ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਦੇ ਹਾਲਾਤ ’ਚ ਕੁਝ ਸੁਧਾਰ ਨਜ਼ਰ ਆ ਰਿਹਾ ਹੈ ਤੇ ਉਸ ਦਾ ਮੁੱਖ ਕਾਰਨ ਕੇਰਲ ’ਚ ਨਵੇਂ ਮਾਮਲਿਆਂ ’ਚ ਕਮੀ ਹੈ। ਹਾਲਾਂਕਿ ਪੂਰੇ ਦੇਸ਼ ਦੇ ਮੁਕਾਬਲੇ ਕੇਰਲ ’ਚ ਸਥਿਤੀ ਗੰਭੀਰ ਹੀ ਬਣੀ ਹੋਈ ਹੈ। ਪਿਛਲੇ 24 ਘੰਟਿਆਂ ’ਚ ਦੇਸ਼ ਭਰ ’ਚ 27254 ਨਵੇਂ ਮਰੀਜ਼ ਮਿਲੇ ਹਨ, ਜਿਨ੍ਹਾਂ ’ਚੋਂ ਸਿਰਫ ਕੇਰਲ ਤੋਂ ਹੀ 20240 ਮਰੀਜ਼ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਕੋਰੋਨਾ ਇਨਫੈਕਸ਼ਨ ਕਾਰਨ ਦੇਸ਼ ਭਰ ’ਚ 219 ਹੋਰ ਲੋਕਾਂ ਦੀ ਜਾਨ ਗਈ ਹੈ। ਇਨ੍ਹਾਂ ’ਚੋਂ 67 ਮੌਤਾਂ ਸਿਰਫ ਕੇਰਲ ’ਚ ਹੋਈਆਂ ਹਨ। ਕੇਰਲ ਤੋਂ ਬਾਅਦ ਮਹਾਰਾਸ਼ਟਰ ’ਚ ਤਿੰਨ ਹਜ਼ਾਰ ਤੋਂ ਜ਼ਿਆਦਾ ਕੇਸ ਮਿਲੇ ਹਨ ਪਰ ਪਿਛਲੇ ਕੁਝ ਦਿਨਾਂ ਤੋਂ ਉੱਥੇ ਮਾਮਲੇ ਸਥਿਰ ਬਣੇ ਹੋਏ ਹਨ। ਮਿਜ਼ੋਰਮ ’ਚ ਹਾਲਾਤ ਚਿੰਤਾਜਨਕ ਹੋਣ ਲੱਗੇ ਹਨ ਕਿਉਂਕਿ ਉੱਥੇ ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ ਜ਼ਿਆਦਾਤਰ ਬੱਚੇ ਹਨ। ਸਰਗਰਮ ਮਾਮਲਿਆਂ ’ਚ 10652 ਦੀ ਕਮੀ ਦਰਜ ਕੀਤੀ ਗਈ ਹੈ ਤੇ ਮੌਜੂਦਾ ਸਮੇਂ ਸਰਗਰਮ ਮਾਮਲੇ 374269 ਰਹਿ ਗਏ ਹਨ ਜੋ ਕੁੱਲ ਮਾਮਲਿਆਂ ਦਾ 1.13 ਫ਼ੀਸਦੀ ਹਨ। ਮਰੀਜ਼ਾਂ ਦੇ ਠੀਕ ਹੋਣ ਦੀ ਦਰ ’ਚ ਸੁਧਾਰ ਹੋਇਆ ਹੈ ਤੇ ਰੋਜ਼ਾਨਾ ਤੇ ਹਫ਼ਤਾਵਾਰੀ ਦਰ ਵੀ ਤਿੰਨ ਫ਼ੀਸਦੀ ਤੋਂ ਹੇਠਾਂ ਬਣੀ ਹੋਈ ਹੈ।