India

ਕਿਸਾਨ ਭੱਜੇ ਨਹੀਂ, ਸਰਕਾਰ ਨੂੰ ਗੱਲਬਾਤ ਦਾ ਹੋਰ ਮੌਕਾ ਦੇਣਾ ਚਾਹੁੰਦੇ ਨੇ – ਪੰਧੇਰ

ਕਿਸਾਨ ਆਗੂ ਸਵਰਨ ਸਿੰਘ ਪੰਧੇਰ। (ਫੋਟੋ: ਏ ਐਨ ਆਈ)

ਪਟਿਆਲਾ – ਸ਼ੰਭੂ ਬਾਰਡਰ ’ਤੇ ਡਟੇ ਕਿਸਾਨਾਂ ਨੇ ਦਿੱਲੀ ਕੂਚ ਦਾ ਪ੍ਰੋਗਰਾਮ ਭਲਕੇ 10 ਦਸੰਬਰ ਇਕ ਹੋਰ ਦਿਨ ਲਈ ਮੁਲਤਵੀ ਕਰ ਦਿੱਤਾ ਹੈ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ‘ਮਰਜੀਵੜਿਆਂ ਦਾ ਜਥਾ’ ਭਲਕੇ ਦਿੱਲੀ ਵੱਲ ਕੂਚ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਦੇ ਸੱਦੇ ਦੀ ਉਡੀਕ ਮਗਰੋਂ ਭਲਕੇ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਇਸ ਤੋਂ ਪਹਿਲਾਂ ਐਤਵਾਰ ਨੂੰ ਸ਼ੰਭੁੂ ਬਾਰਡਰ ’ਤੇ ਅੱਥਰੂ ਗੈਸ ਦੇ ਗੋਲੇ ਦਾਗ਼ਣ ਕਰਕੇ ਦਸ ਕਿਸਾਨ ਜ਼ਖ਼ਮੀ ਹੋ ਗਏ ਸਨ, ਜਿਸ ਮਗਰੋਂ ਦਿੱਲੀ ਕੂਚ ਦਾ ਪ੍ਰੋਗਰਾਮ ਮੁਲਤਵੀ ਕਰਨਾ ਪਿਆ ਸੀ। ਉਸੇ ਦਿਨ ਹਰਿਆਣਾ ਸਰਕਾਰ ਦੇ ਅਧਿਕਾਰੀਆਂ ਨਾਲ ਹੋਈ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰਿਆਣਾ ਫੇਰੀ ਦਾ ਵਾਸਤਾ ਪਾਉਣ ਮਗਰੋਂ ਕਿਸਾਨ ਆਗੂ ਇਕ ਹੋਰ ਦਿਨ (ਸੋਮਵਾਰ) ਲਈ ਦਿੱਲੀ ਕੂਚ ਦਾ ਪ੍ਰੋਗਰਾਮ ਟਾਲਣ ਲਈ ਰਾਜ਼ੀ ਹੋ ਗਏ ਸਨ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸ਼ੰਭੂ ਬਾਰਡਰ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਸਰਕਾਰ ਨੂੰ ਇਹ ਕਹਿਣ ਦਾ ਮੌਕਾ ਨਹੀਂ ਦੇਣਾ ਚਾਹੁੰਦੇ ਕਿ ਕਿਸਾਨ ਗੱਲਬਾਤ ਤੋਂ ਭੱਜ ਰਹੇ ਹਨ। ਇਸ ਕਰਕੇ ਉਹ ਸਰਕਾਰ ਨੂੰ ਗੱਲਬਾਤ ਲਈ ਸਮਾਂ ਸੀਮਾ ਤੈਅ ਕਰਨ ਦਾ ਪੂਰਾ ਮੌਕਾ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਅਧਿਕਾਰੀਆਂ ਨੇ ਐਤਵਾਰ ਦੀ ਬੈਠਕ ਵਿਚ ਕੀਤੇ ਵਾਅਦੇ ਤਹਿਤ ਅਗਲੀ ਮੀਟਿੰਗ ਲਈ ਕੋਈ ਸੁਨੇਹਾ ਨਾ ਭੇਜਿਆ ਤਾਂ ਉਹ 10 ਦਸੰਬਰ ਨੂੰ ਆਪਣਾ ਅਗਲਾ ਪ੍ਰੋਗਰਾਮ ਉਲੀਕਣਗੇ। ਪੰਧੇਰ ਨੇ ਕਿਹਾ ਕਿ ਹਾਲ ਦੀ ਘੜੀ 10 ਦਸੰਬਰ ਨੂੰ ਵੀ ਕਿਸਾਨ ਜਥਾ ਭੇਜਣ ਦਾ ਪ੍ਰੋਗਰਾਮ ਨਹੀਂ ਹੈ। ਕਿਸਾਨ ਆਗੂ ਨੇ ਕਿਹਾ ਕਿ ਉਨ੍ਹਾਂ ਦੀਆਂ ਮੁੱਖ ਰੂਪ ਵਿੱਚ ਦੋ ਹੀ ਮੰਗਾਂ ਹਨ। ਪਹਿਲੀ ਇਹ ਕਿ ਉਨ੍ਹਾਂ ਦੀਆਂ ਪ੍ਰ੍ਰਵਾਨ ਕੀਤੀਆਂ ਮੰਗਾਂ ਲਾਗੂ ਕੀਤੀਆਂ ਜਾਣ ਜਾਂ ਫੇਰ ਉਨ੍ਹਾਂ ਨੂੰ ਆਪਣੇ ਰੋਸ ਪ੍ਰਗਟਾਉਣ ਲਈ ਦਿੱਲੀ ਜਾਣ ਦਿੱਤਾ ਜਾਵੇ। ਪੰਧੇਰ ਨੇ ਕਿਹਾ ਕਿ ਉਹ ਸਰਕਾਰ ਦੀ ਸਲਾਹ ਮੰਨਦੇ ਹੋਏ ਟਰੈਕਟਰ ਟਰਾਲੀਆਂ ਦੀ ਥਾਂ ਪੈਦਲ ਹੀ ਦਿੱਲੀ ਵੱਲ ਕੂਚ ਕਰ ਰਹੇ ਹਨ। ਕਿਸਾਨ ਆਗੂ ਨੇ ਕਿਹਾ ਕਿ ਕਿਸਾਨਾਂ ਦੇ ਜਥੇ ਸ਼ੰਭੂ ਤੋਂ ਦਿੱਲੀ ਤੱਕ ਰਸਤੇ ’ਚ ਕਿਤੇ ਵੀ ਆਵਾਜਾਈ ’ਚ ਕੋਈ ਵਿਘਨ ਨਹੀਂ ਪਾਉਣਗੇ ਤੇ ਨਾ ਹੀ ਦਿੱਲੀ ’ਚ ਧਰਨੇ ਦੌਰਾਨ ਹੀ ਟਰੈਫ਼ਿਕ ਦੀ ਕੋਈ ਸਮੱਸਿਆ ਪੈਦਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ’ਚ ਉਹ ਜੰਤਰ ਮੰਤਰ ਜਾਂ ਰਾਮ ਲੀਲ੍ਹਾ ਗਰਾਊਂਡ ’ਚ ਪ੍ਰਦਰਸ਼ਨ ਦੀ ਆਗਿਆ ਮੰਗ ਰਹੇ ਹਨ। ਇਸ ਸਬੰਧੀ ਦਿੱਲੀ ਸਰਕਾਰ ਨੂੰ ਈਮੇਲ ਰਾਹੀਂ ਪਹਿਲਾਂ ਹੀ ਬੇਨਤੀ ਪੱਤਰ ਭੇਜਿਆ ਹੋਇਆ ਹੈ। ਉਨ੍ਹਾਂ ਸੰਕੇਤ ਦਿੱਤਾ ਕਿ ਜੇ ਦਿੱਲੀ ’ਚ ਧਰਨੇ ਦੀ ਪ੍ਰ੍ਰਵਾਨਗੀ ਦੇ ਦਿੱਤੀ ਜਾਂਦੀ ਹੈ ਤਾਂ ਸ਼ੰਭੂ ਵਾਲ਼ਾ ਧਰਨਾ ਵੀ ਉਥੇ ਹੀ ਤਬਦੀਲ ਕੀਤਾ ਜਾ ਸਕਦਾ ਹੈ। ਕਿਸਾਨ ਆਗੂ ਨੇ ਕਿਹਾ ਕਿ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰਹੇਗਾ। ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਦਿੱਲੀ ਜਾਣ ਦੀ ਆਗਿਆ ਨਹੀਂ ਮਿਲਦੀ ਉਦੋਂ ਤੱਕ ਨਿਹੱਥੇ ਕਿਸਾਨਾਂ ਦੇ ਜਥੇ ਕੂਚ ਕਰਦੇ ਰਹਿਣਗੇ ਜਦੋਂ ਤੱਕ ਹਰਿਆਣਾ ਪੁਲੀਸ ਉਨ੍ਹਾਂ ਨੂੰ ਕੁੱਟ ਕੁੱਟ ਕੇ ਥੱਕ ਨਹੀਂ ਜਾਂਦੀ। ਪੰਧੇਰ ਨੇ ਤਨਜ ਕਸਦਿਆਂ ਆਖਿਆ ਕਿ ਕੇਂਦਰ ਸਰਕਾਰ ਖੁਦ ਹੀ ਦੁਚਿੱਤੀ ਵਿਚ ਹੈ ਕਿਉਂਕਿ ਇਕ ਮੰਤਰੀ ਆਖਦਾ ਹੈ ਕਿ ਕਿਸਾਨ ਜਾ ਸਕਦੇ ਹਨ ਤੇ ਦੂਜਾ ਮੰਤਰੀ ਆਖਦਾ ਹੈ ਕਿ ਨਹੀਂ ਜਾਣ ਦਿੱਤਾ ਜਾਵੇਗਾ। ਇੱਕ ਪਾਸੇ ਪੈਦਲ ਜਾਂਦੇ ਕਿਸਾਨਾਂ ’ਤੇ ਤਸ਼ੱਦਦ ਢਾਹਿਆ ਜਾ ਰਿਹਾ ਹੈ, ਦੂਜੇ ਪਾਸੇ ਸਾਬਕਾ ਮੁੁੱਖ ਮੰਤਰੀ ਤੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਦਾ ਤਾਜ਼ਾ ਬਿਆਨ ਹੈ ਕਿ ਕਿਸਾਨ ਪੈਦਲ ਕਿਉਂ ਜਾਣਾ ਚਾਹੁੰਦੇ ਹਨ ਅਨੇਕਾਂ ਵਾਹਨ ਵੀ ਹਨ। ਉਨ੍ਹਾਂ ਕਿਹਾ ਕਿ ਮੰਤਰੀਆਂ ਨੂੰ ਚਾਹੀਦਾ ਹੈ ਕਿ ਉਹ ਆਪਸੀ ਤਾਲਮੇਲ ਜ਼ਰੂਰ ਰੱਖਣ ਕਿਉਂਕਿ ਉਨ੍ਹਾਂ ’ਤੇ ਵੱਡੀਆਂ ਜ਼ਿੰਮੇਵਾਰੀਆਂ ਹਨ। ਇਸ ਮੌਕੇ ਜਸਵਿੰਦਰ ਲੌਂਗੋਵਾਲ, ਮਨਜੀਤ ਰਾਏ, ਬਲਵੰਤ ਬਹਿਰਾਮਕੇ, ਗੁਰੂਅਮਨੀਤ ਮਾਂਗਟ, ਮਨਜੀਤ ਨਿਆਲ਼, ਗੁਰਵਿੰਦਰ ਭੰਗੂ, ਤੇਜਵੀਰ ਪੰਜੋਖਰਾ, ਜਸਵੀਰ ਸਿੱਧੂ, ਸਵਿੰਦਰ ਚੁਤਾਲਾ, ਜੰਗ ਸਿੰਘ ਭਟੇੜੀ ਅਤੇ ਗੁਰਧਿਆਨ ਸਿਓਣਾ ਆਦਿ ਕਿਸਾਨ ਆਗੂ ਮੌਜੂਦ ਸਨ।

ਇਸੇ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਰਿਆਣਾ(ਪਾਣੀਪਤ) ਫੇਰੀ ਦੀ ਆਲੋਚਨਾ ਕੀਤੀ। ਕਿਸਾਨ ਆਗੂ ਨੇ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਆਪਣੀ ਪਾਰਟੀ ਨੂੰ ਚੋਣਾਂ ਵਿਚ ਮਿਲੀ ਜਿੱਤ ਨੂੰ ਆਪਣੀ ਵਿਕਾਸ ਦੀ ਪਹੁੰਚ ਦੇ ਸਬੂਤ ਵਜੋਂ ਪੇਸ਼ ਕਰਨਗੇ। ਪੰਧੇਰ ਨੇ ਕਿਹਾ ਕਿ ਕਿਸਾਨ ਅਜੇ ਵੀ ਇੰਡੀਆ ਗੱਠਜੋੜ ਤੇ ਸੱਤਾਧਾਰੀ ਭਾਜਪਾ ਸਰਕਾਰ ਤੋਂ ਨਾਖ਼ੁਸ਼ ਹਨ। ਪੰਧੇਰ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਵੱਲ ਮੁਖਾਤਬ ਹੋਣ।

ਇਸੇ ਦੌਰਾਨ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਮਸਲੇ ਦੇ ਦੋਸਤਾਨਾ ਹੱਲ ਲਈ ਕਿਸਾਨਾਂ ਨਾਲ ਬੈਠਕਾਂ ਕੀਤੀਆਂ ਜਾ ਰਹੀਆਂ ਹਨ। ਪੁਲੀਸ ਅਧਿਕਾਰੀਆਂ ਨੇ ਜ਼ਖ਼ਮੀ ਕਿਸਾਨਾਂ ਨਾਲ ਮਿਲਣ ਦਾ ਵੀ ਦਾਅਵਾ ਕੀਤਾ ਹੈ। ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇਕ ਟੀਮ ਨੇ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਖਨੌਰੀ ਬਾਰਡਰ ’ਤੇ ਮੁਲਾਕਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਟੀਮ ਨੇ ਕਿਸਾਨ ਯੂਨੀਅਨਾਂ ਦੇ ਆਗੂਆਂ ਨੂੰ ਕਿਹਾ ਕਿ ਉਹ ਡੱਲੇਵਾਲ ਨੂੰ ਦਵਾਈ ਖਾਣ ਲਈ ਮਨਾਉਣ।

ਸਰਵਣ ਸਿੰਘ ਪੰਧੇਰ ਤੇ ਹੋਰਾਂ ਨੇ ਅੱਜ ਖਨੌਰੀ ਬਾਰਡਰ ’ਤੇ ਪਹੁੰਚ ਕੇ 14 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ। ਉਪਰੰਤ ਕਿਸਾਨ ਆਗੂਆਂ ਨੇ ਰਾਜਿੰਦਰਾ ਹਸਪਤਾਲ ਵਿੱਚ ਜ਼ੇਰੇ ਇਲਾਜ ਕਿਸਾਨਾਂ ਦਾ ਹਾਲ ਚਾਲ ਵੀ ਜਾਣਿਆ।

Related posts

ਭਾਰਤ ਵਲੋਂ 32,000 ਫੁੱਟ ਦੀ ਉਚਾਈ ‘ਤੇ ਸਵਦੇਸ਼ੀ ਫੌਜੀ ਲੜਾਈ ਪੈਰਾਸ਼ੂਟ ਪ੍ਰਣਾਲੀ ਦਾ ਸਫਲਤਾਪੂਰਵਕ ਟੈਸਟ

admin

ਭਾਰਤੀ ਫੌਜ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਕਰਨ ਲਈ ਦੋ ਸੌਦਿਆਂ ਨੂੰ ਅੰਤਿਮ ਰੂਪ ਦਿੱਤਾ

admin

Emirates Illuminates Skies with Diwali Celebrations Onboard and in Lounges

admin