International

ਕੁਵੈਤ ਦੀ ਇਮਾਰਤ ’ਚ ਅੱਗ ਲੱਗਣ ਕਰਨ 40 ਤੋਂ ਵੱਧ ਮੌਤਾਂ, ਮਰਨ ਵਾਲਿਆਂ ’ਚ 10 ਭਾਰਤੀ ਵੀ ਸ਼ਾਮਲ

ਦੁਬਈ – ਅਹਿਮਦੀ ਗਵਰਨਰੇਟ ਦੇ ਮੰਗਫ ਬਲਾਕ ’ਚ ਬੁਧਵਾਰ ਨੂੰ ਇਕ 6 ਮੰਜ਼ਿਲਾ ਇਮਾਰਤ ’ਚ ਅੱਗ ਲੱਗਣ ਨਾਲ ਘੱਟ ਤੋਂ ਘੱਟ 43 ਲੋਕਾਂ ਦੀ ਮੌਤ ਹੋ ਗਈ ਅਤੇ 40 ਹੋਰ ਜ਼ਖਮੀ ਹੋ ਗਏ। ਖਬਰਾਂ ਮੁਤਾਬਕ ਇਸ ਅੱਗ ’ਚ 5 ਕੇਰਲ ਦੇ ਨਾਗਰਿਕਾਂ ਸਮੇਤ 10 ਭਾਰਤੀਆਂ ਦੀ ਵੀ ਮੌਤ ਹੋ ਗਈ। ਕੁਵੈਤ ਦੇ ਉਪ ਪ੍ਰਧਾਨ ਮੰਤਰੀ ਫਹਾਦ ਯੂਸਫ ਅਲ-ਸਬਾਹ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਮਾਮਲੇ ਦੀ ਪੁਲਿਸ ਜਾਂਚ ਦੇ ਹੁਕਮ ਦਿਤੇ। ਮੰਤਰੀ ਨੇ ਇਮਾਰਤ ਦੇ ਮਾਲਕ ਵਿਰੁਧ ਸਖਤ ਕਾਰਵਾਈ ਦੇ ਹੁਕਮ ਦਿਤੇ ਹਨ। ਅਧਿਕਾਰੀਆਂ ਮੁਤਾਬਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿਤੀ ਗਈ ਹੈ। ਅੱਗ ਬੁਧਵਾਰ ਸਵੇਰੇ ਸਥਾਨਕ ਸਮੇਂ ਅਨੁਸਾਰ 4:30 ਵਜੇ ਲੇਬਰ ਕੈਂਪ ਦੇ ਅੰਦਰ ਹੇਠਲੀ ਮੰਜ਼ਲਾਂ ’ਚੋਂ ਇਕ ਰਸੋਈ ਤੋਂ ਸ਼ੁਰੂ ਹੋਈ। ਸੂਤਰਾਂ ਮੁਤਾਬਕ ਅੱਗ ਤੇਜ਼ੀ ਨਾਲ ਅਪਾਰਟਮੈਂਟ ਦੇ ਸਾਰੇ ਕਮਰਿਆਂ ’ਚ ਫੈਲ ਗਈ। ਅੱਗ ਲੱਗਣ ’ਤੇ ਅਪਾਰਟਮੈਂਟ ਤੋਂ ਛਾਲ ਮਾਰਨ ਵਾਲੇ ਕੁੱਝ ਲੋਕਾਂ ਦੀ ਮੌਤ ਹੋ ਗਈ। ਹੋਰਾਂ ਦੀ ਮੌਤ ਧੂੰਏਂ ’ਚ ਸਾਹ ਲੈਣ ਅਤੇ ਸੜਨ ਤੇ ਸਾਹ ਘੁੱਟਣ ਕਾਰਨ ਹੋਈ ਦਸੀ ਜਾ ਰਹੀ ਹੈ। ਸਰਕਾਰੀ ਮੀਡੀਆ ਨੇ ਦਸਿਆ ਕਿ ਅੱਗ ਲੱਗਣ ਨਾਲ ਜ਼ਖਮੀ ਹੋਏ ਕਈ ਲੋਕਾਂ ਨੂੰ ਅਦਨ, ਜਾਬਰ ਅਤੇ ਮੁਬਾਰਕ ਹਸਪਤਾਲਾਂ ’ਚ ਦਾਖਲ ਕਰਵਾਇਆ ਗਿਆ ਹੈ। ਮੇਜਰ ਜਨਰਲ ਈਦ ਰਾਸ਼ਿਦ ਹਮਦ ਨੇ ਦਸਿਆ ਕਿ ਅੱਗ ਲੱਗਣ ਦੀ ਸੂਚਨਾ ਅਧਿਕਾਰੀਆਂ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 6 ਵਜੇ ਮਿਲੀ। ਜਿਸ ਇਮਾਰਤ ’ਚ ਅੱਗ ਲੱਗੀ, ਉਸ ਦੀ ਵਰਤੋਂ ਮਜ਼ਦੂਰਾਂ ਨੂੰ ਰੱਖਣ ਲਈ ਕੀਤੀ ਜਾਂਦੀ ਸੀ ਅਤੇ ਉੱਥੇ ਵੱਡੀ ਗਿਣਤੀ ’ਚ ਮਜ਼ਦੂਰ ਸਨ। ਇਕ ਹੋਰ ਸੀਨੀਅਰ ਪੁਲਿਸ ਕਮਾਂਡਰ ਨੇ ਸਰਕਾਰੀ ਟੀ.ਵੀ. ਨੂੰ ਦਸਿਆ ਕਿ ਦਰਜਨਾਂ ਲੋਕਾਂ ਨੂੰ ਬਚਾਅ ਲਿਆ ਗਿਆ ਪਰ ਬਦਕਿਸਮਤੀ ਨਾਲ ਅੱਗ ਦੇ ਧੂੰਏਂ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਕਿਹਾ, ‘‘ਅਸੀਂ ਹਮੇਸ਼ਾਂ ਬਹੁਤ ਸਾਰੇ ਕਾਮਿਆਂ ਨੂੰ ਰਿਹਾਇਸ਼ ’ਚ ਭੇਜਣ ਵਿਰੁਧ ਸੁਚੇਤ ਅਤੇ ਚੇਤਾਵਨੀ ਦਿੰਦੇ ਹਾਂ। ਇਸ ਇਮਾਰਤ ’ਚ ਨੇੜਲੇ ਵਪਾਰਕ ਖੇਤਰ ਦੇ ਕਰੀਬ 160 ਮਜ਼ਦੂਰ ਰਹਿੰਦੇ ਹਨ, ਜਿਸ ’ਚ ਕੇਰਲ, ਤਾਮਿਲਨਾਡੂ ਅਤੇ ਉੱਤਰ ਭਾਰਤ ਦੇ ਲੋਕ ਰਹਿੰਦੇ ਹਨ। ਇਹ ਇਮਾਰਤ ਕੇਰਲ ਮੂਲ ਦੇ ਕਾਰੋਬਾਰੀ ਕੇ.ਜੀ. ਅਬਰਾਹਿਮ ਦੀ ਮਲਕੀਅਤ ਵਾਲੇ ਐਨ.ਬੀ.ਟੀ.ਸੀ. ਸਮੂਹ ਨਾਲ ਸਬੰਧਤ ਹੈ। ਐਨ.ਬੀ.ਟੀ.ਸੀ. ਦੇ ਸੁਪਰਮਾਰਕੀਟ ਦੇ ਕਰਮਚਾਰੀ ਵੀ ਇਮਾਰਤ ’ਚ ਰਹਿੰਦੇ ਸਨ। ਅੱਗ ’ਤੇ ਕਾਬੂ ਪਾ ਲਿਆ ਗਿਆ ਹੈ ਪਰ ਰੀਪੋਰਟਾਂ ਤੋਂ ਪਤਾ ਲਗਦਾ ਹੈ ਕਿ ਇਮਾਰਤ ਦੇ ਅੰਦਰ ਕਈ ਲੋਕ ਫਸੇ ਹੋਏ ਹਨ।

Related posts

ਕੈਨੇਡਾ ਵਿੱਚ ਘਰਾਂ ਦੀ ਘਾਟ ਕਰਕੇ 55% ਇੰਟਰਨੈਸ਼ਨਲ ਸਟੂਡੈਂਟਸ ਪਰੇਸ਼ਾਨ !

admin

ਟਰੰਪ ਨੇ ਮੈਕਸੀਕੋ ‘ਤੇ ਲਗਾਏ ਗਏ ਟੈਰਿਫ ਨੂੰ ਇਕ ਮਹੀਨੇ ਲਈ ਰੋਕਿਆ !

admin

ਅਮਰੀਕਨ ਇੰਮੀਗ੍ਰੇਸ਼ਨ ਵਲੋਂ ਗੁਰਦੁਆਰਿਆਂ ‘ਚ ਛਾਪੇਮਾਰੀ !

admin