ਨਾਭਾ – ਪਟਿਆਲਾ-ਨਾਭਾ ਤੋਂ ਸਟੱਡੀ ਕਰਨ ਲਈ ਕੈਨੇਡਾ ਗਈ ਜਸਪ੍ਰੀਤ ਪਿਛਲੇ 13 ਦਿਨਾਂ ਤੋਂ ਕੋਮਾ ਵਿਚ ਹੈ। ਉਹ ਨੌ ਅਗਸਤ ਨੂੰ ਬੱਸ ਦਾ ਇੰਤਜ਼ਾਰ ਕਰਦੀ ਹੋਈ ਇਕ ਸੜਕ ਹਾਦਸੇ ਦਾ ਸ਼ਿਕਾਰ ਹੋਈ ਸੀ ਜਿਸ ਤੋਂ ਬਾਅਦ ਉਹ ਹੁਣ ਹਸਪਤਾਲ ’ਚ ਦਾਖ਼ਲ ਜੀਵਨ ਲਈ ਸੰਘਰਸ਼ ਕਰ ਰਹੀ ਹੈ। ਉਸਦੇ ਪਿਤਾ ਦੀ ਮੰਗ ਹੈ ਕਿ ਭਾਰਤ ਸਰਕਾਰ ਉਸ ਨੂੰ ਜਲਦੀ ਤੋਂ ਜਲਦੀ ਵੀਜ਼ਾ ਦੇਵੇ ਤਾਂਕਿ ਉਹ ਉਸਦੀ ਦੇਖਭਾਲ ਲਈ ਕੈਨੇਡਾ ਜਾ ਸਕੇ, ਪਰ ਉਸ ਨੂੰ ਵੀਜ਼ਾ ਨਹੀਂ ਦਿੱਤਾ ਜਾ ਰਿਹਾ ਹੈ।
ਪੰਜਾਬ ਦੀ ਨੌਜਵਾਨ ਪੀੜੀ ਬਿਹਤਰ ਭਵਿੱਖ ਦੀ ਭਾਲ ਵਿਚ ਵਿਦੇਸ਼ਾਂ ਵਿਚ ਆਪਣੇ ਟੀਚੇ ਤਕ ਪਹੁੰਚਣ ਲਈ ਦਿਨ-ਰਾਤ ਮਿਹਨਤ ਕਰ ਰਹੀ ਹੈ, ਪਰ ਜਦੋਂ ਉਹ ਵਿਦੇਸ਼ ਵਿਚ ਪਹੁੰਚਦੇ ਹਨ ਤਾਂ ਉਨ੍ਹਾਂ ਦੇ ਨਾਲ ਕਈ ਹਾਦਸੇ ਹੁੰਦੇ ਹਨ। ਜਿਸ ਕਰ ਕੇ ਉਨ੍ਹਾਂ ਦਾ ਪਰਿਵਾਰ ਪਿੱਛੇ ਛੁੱਟ ਜਾਂਦਾ ਹੈ। ਅਜਿਹੀ ਹੀ ਇਕ ਘਟਨਾ ਉਦੋਂ ਹੋਈ ਜਦੋਂ ਨਾਭਾ ਦੀ ਰਹਿਣ ਵਾਲੀ ਜਸਪ੍ਰੀਤ ਕੌਰ ਪੁੱਤਰੀ ਬਲਜੀਤ ਸਿੰਘ (21 ਸਾਲ) ਬੀਤੀ 26 ਜੁਲਾਈ ਨੂੰ ਸਟੱਡੀ ਵੀਜ਼ਾ ’ਤੇ ਕੈਨੇਡਾ ਦੇ ਮਿਸੀਸਾਗਾ ਗਈ ਸੀ।
ਜਸਪ੍ਰੀਤ ਕੌਰ ਬੀਤੀ 09 ਅਗਸਤ ਨੂੰ ਬੱਸ ਦਾ ਇੰਤਜ਼ਾਰ ਕਰ ਹੀ ਰਹੀ ਸੀ ਕਿ ਉੱਥੇ ਇਕ ਸੜਕ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਜਸਪ੍ਰੀਤ ਕੌਰ ਜ਼ਿੰਦਗੀ ਦੀ ਜੰਗ ਲੜ ਰਹੀ ਹੈ। ਜਸਪ੍ਰੀਤ ਕੌਰ ਦੇ ਪਿਤਾ ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ 09 ਅਗਸਤ ਦੀ ਰਾਤ ਨੂੰ ਉਸਦੀ ਇਕ ਸਹੇਲੀ ਦਾ ਫੋਨ ਆਇਆ ਕਿ ਕਿਸੇ ਤੇਜ਼ ਰਫਤਾਰ ਚਾਲਕ ਨੇ ਕਾਰ ਦੁਆਰਾ ਬੱਸ ਦਾ ਇੰਤਜ਼ਾਰ ਕਰ ਰਹੀ ਜਸਪ੍ਰੀਤ ਕੌਰ ਨੂੰ ਲਪੇਟ ਵਿਚ ਲੈ ਲਿਆ ਹੈ ਜਿਸ ਨੂੰ ਬਰੰਮਟਨ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਬਲਜੀਤ ਸਿੰਘ ਨੇ ਦੱਸਿਆ ਕਿ 10 ਅਗਸਤ ਨੂੰ ਜਸਪ੍ਰੀਤ ਕੌਰ ਦਾ ਜਨਮ ਦਿਨ ਸੀ, ਜਿਸ ਨੂੰ ਉਸ ਨੇ ਉੱਥੇ ਸੈਲੀਬ੍ਰੇਟ ਕਰਨਾ ਸੀ ਉਸ ਤੋਂ ਪਹਿਲੇ ਹੀ ਉਹ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਜਸਪ੍ਰੀਤ ਕੌਰ ਪਿਛਲੇ 13 ਦਿਨਾਂ ਤੋਂ ਕੋਮਾ ਵਿਚ ਹੈ ਤੇ ਜਸਪ੍ਰੀਤ ਦੇ ਸਿਰ ਦੇ ਦੋ ਆਪ੍ਰੇਸ਼ਨ ਹੋਏ ਹਨ।
ਜਸਪ੍ਰੀਤ ਦੇ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ, ਕਿਉਂਕਿ ਜਸਪ੍ਰੀਤ ਦੇ ਪਰਿਵਾਰ ਨੇ ਕਰੀਬ 30 ਲੱਖ ਰੁਪਏ ਖਰਚ ਕੇ ਬੜੀ ਮਿਹਨਤ ਨਾਲ ਜਸਪ੍ਰੀਤ ਨੂੰ ਵਿਦੇਸ਼ ਭੇਜਿਆ ਸੀ। ਹਾਲਾਂਕਿ ਕੈਨੇਡਾ ਸਰਕਾਰ ਦੇ ਦੂਤਾਵਾਸ ਨੇ ਸਾਰੀ ਕਾਗ਼ਜ਼ੀ ਕਾਰਵਾਈ ਪੂਰੀ ਕਰ ਲਈ ਹੈ ਤੇ ਬਲਜੀਤ ਸਿੰਘ ਨੂੰ ਦਸਤਾਵੇਜ਼ ਭੇਜ ਦਿੱਤੇ ਹਨ ਕਿ ਉਹ ਆਪਣੀ ਧੀ ਦੀ ਦੇਖਭਾਲ ਲਈ ਆ ਸਕਦੇ ਹਨ। ਬਲਜੀਤ ਸਿੰਘ ਨੂੰ ਅਜੇ ਤਕ ਭਾਰਤ ਸਰਕਾਰ ਨੇ ਵੀਜ਼ਾ ਨਹੀਂ ਦਿੱਤਾ ਹੈ, ਇਸ ਤੋਂ ਪੀੜਤ ਪਰਿਵਾਰ ਕਾਫੀ ਪਰੇਸ਼ਾਨ ਹੈ। ਪੀੜਤ ਜਸਪ੍ਰੀਤ ਕੌਰ ਦੇ ਪਰਿਵਾਰ ਨੇ ਭਾਰਤ ਸਰਕਾਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਂਸਦ ਪਰਨੀਤ ਕੌਰ ਤੋਂ ਉਨ੍ਹਾਂ ਨੂੰ ਵੀਜ਼ਾ ਦੇਣ ਦੀ ਅਪੀਲ ਕੀਤੀ ਹੈ।