪੱਗ ਬੰਨ੍ਹਦਾ ਸੀ ਉਸਨੇ ਆਪਣੇ ਰਾਜ ਦੇ ਕਿਸਾਨਾਂ ਨੂੰ ਜੋਰ ਦੀ ਹਾਕ ਮਾਰੀ :
ਫੇੜ ਬੁਰਛਿਆਂ ਦੀ ਸਾਡੇ ਪੇਸ ਆਈ,
ਪੱਗ ਦਾੜ੍ਹੀਆਂ ਦੀ ਰੱਖੋ ਲਾਜ ਯਾਰੋ ।
ਫਿਰ ਕਿਸਾਨ ਆਗੂਆਂ ਦੀ ਨੌਜਵਾਨਾਂ ਪ੍ਰਤੀ ਕੀਤੀ ਨਫ਼ਰਤੀ ਬਿਆਨਬਾਜੀ ਅਤੇ ਅਪਣਾਏ ਬੇਰੁਖ਼ੀ ਵਾਲੇ ਰਵੱਈਏ ਕਾਰਨ ਨੌਜਵਾਨ ਵਰਗ ਨਾਰਾਜ਼ ਵੀ ਰਿਹਾ :
ਸ਼ਾਹ ਮੁਹੰਮਦਾ ਦੇਹ ਇਨਾਮ ਸਗੋਂ,
ਸਾਡੇ ਜੋਰ ਤੇ ਰਾਜ ਕਮਾਵਨੀ ਹੈਂ।
ਕਿਸਾਨਾਂ ਅਤੇ ਨੌਜਵਾਨਾਂ ਉੱਪਰ ਸਰਕਾਰ ਤੇ ਪੁਲਿਸ ਵਲੋਂ ਕੀਤੇ ਜਾ ਰਹੇ ਤਸ਼ੱਦਦ ਖਿਲਾਫ਼ ਲੜਨ ਵਿੱਚ ਕਿਸਾਨ ਆਗੂਆਂ ਨੂੰ ਪੂਰੀ ਤਰ੍ਹਾਂ ਨੂੰ ਜੋੜਨ ਲਈ ਪਿੰਡ ਮਹਿਰਾਜ਼ ਵਿਖੇ ਰੈਲੀ ਰੱਖੀ ਗਈ ਜਿੱਥੇ ਦਿੱਲੀ ਪੁਲਿਸ ਵਲੋਂ ਲੋੜੀਂਦੇ ਨੌਜਵਾਨ ਆਗੂ ਨੇ ਵੀ ਆਉਣਾ ਸੀ। ਉਸ ਨੂੰ ਫੜਨ ਵਾਸਤੇ ਦਿੱਲੀ ਦੀ ਪੁਲਿਸ ਰੈਲੀ ਵਾਲੀ ਥਾਂ ਪਹੁੰਚੀ ਵੀ ਹੋਈ ਸੀ ਪਰ ਇਕੱਠ ਅਤੇ ਉਸ ਦੀ ਹਰਮਨ ਪਿਆਰਤਾ ਨੂੰ ਦੇਖਦਿਆਂ ਕਾਰਵਾਈ ਨਹੀਂ ਕਰ ਸਕੀ :
ਅੱਗੇ ਛੇੜਿਆ ਨਹੀਂ ਫਿਰੰਗੀਆਂ ਨੇ,
ਦੁਹਾਂ ਧਿਰਾਂ ਦੇ ਰੁਲਣਗੇ ਬਹੁਤ ਮੁਰਦੇ ।
ਫਿਰ ਕਿਸਾਨ ਆਗੂਆਂ ਵਲੋਂ ਟਰੈਕਟਰ ਮਾਰਚ ਨਾਲ ਸਬੰਧਤ ਪੁਲਿਸ ਦੇ ਤਸ਼ੱਦਦ ਝੱਲਦੇ ਅਤੇ ਜੇਲ੍ਹਾਂ ਵਿੱਚ ਡੱਕੇ ਕਿਸਾਨਾਂ ਨੂੰ ਰਿਹਾਅ ਕਰਾਉਣ ਲਈ ਕਾਨੂੰਨੀ ਲੜਾਈ ਲੜਨ ਵਿੱਚ ਕੀਤੀ ਜਾ ਰਹੀ ਢਿੱਲ ਬਾਰੇ ਵੀ ਸੁਆਲ ਉੱਠੇ। ਪੰਜਾਬ ਵਿੱਚ ਮਹਾਂ-ਪੰਚਾਇਤਾਂ ਕਰਨ ਆਇਆਂ ਨੂੰ ਲੋਕਾਂ ਅਤੇ ਪੱਤਰਕਾਰਾਂ ਦੇ ਤਿੱਖੇ ਪ੍ਰਸ਼ਨਾਂ ਦਾ ਸਾਹਮਣਾ ਕਰਨਾ ਪਿਆ :
ਸ਼ਾਹ ਮੁਹੰਮਦਾ ਕਹਿੰਦੇ ਨੇ ਲੋਕ ਸਿੰਘ ਜੀ,
