NewsBreaking NewsLatest NewsPunjab

ਕੈਂਸਰ ਹਸਪਤਾਲ ‘ਚ 90 ਫ਼ੀਸਦੀ ਤੋਂ ਵਧੇਰੇ ਮਰੀਜ਼ਾਂ ਦਾ ਇਲਾਜ ਕੀਤਾ ਜਾਂਦੈ ਮੁਫ਼ਤ : ਸਿੰਗਲਾ

ਸੰਗਰੂਰ – ਸਕੂਲ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੇਇੰਦਰ ਸਿੰਗਲਾ ਨੇ ਸ਼ਨਿੱਚਰਵਾਰ ਹੋਮੀ ਭਾਬਾ ਕੈਂਸਰ ਹਸਪਤਾਲ ਸੰਗਰੂਰ ਵਿਖੇ ਬਹੁ-ਕਰੋੜੀ ਪ੍ਰਰਾਜੈਕਟਾਂ ਨੂੰ ਲੋਕ ਅਰਪਿਤ ਕੀਤਾ ਤੇ ਲੋਕ ਭਲਾਈ ਲਈ ਵੱਖ-ਵੱਖ ਪ੍ਰਰਾਜੈਕਟਾਂ ਦੇ ਨੀਂਹ ਪੱਥਰ ਰੱਖੇ।
ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਸ਼ਨਿੱਚਰਵਾਰ 12 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਗਏ ਅਤਿ-ਆਧੁਨਿਕ ਰੇਡੀਓਲਾਜੀ ਬਲਾਕ ‘ਤੇ ਤੇ 6 ਕਰੋੜ 55 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੁੜੀਆਂ ਦੇ ਹੋਸਟਲ ਦਾ ਉਦਘਾਟਨ ਕੀਤਾ। ਇਨ੍ਹਾਂ ਪ੍ਰਰਾਜੈਕਟਾਂ ਤੋਂ ਇਲਾਵਾ ਕੈਬਨਿਟ ਮੰਤਰੀ ਨੇ ਸਥਾਨਕ ਰਣਬੀਰ ਕਲੱਬ ਨੇੜੇ 3 ਕਰੋੜ 92 ਹਜ਼ਾਰ ਦੀ ਲਾਗਤ ਨਾਲ ਬਣਨ ਵਾਲੀ ਡਾਕਟਰਾਂ ਦੀ ਰਿਹਾਇਸ਼ ਤੇ 3 ਕਰੋੜ 90 ਲੱਖ ਦੀ ਲਾਗਤ ਨਾਲ ਕੈਂਸਰ ਹਸਪਤਾਲ ‘ਚ ਹੀ ਰਿਹਾਇਸ਼ੀ ਖੇਤਰ ਦੇ ਵਿਕਾਸ ਲਈ ਬਲਾਕ ਦੇ ਨੀਂਹ ਪੱਥਰ ਵੀ ਰੱਖੇ।

