ਨਿਹਾਲ ਸਿੰਘ ਵਾਲਾ – ਰੋਜ਼ੀ-ਰੋਟੀ ਲਈ ਕੈਨੇਡਾ ਗਏ ਪਿੰਡ ਰੌਂਤਾ ਦੇ 22 ਵਰਿ੍ਹਆਂ ਦੇ ਨੌਜਵਾਨ ਹਰਕੰਵਲ ਉਰਫ਼ ਹਨੀ ਦੀ ਟਰਾਲੇ ਵਿਚੋਂ ਭੇਦਭਰੀ ਹਾਲਤ ਵਿੱਚ ਲਾਸ਼ ਬਰਾਮਦ ਹੋਈ। ਹਨੀ ਦੇ ਪਿਤਾ ਸਵਰਨ ਸਿੰਘ ਗਿੱਲ ਨੇ ਦੱਸਿਆ ਕਿ ਹਨੀ ਕੈਨੇਡਾ ਵਿਖੇ ਆਪਣੇ ਦੋਸਤਾਂ ਨਾਲ ਟਰਾਲੇ ’ਚ ਜਾ ਰਿਹਾ ਸੀ। ਉਸ ਦੀ ਤਬੀਅਤ ਵਿਗੜਨ ’ਤੇ ਉਸ ਦੇ ਸਾਥੀ ਉਸ ਨੂੰ ਟਰਾਲੇ ਵਿਚ ਹੀ ਛੱਡ ਕੇ ਚਲੇ ਗਏ। ਪੁਲਿਸ ਨੇ ਪੈਟਰੋਲ ਪੰਪ ’ਤੇ ਖੜ੍ਹੇ ਟਰਾਲੇ ’ਚੋਂ ਉਨ੍ਹਾਂ ਦੇ ਪੁੱਤਰ ਦੀ ਲਾਸ਼ ਕਬਜ਼ੇ ਵਿੱਚ ਲਈ। ਬਰੈਂਪਟਨ ਵਿਖੇ ਰਹਿ ਰਿਹਾ ਹਨੀ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਉਹ 14 ਦਿਨ ਪਹਿਲਾਂ ਹੀ ਕੈਨੇਡਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ। ਇਸ ਮੌਕੇ ਮਿ੍ਰਤਕ ਹਨੀ ਦੇ ਪਿਤਾ ਸਵਰਨ ਸਿੰਘ ਤੇ ਦਾਦਾ ਹਰਬੰਸ ਸਿੰਘ ਗਿੱਲ ਨਾਲ ਹਮਦਰਦੀ ਪ੍ਰਗਟ ਕਰਦਿਆਂ ਜਿੰਦਰ ਸਿੰਘ ਪੰਚ, ਮਨਜੀਤ ਜੀਤੀ, ਕੁਲਦੀਪ ਸਿੰਘ, ਲਛਮਣ ਸਿੰਘ, ਰਾਜਵਿੰਦਰ ਰੌਂਤਾ, ਜੀਵਨ ਸਿੰਘ ਗਰੇਵਾਲ, ਜੱਗਰ ਸਿੰਘ, ਤੇਜਾ ਸਿੰਘ ਨੇ ਪ੍ਰਮਾਤਮਾ ਨੂੰ ਪਰਿਵਾਰ ਨੂੰ ਹੌਸਲਾ ਦੇਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ।