ਆਸਟ੍ਰੇਲੀਆ ਦੇ ਵਿੱਚ ਇਸ ਸਾਲ ਦੇ ਅਖੀਰ ਤੱਕ ਕਿਸੇ ਵੀ ਵੇਲੇ 16 ਸਾਲ ਤੱਕ ਦੀ ਉਮਰ ਦੇ ਬੱਚਿਆਂ ‘ਤੇ ਸੋਸ਼ਲ ਮੀਡੀਆ ਦੀ ਵਰਤੋਂ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ, ਕਿਉਂਕਿ ਆਸਟ੍ਰੇਲੀਅਨ ਸਰਕਾਰ ਨੇ ਇਸ ਸਾਲ ਦੇ ਅੰਤ ਤੱਕ ਫੇਸਬੁੱਕ, ਇੰਸਟਾਗ੍ਰਾਮ, ਸਨੈਪਚੈਟ, ਵਰਗੇ ਹੋਰ ਪਲੇਟਫਾਰਮਾਂ ਦੀ ਵਰਤੋਂ ਕਰਨ ਲਈ ਘੱਟੋ-ਘੱਟ ਉਮਰ ਲਾਗੂ ਕਰਨ ਦਾ ਕਾਨੂੰਨ ਬਣਾਉਣ ਦਾ ਵਾਅਦਾ ਕੀਤਾ ਹੈ।
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ ਨੇ ਅੱਜ਼ ਰਸਮੀ ਤੌਰ ‘ਤੇ ਐਲਾਨ ਕੀਤਾ ਹੈ ਕਿ ਅਗਲੀਆਂ ਚੋਣਾਂ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਇੱਕ ਫਾਸਟ ਟਰੈਕ ਪਾਬੰਦੀ ਦਾ ਐਲਾਨ ਕੀਤਾ ਜਾਵੇਗਾ ਹਾਲਾਂਕਿ ਉਮਰ ਸੀਮਾ ਨਿਰਧਾਰਤ ਨਹੀਂ ਕੀਤੀ ਗਈ ਕਿਉਂਕਿ ਇਸ ਸਬੰਧੀ ਜਾਂਚ ਅਤੇ ਟਰਾਇਲ ਜਾਰੀ ਹਨ ਅਤੇ ਸੋਸ਼ਲ ਮੀਡੀਆ ਕੰਪਨੀਆਂ ਨਾਲ ਇਸ ਸਬੰਧੀ ਗੱਲਬਾਤ ਸ਼ੁਰੂ ਹੋ ਰਹੀ ਹੈ।
ਆਸਟ੍ਰੇਲੀਆ ਦੇ ਵਿੱਚ ਫੈਡਰਲ ਚੋਣਾਂ ਅਗਲੇ ਸਾਲ 2025 ਦੇ ਪਹਿਲੇ ਅੱਧ ਵਿੱਚ ਹੋਣ ਵਾਲੀਆਂ ਹਨ ਜਿਸਨੂੰ ਦੇਖਦਿਆ ਪ੍ਰਧਾਨ ਮੰਤਰੀ ਵਲੋਂ ਇਸ ਵੱਡੇ ਮੁਦੇ ਨੂੰ ਨਿਪਟਾਉਣ ਲਈ ਮੁਹਿੰਮ ਹੋਰ ਤੇਜ਼ ਕਰ ਦਿੱਤੀ ਗਈ ਹੈ।
ਫੈਡਰਲ ਸਰਕਾਰ ਵਰਤਮਾਨ ਵਿੱਚ ਸੋਸ਼ਲ ਨੈਟਵਰਕਸ ਅਤੇ ਬਾਲਗ ਸਾਈਟਾਂ ਤੱਕ ਪਹੁੰਚ ਕਰਨ ਵਾਲੇ ਲੋਕਾਂ ਦੀ ਉਮਰ ਦੀ ਪੁਸ਼ਟੀ ਕਰਨ ਲਈ ਤੌਰ-ਤਰੀਕਿਆਂ ਦੀ ਇੱਕ ਅਜ਼ਮਾਇਸ਼ ਕਰ ਰਹੀ ਹੈ ਅਤੇ ਇਸ ਸਬੰਧੀ 1 ਜੁਲਾਈ ਨੂੰ ਕੀਤੀ ਗਈ ਮੁਹਿੰਮ ਉਪਰ 6.5 ਮਿਲੀਅਨ ਡਾਲਰ ਖਰਚ ਕੀਤੇ ਗਏ। ਹਾਲਾਂਕਿ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਬੱਚਿਆਂ ਦੀ ਉਮਰ ਦੀ ਹੱਦ ਅਤੇ ਸ਼ੁਰੂਆਤੀ ਮਿਤੀ ਨੂੰ ਹਾਲੇ ਅੰਤਿਮ ਰੂਪ ਦਿੱਤਾ ਜਾਣਾ ਬਾਕੀ ਹੈ। ਛੋਟੇ ਬੱਚੇ ਜਿਨ੍ਹਾਂ ਕੋਲ ਪਹਿਲਾਂ ਹੀ ਸਨੈਪਚੈਟ ਅਤੇ ਇੰਸਟਾਗ੍ਰਾਮ ਅਕਾਉਂਟ ਹਨ, ਉਹਨਾਂ ਨਾਲ ਕਿਵੇਂ ਨਜਿੱਠਣਾ ਹੈ, ਇਸ ਸਵਾਲ ਦਾ ਅਜੇ ਹੱਲ ਲੱਭਣਾ ਬਾਕੀ ਹੈ।