ਕੈਬਨਿਟ ਮੰਤਰੀ ਨੇ ਕਿਹਾ ਹੋਮੀ ਭਾਬਾ ਕੈਂਸਰ ਹਸਪਤਾਲ ਵਿਖੇ ਇਲਾਜ ਕਰਵਾਉਣ ਵਾਲੇ 90 ਫੀਸਦੀ ਤੋਂ ਵਧੇਰੇ ਮਰੀਜ਼ਾਂ ਦਾ ਇਲਾਜ ਮੁਫ਼ਤ ਹੁੰਦਾ ਹੈ ਕਿਉਂ ਜੋ ਕੈਂਸਰ ਪੀੜਤਾਂ ਨੂੰ ਬਹੁਤ ਹੀ ਸੀਮਤ ਦਰਾਂ ‘ਤੇ ਇਲਾਜ ਸਹੂਲਤ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਹਸਪਤਾਲ ‘ਚ ਕੀਮੋਥੈਰੇਪੀ ਦਵਾਈਆਂ, ਸਾਧਾਰਨ ਦਵਾਈਆਂ ਤੇ ਸਰਜੀਕਲ ਦੇ ਮੁੱਲ ‘ਤੇ 70 ਫ਼ੀਸਦੀ ਤਕ ਦੀ ਛੋਟ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਟਾਟਾ ਹਸਪਤਾਲ ਦੀ ਤਰਫੋਂ ਇਲਾਜ ਲਈ ਵਿਸ਼ੇਸ਼ ਛੋਟ ਤੇ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਯੋਜਨਾ ਦੇ ਤਹਿਤ ਡੇਢ ਲੱਖ ਰੁਪਏ ਤਕ ਦਾ ਨਕਦੀ ਰਹਿਤ ਇਲਾਜ ਹੋਣ ਕਰਕੇ ਬਹੁਤੇ ਮਰੀਜ਼ਾਂ ਨੂੰ ਇਸ ਨਾਮੁਰਾਦ ਬਿਮਾਰੀ ਦੇ ਅਤਿ-ਆਧੁਨਿਕ ਇਲਾਜ ਲਈ ਕੋਈ ਖਰਚਾ ਨਹੀਂ ਕਰਨਾ ਪੈਂਦਾ। ਉਨ੍ਹਾਂ ਦੱਸਿਆ ਪਿਛਲੇ 5 ਸਾਲਾਂ ਦੌਰਾਨ 26 ਹਜ਼ਾਰ ਤੋਂ ਵਧੇਰੇ ਮਰੀਜ਼ਾਂ ਦਾ ਇੱਥੇ ਸਫ਼ਲ ਇਲਾਜ਼ ਹੋ ਚੁੱਕਾ ਹੈ। ਇਸ ਮੌਕੇ ਟਾਟਾ ਮੈਮੋਰੀਅਲ ਸੈਂਟਰ ਮੁੰਬਈ ਦੇ ਡਾਇਰੈਕਟਰ ਡਾ. ਆਰ ਬਡਵੇ ਨੇ ਪੰਜਾਬ ਸਰਕਾਰ ਤੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦਾ ਇਸ ਉਪਰਾਲੇ ਪ੍ਰਤੀ ਧੰਨਵਾਦ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ, ਡਾਇਰੈਕਟਰ ਹੋਮੀ ਭਾਬਾ ਕੈਂਸਰ ਹਸਪਤਾਲ ਤੇ ਰਿਸਰਚ ਸੈਂਟਰ ਡਾ. ਰਾਕੇਸ਼ ਕਪੂਰ, ਚੀਫ਼ ਇੰਜੀਨੀਅਰ ਪੀਡਬਲਿਊਡੀ ਇੰਜੀ. ਐੱਨਆਰ ਗੋਇਲ, ਐੱਚਡੀਐੱਫਸੀ ਬੈਂਕ ਦੇ ਉੱਤਰੀ-2 ਦੇ ਬ੍ਂਚ ਬੈਂਕਿੰਗ ਮੁਖੀ ਵਿਨੀਤ ਅਰੋੜਾ, ਡਾ. ਨਿਤਿਨ ਮਰਾਠੇ, ਡਾ. ਸੁਆਸ਼ ਕੁਲਕਰਨੀ, ਡਾ. ਰਾਹਤਦੀਪ ਸਿੰਘ ਬਰਾੜ, ਡਾ. ਸੰਕਲਪ ਸੰਚੇਤੀ ਤੇ ਡਾ. ਸ਼ਵੇਤਾ ਤਾਲਨ ਤੋਂ ਇਲਾਵਾ ਹਸਪਤਾਲ ਦਾ ਸਟਾਫ਼ ਤੇ ਹੋਰ ਪਤਵੰਤੇ ਹਾਜ਼ਰ ਸਨ।

Related posts

ਨਵਜੋਤ ਕੌਰ ਨੇ ‘ਸੁੱਘੜ ਸੁਨੱਖੀ ਮੁਟਿਆਰ’, ਵਿਸ਼ਵਪ੍ਰੀਤ ਕੌਰ ਨੇ ‘ਰੂਪ ਦੀ ਰਾਣੀ’ ਤੇ ਅਰਪਨਜੋਤ ਕੌਰ ਨੇ ‘ਗੁਣਵੰਤੀ ਮੁਟਿਆਰ’ ਖਿਤਾਬ ਜਿੱਤਿਆ

admin

ਖ਼ਾਲਸਾ ਹਾਕੀ ਅਕੈਡਮੀ ਨੇ ‘ਤੀਜੇ ਹਾਕੀ ਇੰਡੀਆ ਸਬ-ਜੂਨੀਅਰ ਮਹਿਲਾ ਅਕੈਡਮੀ ਚੈਂਪੀਅਨਸ਼ਿਪ’ ’ਚ ਚਾਂਦੀ ਦਾ ਤਗਮਾ ਜਿੱਤਿਆ

admin

ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਧਾਨ ਸਭਾ ਕੰਪਲੈਕਸ ਲੋਕਾਂ ਲਈ 29 ਤੱਕ ਖੁੱਲ੍ਹਾ ਰਹੇਗਾ

admin