ਤੁਸੀਂ ਚੰਗੀਆਂ ਪੂਰੀਆਂ ਪਾਇ ਆਏ ।‘
ਇਹ ਸਪੱਸ਼ਟ ਹੋਣਾ ਤਾਂ ਬਾਕੀ ਹੈ ਕਿ ਲਾਲ ਕਿਲ੍ਹੇ ਦੀ ਘਟਨਾ ਸਾਜਿਸ਼ ਸੀ, ਆਪਮੁਹਾਰੇ ਵਾਪਰੀ ਸੀ ਜਾਂ ਕੋਈ ਰੱਬੀ ਵਰਤਾਰਾ ਸੀ। ਇਹ ਜੋ ਵੀ ਸੀ ਇਸ ਨੂੰ ਮੱਥੇ ਦਾ ਕਲੰਕ ਬਣਾਉਣ ਦੀ ਥਾਂ ਸਿਰ ਦਾ ਤਾਜ ਵੀ ਬਣਾਇਆ ਜਾ ਸਕਦਾ ਸੀ ਪਰ ਮੰਦ ਭਾਵਨਾ ਨਾਲ ਇਸ ਦੀ ਰੰਗਤ ਬਦਲ ਦਿੱਤੀ ਗਈ :
ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ,
ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ ।
ਅੱਗੇ ਚੱਲ ਕੇ ਅਗਵਾਈ ਦੀ ਆਪਸੀ ਖਿੱਚੋਤਾਣ, ਬਿਆਨਬਾਜ਼ੀ ਅਤੇ ਵਤੀਰੇ ਕਾਰਨ ਲੋਕਾਂ ਦੀ ਘਟੀ ਸ਼ਮੂਲੀਅਤ ਬਾਰੇ ਜਦੋਂ ਲੋਕ ਜਾਂ ਪੱਤਰਕਾਰ ਕਿਸਾਨ ਆਗੂਆਂ ਨੂੰ ਸੁਆਲ ਕਰਦੇ ਤਾਂ ਉਹ ਬਿਆਨਾਂ ਤੋਂ ਥਿੜਕਦੇ ਦਿਖਾਈ ਦੇਣ ਲੱਗੇ :
ਅਗੋਂ ਲੋਕ ਲੜਾਈ ਦੀ ਗੱਲ ਪੁਛਣ,
ਜੀਭ ਹੋਠਾਂ ਤੇ ਫੇਰ ਦਿਖਾਂਵਦੇ ਨੀ ।
ਦਿੱਲੀ ਦੀਆਂ ਬਰੂਹਾਂ ਤੇ ਅੰਦੋਲਨ ਚੱਲਦਿਆਂ ਪੰਜ ਮਹੀਨੇ ਹੋ ਚੁੱਕੇ ਹਨ। ਸਰਕਾਰ ਨੇ ਕਰੋਨਾ ਵਾਲਾ ਪੈਂਤੜਾ ਵੀ ਅਪਨਾਉਣ ਦਾ ਯਤਨ ਕੀਤਾ ਪਰ ਕਿਸਾਨਾਂ ਨੂੰ ਹਟਾਉਣ ਵਿੱਚ ਕਾਮਯਾਬ ਨਹੀਂ ਹੋ ਸਕੀ। ਹੁਣ ਅਪਰੇਸ਼ਨ ਕਲੀਨ ਤਹਿਤ ਕਿਸਾਨਾਂ ਦੇ ਮੋਰਚਿਆਂ ਦਾ ਹਵਾਈ ਸਰਵੇਖਣ ਕਰਵਾਇਆ ਜਾ ਰਿਹਾ ਹੈ ਪਰ ਕਿਸਾਨ ਡਟੇ ਹੋਏ ਹਨ :
ਦੂਰਬੀਨ ਅੰਗਰੇਜ ਨੇ ਹੱਥ ਲੈ ਕੇ,
ਕੀਤਾ ਫੌਜ ਦਾ ਸਭ ਸ਼ੁਮਾਰ ਮੀਆਂ ।
