ਜਲੰਧਰ – ਫਸਲਾਂ ਦੀ ਪੈਦਾਵਾਰ ’ਚ ਰਸਾਇਣਿਕ ਖਾਦਾਂ ਦੀ ਵਰਤੋਂ ਕਰਨ ਨਾਲ ਕੈਂਸਰਗ੍ਰਸਤ ਹੋ ਚੁੱਕੀ ਪੰਜਾਬ ਦੀ ਧਰਤੀ ਨੂੰ ਇਸ ਨੁਮਰਾਦ ਬਿਮਾਰੀ ਤੋਂ ਨਿਜਾਤ ਦਿਵਾਉਣ ਲਈ ਸਤਿਕਾਰਮਿਕ ਵੈਦਿਕ ਗ੍ਰਾਮ ਫਾਊਂਡੇਸ਼ਨ ਤੇ ਮਿਡਾਸ ਫਾਊਂਡੇਸ਼ਨ ਵੱਲੋਂ ਸੂਬੇ ’ਚ ਜੈਵਿਕ ਖੇਤੀ ਤੇ ਵਰਮੀ ਕੰਪੋਸਟ ਉਤਪਾਦਨ ਇਕਾਈਆਂ ਲਾਉਣ ਲਈ ਉਤਸ਼ਾਹੀ ਨੌਜਵਾਨਾਂ ਤੇ ਕਿਸਾਨਾਂ ਨੂੰ ਟਰੇਨਿੰਗ ਦੇਵੇਗੀ। ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਸੰਸਥਾਵਾਂ ਦੇ ਸੰਸਥਾਪਕ ਤੇ ਪ੍ਰਧਾਨ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਦੇਸ਼ ਨੂੰ ਅਨਾਜ ਦਾ ਭੰਡਾਰ ਪੈਦਾ ਕਰਨ ਵਾਲਾ ਪੰਜਾਬ ਇਸ ਵੇਲੇ ਕੈਂਸਰ ਬੈਲਟ ਵਜੋਂ ਬਦਨਾਮ ਹੋ ਚੁੱਕਾ ਹੈ। ਸੂਬੇ ’ਚ ਹਰ ਸਾਲ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ’ਚ ਵਾਧਾ ਹੋ ਰਿਹਾ ਹੈ, ਜਿਨ੍ਹਾਂ ਵਿਚ ਕਿਸਾਨ ਤੇ ਉਨ੍ਹਾਂ ਦੇ ਬੱਚੇ ਵਧੇਰੇ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਖ਼ਤਰਿਆ ਤੋਂ ਬਚਾਉਣ ਲਈ ਸਤਿਕਾਰਮਿਕ ਵੈਦਿਕ ਗ੍ਰਾਮ ਫਾਊਂਡੇਸ਼ਨ ਵੱਲੋਂ ਜੈਵਿਕ ਖੇਤੀ ਦੀ ਸ਼ੁਰੂਆਤ ਕਰਨ ਦੇ ਨਾਲ ਰਸਾਇਣਿਕ ਖਾਦਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਬੰਦ ਕਰਨ ਲਈ ਮੁੱਢਲੇ ਕਦਮ ਵਜੋਂ ਸਤਿਕਾਰਮਿਕ ਵੈਦਿਕ ਗ੍ਰਾਮ ਫਾਊਂਡੇਸ਼ਨ ਮਲਟੀ-ਲੇਅਰ ਫਾਰਮਿੰਗ ਤਕਨੀਕ ਨਾਲ ਵਰਮੀ ਕੰਪੋਸਟ ਦਾ ਉਤਪਾਦਨ ਕਰਨ ਲਈ ਨੌਜਵਾਨਾਂ ਤੇ ਕਿਸਾਨਾਂ ਨੂੰ ਇਸ ਕਾਰਜ ਲਈ ਸਿਖਲਾਈ ਦੇਵੇਗੀ। ਇਸ ਦੇ ਨਾਲ ਹੀ ਸੰਸਥਾ ਉਨ੍ਹਾਂ ਨੌਜਵਾਨਾਂ ਤੇ ਕਿਸਾਨਾਂ ਨੂੰ ਸਪਾਂਸਰ ਵੀ ਕਰੇਗੀ ਜਿਹੜੇ ਵਰਮੀ ਕੰਪੋਸਟ ਉਤਪਾਦਨ ਯੂਨਿਟ ਸਥਾਪਤ ਕਰਨ ਦੇ ਚਾਹਵਾਨ ਹੋਣਗੇ। ਇਹ ਸਾਰਾ ਕੁਝ ਸੰਸਥਾ ਬਿਨਾਂ ਕਿਸੇ ਫਾਇਦੇ ਦੇ ਸਮਾਜ ਸੇਵਾ ਤਹਿਤ ਕਰੇਗੀ। ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਉਪਰਾਲੇ ਤਹਿਤ ਪੰਜਾਬ ਦੇ 23 ਜ਼ਿਲ੍ਹਿਆ ਤੇ ਚੰਡੀਗੜ੍ਹ ਤੋਂ ਇਕ-ਇਕ ਨੌਜਵਾਨ ਦੀ ਚੋਣ ਕੀਤੀ ਜਾਵੇਗੀ ਜਿਨ੍ਹਾਂ ਕੋਲ ਆਪਣੀ ਲੋੜੀਂਦੀ ਜ਼ਮੀਨ ਹੋਵੇਗੀ। ਉਨ੍ਹਾਂ ਦੱਸਿਆ ਕਿ ਕੰਪੋਸਟ ਖਾਦ ਬਣਾਉਣ ਲਈ ਘੱਟੋ-ਘੱਟ ਇਕ ਏਕੜ ਜ਼ਮੀਨ, ਗੋਹਾ ਤੇ ਗੰਡੋਇਆਂ ਦੀ ਲੋੜ ਹੁੰਦੀ ਹੈ ਜਿਸ ਵੀ ਐੱਨਜੀਓ ਪੂਰੀ ਤਰ੍ਹਾਂ ਸਹਿਯੋਗ ਦੇਵੇਗੀ। ਜੈਵਿਕ ਖੇਤੀ ਨੂੰ ਉਤਸ਼ਾਹਤ ਕਰਨ ਲਈ ਸਰਕਾਰੀ ਪੱਧਰ ’ਤੇ ਕੋਸ਼ਿਸ਼ਾਂ ਬਾਰੇ ਪੁੱਛੇ ਜਾਣ ’ਤੇ ਇੰਦਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਪ੍ਰਧਾਨ ਮੰਤਰੀ, ਕੇਂਦਰੀ ਖੇਤੀ ਮੰਤਰੀ ਅਤੇ ਸੂਬਿਆਂ ਦੇ ਖੇਤੀ ਮੰਤਰੀਆਂ ਨੂੰ ਮਿਲ ਕੇ ਰਸਾਇਣਿਕ ਖਾਦਾਂ ਤੇ ਜ਼ਹਿਰੀਲੇ ਕੀਟਨਾਸ਼ਕਾਂ ਦੀ ਥਾਂ ਜੈਵਿਕ ਖੇਤੀ ਨੂੰ ਉਤਸ਼ਾਹਤ ਕਰਨ ਲਈ ਯੋਜਨਾਵਾਂ ਉਲੀਕਣ ਲਈ ਅਪੀਲ ਕਰੇਗੀ। ਇਸ ਕੰਮ ਲਈ ਜਨਤਕ ਪਟੀਸ਼ਨ ਵੀ ਫਾਈਲ ਕੀਤੀ ਜਾਵੇਗੀ ਤਾਂ ਜੋ ਜੈਵਿਕ ਖੇਤੀ ਲਈ ਲਹਿਰ ਪੈਦਾ ਕੀਤੀ ਜਾ ਸਕੇ। ਉਨ੍ਹਾਂ ਇਹ ਮੰਗ ਕੀਤੀ ਕਿ ਸਰਕਾਰਾਂ ਨੂੰ ਰਸਾਇਣਿਕ ਖਾਦਾਂ ਤੇ ਕੀਟਨਾਸ਼ਕਾਂ ’ਤੇ ਸਬਸਿਡੀ ਬੰਦ ਕਰਕੇ ਜੈਵਿਕ ਖੇਤੀ ਅਪਣਾਉਣ ਵਾਲੇ ਕਿਸਾਨਾਂ ਨੂੰ ਜੈਵਿਕ ਖਾਦ ’ਤੇ ਸਬਸਿਡੀ ਦੇਵੇ ਤਾਂ ਜੋ ਦੇਸ਼ ਅੰਦਰ ਕੈਂਸਰ ਵਰਗੀ ਨੁਮਾਰਦ ਬਿਮਾਰੀ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।