ਫਿਰੋਜ਼ਪੁਰ – ਇੰਸਟਾਗ੍ਰਾਮ ‘ਤੇ ਇੱਕ ਲੜਕੀ ਦੀ ਜਾਅਲੀ ਆਈਡੀ ਬਣਾ ਕੇ ਗ਼ਲਤ ਮੈਸਿਜ ਅਤੇ ਤਸਵੀਰਾਂ ਪਾਉਣ ਦੇ ਦੋਸ਼ ਵਿੱਚ ਪੁਲੀਸ ਨੇ ਇਕ ਔਰਤ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਦੋਸ਼ੀ ਔਰਤ ਅਸਲ ‘ਚ ਪੀੜਤ ਲੜਕੀ ਦੇ ਤਾਏ ਦੀ ਤਲਾਕਸ਼ੁਦਾ ਨੂੰਹ ਨਿਕਲੀ ਜੋ ਕਿਸੇ ਪੁਰਾਣੀ ਰੰਜਿਸ਼ ਕਾਰਨ ਆਪਣੀ ਸਾਬਕਾ ਨਨਾਣ ਨੂੰ ਬਦਨਾਮ ਕਰਨਾ ਚਾਹੁੰਦੀ ਸੀ।
ਇਸ ਸਬੰਧ ‘ਚ ਥਾਣਾ ਸਦਰ ਜ਼ੀਰਾ ਦੀ ਪੁਲਿਸ ਨੇ ਔਰਤ ਖ਼ਿਲਾਫ਼ 66-ਸੀ ਐਂਡ 66-ਡੀ ਇਨਫਾਰਮੈਸ਼ਨ ਟੈਕਨਾਲੋਜੀ ਐਕਟ 2008 ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧ ‘ਚ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਮੋਹਿਤ ਧਵਨ ਨੇ ਦੱਸਿਆ ਕਿ ਦਰਖਾਸਤ ਨੰਬਰ 404 ਰਾਹੀਂ ਸੁਖਦੇਵ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਸਨ੍ਹੇਰ ਨੇ ਦੱਸਿਆ ਕਿ ਉਸ ਦੀ ਲੜਕੀ ਜਸਪ੍ਰੀਤ ਕੌਰ ਸਟੱਡੀ ਵੀਜ਼ਾ ‘ਤੇ ਕੈਨੇਡਾ ਗਈ ਹੋਈ ਹੈ। ਦੋਸ਼ਣ ਮਨਜਿੰਦਰ ਕੌਰ ਪੁੱਤਰੀ ਨਿਰਮਲ ਸਿੰਘ ਵਾਸੀ ਪਿੰਡ ਭਿੰਡਰ ਕਲਾਂ ਥਾਣਾ ਧਰਮਕੋਟ ਜ਼ਿਲ੍ਹਾ ਮੋਗਾ ਜੋ ਉਸ ਦੇ ਭਰਾ ਦੀ ਨੂੰਹ ਹੈ ਤੇ ਜਿਸ ਦਾ ਤਲਾਕ ਹੋਇਆ ਹੈ। ਦੋਸ਼ਣ ਮਨਜਿੰਦਰ ਕੌਰ ਵੱਲੋਂ ਉਸ ਦੀ ਲੜਕੀ ਜਸਪ੍ਰੀਤ ਕੌਰ ਦੀ ਫੇਕ ਆਈਡੀ ਜਸਪ੍ਰੀਤ ਕੌਰ ਤੇ ਬਾਅਦ ਵਿਚ ਜਸਪ੍ਰੀਤ ਔਲਖ 44 ਨਾਂ ‘ਤੇ ਬਣਾਈ, ਜਿਸ ਨੂੰ ਉਨ੍ਹਾਂ ਨੇ ਬੰਦ ਕਰਵਾ ਦਿੱਤਾ। ਬਾਅਦ ਵਿਚ ਫਿਰ ਦੋਸ਼ਣ ਵੱਲੋਂ ਫੇਕ ਆਈਡੀ ਜਸਪ੍ਰੀਤ ਕੌਰ 70 ਨਾਂ ‘ਤੇ ਬਣਾ ਕੇ ਇੰਸਟਾਗ੍ਰਾਮ ‘ਤੇ ਉਸ ਦੀ ਲੜਕੀ ਦੀ ਫੋਟੋ ਲਗਾ ਕੇ ਗ਼ਲਤ ਮੈਸਜ ਆਪਣੇ ਫੋਨ ਨੰਬਰ ਤੋਂ ਪਾਉਂਦੀ ਰਹੀ। ਇਸ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਮੋਹਿਤ ਧਵਨ ਨੇ ਦੱਸਿਆ ਕਿ ਪੁਲਿਸ ਨੇ ਬਾਅਦ ‘ਚ ਪੜਤਾਲ ਕਰਨ ‘ਤੇ ਦੋਸ਼ਣ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।