ਅੰਮ੍ਰਿਤਸਰ – ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਕਾਂਗਰਸ ਦੇ 25 ਵਿਧਾਇਕ ਤੇ ਦੋ ਤਿੰਨ ਐਮਪੀ ਉਨ੍ਹਾਂ ਦੇ ਸੰਪਰਕ ਵਿਚ ਹਨ ਪਰ ਉਹ ਮੁਕਾਬਲੇਬਾਜ਼ੀ ਵਿਚ ਨਹੀਂ ਪੈਣਾ ਚਾਹੁੰਦੇ। ਜੇਕਰ ਮੁਕਾਬਲੇਬਾਜ਼ੀ ਸ਼ੁਰੂ ਹੁੰਦੀ ਹੈ ਤਾਂ ਉਹ ਸ਼ਾਮ ਤਕ ਇਨ੍ਹਾਂ ਸਾਰਿਆਂ ਨੂੰ ਪਾਰਟੀ ਵਿਚ ਸ਼ਾਮਲ ਕਰਵਾ ਸਕਦੇ ਹਨ। ਪਰ ਉਹ ਕਾਂਗਰਸ ਦਾ ਕਚਰਾ ਆਮ ਆਦਮੀ ਪਾਰਟੀ ਵਿਚ ਨਹੀਂ ਲੈਣਗੇ। ਇਸਦੇ ਨਾਲ ਹੀ ਕੇਜਰੀਵਾਲ ਨੇ ਅਧਿਆਪਕਾਂ ਨੂੰ ਭਰਮਾਉਣ ਦਾ ਯਤਨ ਕਰਦੇ ਹੋਏ ਉਨ੍ਹਾਂ ਨੂੰ ਅੱਠ ਗਾਰੰਟੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਉਹ ਸਿੱਧੂ ਦੀ ਹਿੰਮਤ ਦੀ ਦਾਦ ਦਿੰਦੇ ਹਨ ਜੋ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਐਲਾਨਾਂ ਨੂੰ ਝੂਠਾ ਕਰਾਰ ਦੇ ਰਹੇ ਹਨ, ਜਦਕਿ ਸਾਰੀ ਕਾਂਗਰਸ ਉਨ੍ਹਾਂ ਨੂੰ ਦਬਾਉਣ ਵਿਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦਾ ਖ਼ਜ਼ਾਨਾ ਖਾਲੀ ਹੈ ਤਾਂ ਇਸ ਲਈ ਕਾਂਗਰਸ ਸਰਕਾਰ ਤੇ ਉਸ ਤੋਂ ਪਿਛਲੀ ਅਕਾਲੀ ਸਰਕਾਰ ਜ਼ਿੰਮੇਵਾਰ ਹੈ। ਉਹ ਇਸ ਦੀ ਜਾਂਚ ਕਰਾਉਣਗੇ ਕਿ ਖ਼ਜ਼ਾਨਾ ਕਿਵੇਂ ਖਾਲੀ ਹੋ ਗਿਆ। ਉਨ੍ਹਾਂ ਕਿਹਾ ਕਿ ਉਹ ਜਾਂਚ ਕਰਵਾਉਣੀ ਅਤੇ ਖਾਲੀ ਖ਼ਜ਼ਾਨਾ ਭਰਨਾ ਵੀ ਜਾਣਦੇ ਹਨ। ਉਨ੍ਹਾਂ ਇਸ ਦੇ ਨਾਲ ਹੀ ਕਿਹਾ ਕਿ ਉਹ ਪੰਜਾਬ ਵਿਚ ਸੀਐਮ ਦੇ ਉਮੀਦਵਾਰ ਨਹੀਂ ਹਨ। ਬਿਜਲੀ, ਪਾਣੀ ਤੇ ਔਰਤਾਂ ਨੂੰ ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਭੱਤਾ ਦੇਣ ਦੇ ਐਲਾਨ ਉਤੇ ਉਨ੍ਹਾਂ ਕਿਹਾ ਕਿ ਉਹ ਮੁਫ਼ਤਖੋਰੀ ਦੇ ਸਖ਼ਤ ਖ਼ਿਲਾਫ਼ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕੇਜਰੀਵਾਲ ਵਿਚ ਚੱਲ ਰਹੇ ਵਿਵਾਦ ਬਾਰੇ ਉਨ੍ਹਾਂ ਕਿਹਾ ਕਿ ਉਹ ਬੱਚਿਆਂ ਦਾ ਭਵਿੱਖ ਬਣਾਉਣਾ, ਮੁਹੱਲਾ ਕਲੀਨਿਕ ਤੇ ਹਸਪਤਾਲ ਬਣਾਉਣਾ ਅਤੇ ਲੋਕਾਂ ਨੂੰ ਮੁਫ਼ਤ ਦਵਾਈਆਂ ਦੇਣਾ ਜਾਣਦੇ ਹਨ ਪਰ ਗੁੱਲੀ ਡੰਡਾ ਤੇ ਕੰਚੇ ਖੇਡਣਾ ਨਹੀਂ ਜਾਣਦੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨੌਟੰਕੀ ਕਰਨੀ ਨਹੀਂ ਆਉਂਦੀ, ਬਲਕਿ ਕੰਮ ਕਰਨਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਤਾਂ ਗਾਰੰਟੀਆਂ ਦੇ ਰਹੇ ਹਨ, ਕਿਉਂਕਿ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਉਤੇ ਭਰੋਸਾ ਹੈ ਕਿ ਜੋ ਉਹ ਕਹਿੰਦੇ ਹਨ ਪੂਰਾ ਕਰਦੇ ਹਨ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਐਮਪੀ ਭਗਵੰਤ ਮਾਨ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਤੇ ਸਹਿ ਇੰਚਾਰਜ ਰਾਘਵ ਚੱਢਾ, ਕੁੰਵਰ ਵਿਜੈ ਪ੍ਰਤਾਪ ਸਿੰਘ ਵੀ ਮੌਜੂਦ ਸਨ।ਉਨ੍ਹਾਂ ਕਿਹਾ ਮੈਂ ਅੱਜ ਸਾਰੇ ਟੀਚਰਾਂ, ਭਾਵੇਂ ਕੱਚੇ ਹਨ ਜਾਂ ਪੱਕੇ, ਸਕੂਲਾਂ ਦੇ ਹੋਣ ਜਾਂ ਕਾਲਜਾਂ ਦੇ, ਨੂੰ ਸੱਦਾ ਦਿੰਦਾ ਹਾਂ ਕਿ ਸਾਰੇ ਪੰਜਾਬ ਨਿਰਮਾਣ ਦੀ ਮੁਹਿੰਮ ‘ਚ ਸ਼ਾਮਲ ਹੋਣ।ਇਸਦੇ ਨਾਲ ਹੀ ਕੇਜਰੀਵਾਲ ਨੇ ਦਿੱਲੀ ਵਿਚ ਐਜੂਕੇਸ਼ਨ ਸਿਸਟਮ ਦਾ ਪ੍ਰਸਾਰ ਬਾਰੇ ਗੱਲ ਕੀਤੀ ਤੇ ਦੱਸਿਆ ਕਿ ਕਿਵੇਂ ਔਕੜਾਂ ਦਾ ਸਾਹਮਣਾ ਕਰਨ ਤੋਂ ਬਾਅਦ ਦਿੱਲੀ ਦੇ ਮਾੜੇ ਐਜੂਕੇਸ਼ਨ ਸਿਸਟਮ ਨੂੰ ਅੱਜ ਵਧੀਆ ਬਣਾਇਆ ਗਿਆ ਹੈ। ਇਸਦੇ ਨਾਲ ਹੀ ਕਨਵੀਨਰ ਨੇ ਸਰਕਾਰ ਬਣਨ ਵਿਚ ਆਟੋ ਚਾਲਕਾਂ ਦੇ ਯੋਗਦਾਨ ਦੀ ਗੱਲ ਵੀ ਕਹੀ।
previous post