ਵਿਕਟੋਰੀਆ ਸਰਕਾਰ ਵਲੋਂ ਵੀ ਬੱਚਿਆਂ ਦੀ ਸੁਰੱਖਿਆ ਲਈ ਸੋਸ਼ਲ ਮੀਡੀਆ ਲਈ ਘੱਟੋ-ਘੱਟ ਉਮਰ ਦੀ ਹੱਦ ਦੀਆਂ ਲੋੜਾਂ ਨੂੰ ਲਾਗੂ ਕਰਨ ਦੀ ਤਿਆਰੀ ਕਰ ਲਈ ਗਈ ਹੈ। ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਕਿਹਾ ਹੈ ਕਿ ਇਸ ਤਰਾਂ੍ਹ ਨਾਲ ਸੋਸ਼ਲ ਮੀਡੀਆ ਕੰਪਨੀਆਂ ਨੂੰ ਆਪਣੀ ਜਿੰਮੇਵਾਰੀ ਤਹਿ ਕਰਨ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇਗਾ।
ਸਾਊਥ ਆਸਟ੍ਰੇਲੀਅਨ ਸਰਕਾਰ ਵਲੋਂ ਵੀ ਕੱਲ੍ਹ ਐਲਾਨ ਕੀਤਾ ਗਿਆ ਸੀ ਕਿ ਸਰਕਾਰ ਇੱਕ ਅਜਿਹਾ ਕਾਨੰੰੂਨ ਬਨਾਉਣ ਦੇ ਪ੍ਰਸਤਾਵ ‘ਤੇ ਵਿਚਾਰ ਕਰ ਰਹੀ ਹੈ ਜਿਸ ਨਾਲ 14 ਦੀ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ ਲਗਾਈ ਜਾ ਸਕੇ। ਸਾਊਥ ਆਸਟ੍ਰੇਲੀਅਨ ਸਰਕਾਰ ਬੱਚਿਆਂ ਦੀ ਮਾਨਸਿਕ ਸਿਹਤ ਦੀ ਰੱਖਿਆ ਲਈ ਇਸ ਪ੍ਰਸਤਾਵ ਵਿੱਚ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਪਾਬੰਦੀ ਲਗਾਉਣ ‘ਤੇ ਵਿਚਾਰ ਕਰ ਰਹੀ ਹੈ।
ਆਸਟ੍ਰੇਲੀਆ ਦੀ ਪਾਰਲੀਮੈਂਟ ਦੇ ਵਿੱਚ ਇਸ ਬਿਲ ਨੂੰ ਦੋ-ਪੱਖੀ ਸਮਰਥਨ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਲਿਬਰਲ ਨੇਤਾ ਪੀਟਰ ਡਟਨ ਨੇ ਵੀ ਬੱਚਿਆਂ ਦੁਆਰਾ ਸੋਸ਼ਲ ਮੀਡੀਆ ਦੀ ਵਰਤੋਂ ਉਪਰ ਪਾਬੰਦੀ ਦੀ ਹਮਾਇਤ ਕੀਤੀ ਹੈ। ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਗੱਠਜੋੜ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ‘ਤੇ ਪਾਬੰਦੀ ਲਗਾਉਣ ਦੀ ਕੋਸ਼ਿਸ਼ ਕਰੇਗਾ। ਮਈ ਵਿੱਚ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲਿਆਂ ਦੀ ਉਮਰ ਨੂੰ ਰਜਿਸਟਰ ਕਰਨ ਲਈ ਘੱਟੋ-ਘੱਟ ਉਮਰ 13 ਤੋਂ ਵਧਾ ਕੇ 16 ਕਰਨ ਦੀ ਮੁਹਿੰਮ ਦਾ ਸਮਰਥਨ ਕੀਤਾ ਸੀ।
ਗ੍ਰੀਨਜ਼ ਨੇ ਸੋਸ਼ਲ ਮੀਡੀਆ ਦੀ ਵਰਤੋਂ ‘ਤੇ ਪਾਬੰਦੀ ਦਾ ਵਿਰੋਧ ਕੀਤਾ ਹੈ ਕਿ ਸਰਕਾਰ ਦੇ ਇਸ ਕੰਮ ਦੇ ਵਿੱਚ ਸਬੂਤਾਂ ਅਤੇ ਮਾਹਿਰਾਂ ਦੀ ਹਮਾਇਤ ਦੀ ਘਾਟ ਹੈ।
ਪਿਛਲੇ ਹਫਤੇ ਨੈਸ਼ਨਲ ਕੈਬਨਿਟ ਦੇ ਵਿੱਚ ਸੋਸ਼ਲ ਮੀਡੀਆ ਦਾ ਮੁੱਦਾ ਛਾਇਆ ਰਿਹਾ ਜਿਥੇ ਇਸ ਮੁਦੇ ਨਾਲ ਨਜਿੱਠਣ ਲਈ ਸਾਰੇ ਅਧਿਕਾਰ ਖੇਤਰਾਂ ਸਬੰਧੀ ਰਸਮੀ ਅਤੇ ਗੈਰ ਰਸਮੀ ਤੌਰ ‘ਤੇ ਚਰਚਾ ਕੀਤੀ ਗਈ।