ਨਿੱਕੇ ਬੱਚੇ ਜੋ ਜਾਂ ਤਾਂ ਆਪਣੇ ਘਰਦਿਆਂ ਨਾਲ ਮੋਰਚਿਆਂ ਤੇ ਘੁੰਮ ਆਏ ਜਾਂ ਟੈਲੀਵਿਜਨ ਜਾਂ ਨੈੱਟ ਰਾਹੀਂ ਇਸ ਅੰਦੋਲਨ ਦੇ ਘਟਨਾਕ੍ਰਮ ਦੌਰਾਨ ਕਿਸਾਨਾਂ ਨੂੰ ਵੱਡੀਆਂ ਪੁਲਿਸ ਫੋਰਸਾਂ ਨਾਲ ਭਿੜਦੇ ਦੇਖਿਆ ਅਤੇ ਹੱਦਾਂ ਤੇ ਲੱਗੇ ਪੁਲਿਸ ਦੇ ਬੈਰੀਕੇਡ ਦੇਖੇ, ਉਹ ਵੀ ਵਾਪਿਸ ਆ ਕੇ ਆਪਣੇ ਆੜੀਆਂ ਨਾਲ ਇਸ ਅੰਦੋਲਨ ਦੀਆ ਗੱਲਾਂ ਕਰਨ ਲੱਗੇ :
ਨਿਕੇ ਪੋਚ ਹੁਣ ਬੈਠ ਕੇ ਕਰਨ ਗੱਲਾਂ,
ਡਿਠੀ, ਅਸਾਂ ਫਰਿੰਗੀ ਦੀ ਛਾਵਣੀ ਜੀ ।
ਲੰਬਾ ਸਮਾਂ ਅਤੇ ਕਾਫੀ ਕੁੱਝ ਨਜਾਇਜ ਵਾਪਰ ਜਾਣ ਦੇ ਬਾਅਦ ਵੀ ਮੋਰਚਿਆਂ ਨੂੰ ਕਾਇਮ ਰੱਖਦਿਆਂ ਕਿਸਾਨ ਕਾਨੂੰਨ ਰੱਦ ਕਰਾਉਣ ਕਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹਨ:
ਸ਼ਾਹ ਮੁਹੰਮਦਾ ਸਿਰਾਂ ਦੀ ਲਾਇ ਬਾਜੀ,
ਨਹੀਂ ਮੋੜਦੇ ਸੂਰਮੇ ਅੰਗ ਮੀਆਂ ।
ਸਰਕਾਰ ਇੰਨੇ ਵੱਡੇ ਅੰਦੋਲਨ ਦੇ ਬਾਵਜੂਦ ਵੀ ਕਾਫੀ ਚਿਰ ਅੜੀਅਲ ਅਤੇ ਬੇਰੁਖੀ ਵਾਲਾ ਰਵੱਈਆ ਲੈ ਚੁੱਪ ਬੈਠੀ ਹੈ ਜਿਸ ਨਾਲ ਸੰਘਰਸ ਦੇ ਲੰਬਾ ਚੱਲਣ ਦੀਆਂ ਕਿਆਸ ਅਰਾਈਆਂ ਨੇ ਜੋਰ ਫੜ ਲਿਆ ਹੈ :
ਸ਼ਾਹ ਮੁਹੰਮਦਾ ਨਹੀਂ ਮਾਲੂਮ ਸਾਨੂੰ,
ਅਗੇ ਹੋਰ ਕੀ ਖੇਡ ਰਚਾਵਣੀ ਜੀ ।
ਇਸ ਕਿਸਾਨ ਅੰਦੋਲਨ ਨੇ ਜਿੱਥੇ ਇਤਿਹਾਸ ਯਾਦ ਕਰਾਇਆ ਹੈ ਉੱਥੇ ਇਹ ਬਹੁਤ ਸਾਰੀਆਂ ਆਸ਼ਾਵਾਦੀ ਸੰਭਾਵਨਾਵਾਂ ਪੈਦਾ ਕਰਕੇ ਨਵੀਆਂ ਪੈੜਾਂ ਪਾ ਰਿਹਾ ਹੈ।

Related posts

ਵਿਸ਼ਵ ਸਾੜੀ ਦਿਵਸ 2024: ਸੁੰਦਰਤਾ, ਪਰੰਪਰਾ ਅਤੇ ਸ਼ਕਤੀਕਰਨ ਦਾ ਜਸ਼ਨ !

admin

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ “ਵੀਰ ਬਾਲ ਦਿਵਸ” ਕਹਿਣਾ: ਕੀ ਸਿੱਖ ਮਰਿਆਦਾ ਨਾਲ ਖਿਲਵਾੜ ਨਹੀਂ ?

admin

ਕੌਣ ਸੀ ਸ਼ਾਹ ਮੁਹੰਮਦ ਦੇ ਜੰਗਨਾਮਾ ਵਿੱਚ ਵਰਣਿਤ ਪਹਾੜਾ ਸਿੰਘ ?

admin