ਚੰਡੀਗੜ੍ਹ – ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ‘ਚ ਘਮਸਾਨ ਤੇਜ਼ ਹੋ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਰਾਜਪਾਲ ਬੀਐੱਲ ਪੁਰੋਹਿਤ ਨੂੰ ਅਸਤੀਫ਼ਾ ਸੌਂਪ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਪ੍ਰੈੱਸ ਕਾਨਫਰੰਸ ਕਰ ਰਹੇ ਹਨ। ਰਾਜ ਭਵਨ ਤੋਂ ਬਾਹਰ ਆਉਣ ਤੋਂ ਬਾਅਦ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕੈਪਟਨ ਨੇ ਕਿਹਾ ਕਿ ਉਨ੍ਹਾਂ ਕੋਲ ਢੇਰ ਸਾਰੀਆਂ ਆਪਸ਼ਨਾਂ ਹਨ ਤੇ ਉਹ ਕਿਸੇ ਵੀ ਆਪਸ਼ਨ ਦਾ ਇਸਤੇਮਾਲ ਕਰ ਸਕਦੇ ਹਨ। ਹਾਲਾਂਕਿ ਮੁੱਖ ਮੰਤਰੀ ਨੇ ਭਾਜਪਾ ‘ਚ ਸ਼ਾਮਲ ਹੋਣ ਦੇ ਸਵਾਲ ਨੂੰ ਟਾਲ ਦਿੱਤਾ। ਉਨ੍ਹਾਂ ਬੇਇੱਜ਼ਤ ਮਹਿਸੂਸ ਕੀਤਾ ਜਿਸ ਕਾਰਨ ਅਸਤੀਫ਼ਾ ਦੇਣ ਦਾ ਫ਼ੈਸਲਾ ਲਿਆ। ਉਹ ਆਪਣੇ ਸਮਰਥਕਾਂ ਨਾਲ ਗੱਲ ਕਰਨਗੇ, ਉਸ ਤੋਂ ਬਾਅਦ ਅਗਲੇਰੀ ਰਣਨੀਤੀ ਉਲੀਕੀ ਜਾਵੇਗੀ। ਕੈਪਟਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਅੱਜ ਸਵੇਰੇ ਹੀ ਸੋਨੀਆ ਗਾਂਧੀ ਨਾਲ ਫੋਨ ‘ਤੇ ਗੱਲਬਾਤ ਕਰ ਕੇ ਉਨ੍ਹਾਂ ਨੂੰ ਅਸਤੀਫ਼ਾ ਦੇਣ ਬਾਰੇ ਸੂਚਿਤ ਕਰ ਦਿੱਤਾ ਸੀ। ਕੈਪਟਨ ਨੇ ਕਿਹਾ ਕਿ ਉਹ ਅਸਤੀਫ਼ਾ ਦੇ ਚੁੱਕੇ ਹਨ, ਹੁਣ ਪਾਰਟੀ ਹਾਈ ਕਮਾਂਡ ਨੇ ਦੇਖਣਾ ਹੈ ਕਿ ਉਨ੍ਹਾਂ ਨੇ ਕਿਸ ਨੂੰ ਮੁੱਖ ਮੰਤਰੀ ਬਣਾਉਣਾ ਹੈ ਜੋ ਚੰਗਾ ਲੱਗੇ ਤੇ ਜਿਸ ਤੇ ਭਰੋਸਾ ਹੈ ਉਸ ਨੂੰ ਪਾਰਟੀ ਹਾਈ ਕਮਾਂਡ ਮੁੱਖ ਮੰਤਰੀ ਬਣਾ ਸਕਦੀ ਹੈ। ਪੰਜਾਬ ਕਾਂਗਰਸ ਭਵਨ ‘ਚ ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਸਾਢੇ 4 ਵਜੇ ਪ੍ਰੈੱਸ ਕਾਨਫਰੰਸ ਕਰਨ ਦਾ ਐਲਾਨ ਕੀਤਾ। ਇਸ ਤੋਂ ਬਾਅਦ ਉਹ ਸਿਸਵਾਂ ਸਥਿਤ ਫਾਰਮ ਹਾਊਸ ਲਈ ਰਵਾਨਾ ਹੋ ਗਏ ਜਿੱਥੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਅਸਤੀਫ਼ਾ ਦੇਣ ਜਾ ਰਹੇ ਹਨ ਤੇ ਉਹ ਵੀ ਉਨ੍ਹਾਂ ਦੇ ਨਾਲ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮੇਰੇ ਪਿਤਾ ਸਾਡੇ ਪਰਿਵਾਰ ਦੀ ਇਕ ਨਵੀਂ ਸ਼ੁਰੂਆਤ ‘ਚ ਅਗਵਾਈ ਕਰਨਗੇ। ਪੰਜਾਬ ਦੇ ਅਗਲੇ ਮੁੱਖ ਮੰਤਰੀ ਸੁਨੀਲ ਜਾਖੜ ਹੋ ਸਕਦੇ ਹਨ। ਜਾਖੜ ਜਿਨ੍ਹਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਹਟਾ ਕੇ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਸੀ। ਉਨ੍ਹਾਂ ਇਕ ਟਵੀਟ ਕਰ ਕੇ ਰਾਹੁਲ ਗਾਂਧੀ ਦੀ ਸ਼ਲਾਘਾ ਕੀਤੀ। ਜਾਖੜ ਨੇ ਕਿਹਾ, ਹੈਰਾਨੀ ਦੀ ਗੱਲ ਨਹੀਂ ਹੈ ਕਿ ਪੰਜਾਬ ਕਾਂਗਰਸ ਦੇ ਵਿਵਾਦ ਨੂੰ ਸੁਲਝਾਉਣ ਦੇ ਇਸ ਸਾਹਸੀ ਫ਼ੈਸਲੇ ਨੇ ਨਾ ਸਿਰਫ਼ ਕਾਂਗਰਸੀ ਵਰਕਰਾਂ ਨੂੰ ਰੋਮਾਂਚਕ ਕੀਤਾ ਹੈ ਬਲਕਿ ਅਕਾਲੀਆਂ ਦੀ ਨੀਂਹ ਵੀ ਹਿਲਾ ਕੇ ਰੱਖ ਦਿੱਤੀ ਹੈ। ਜਾਖੜ ਜਿਨ੍ਹਾਂ ਨੂੰ ਦੋ ਦਿਨ ਪਹਿਲਾਂ ਬੈਂਗਲੁਰੂ ਗਏ ਹੋਏ ਸਨ, ਨੂੰ ਅਚਾਨਕ ਦਿੱਲੀ ਬੁਲਾਉਣ ਤੋਂ ਸਾਫ਼ ਹੋ ਗਿਆ ਕਿ ਅਗਲੀ ਸਰਕਾਰ ‘ਚ ਉਨ੍ਹਾਂ ਦੀ ਅਹਿਮ ਭੂਮਿਕਾ ਹੋਵੇਗੀ। ਚੰਡੀਗੜ੍ਹ ਵਾਪਸੀ ਤੋਂ ਪਹਿਲਾਂ ਦਿੱਲੀ ‘ਚ ਵੀ ਉਨ੍ਹਾਂ ਦੀ ਕਾਂਗਰਸ ਹਾਈ ਕਮਾਂਡ ਦੇ ਸੀਨੀਅਰ ਆਗੂਆਂ ਨਾਲ ਗੱਲ ਹੋਈ ਹੈ। ਦੇਰ ਰਾਤ ਜਦੋਂ ਹਰੀਸ਼ ਰਾਵਤ ਨੇ ਸੀਐੱਲਪੀ ਦੀ ਬੈਠਕ ਬੁਲਾਉਣ ਸਬੰਧੀ ਟਵੀਟ ਕੀਤਾ ਤਾਂ ਅੱਜ ਸਵੇਰ ਤੋਂ ਹੀ ਜਾਖੜ ਦੇ ਘਰ ਸੀਨੀਅਰ ਆਗੂਆਂ ਦਾ ਤਾਂਤਾ ਲੱਗ ਗਿਆ। ਹਾਲਾਂਕਿ ਉਨ੍ਹਾਂ ਨੇ ਫਿਲਹਾਲ ਇਸ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ। ਜਾਖੜ, ਕਿਸੇ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਸਾਥੀਆਂ ‘ਚੋਂ ਮੰਨੇ ਜਾਂਦੇ ਸਨ। ਪਾਰਟੀ ਹਾਈ ਕਮਾਨ ਨੇ ਜਦੋਂ ਉਨ੍ਹਾਂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਤਾਂ ਉਹ ਸਰਕਾਰ ‘ਚ ਗ਼ਲਤ ਫੈ਼ਸਲਿਆਂ ਨੂੰ ਲੈ ਕੇ ਉਹ ਅਕਸਰ ਮੁੱਖ ਮੰਤਰੀ ਨਾਲ ਉਲਝਦੇ ਵੀ ਰਹੇ ਹਨ। ਬੇੱਸ਼ਕ ਬਿਜਲੀ ਸਮਝੌਤਿਆਂ ਨੂੰ ਰੱਦ ਕਰਨ ਦਾ ਮਾਮਲਾ ਹੋਵੇ ਜਾਂ ਬੇਅਦਬੀ ਮਾਮਲੇ ਸਬੰਧੀ ਕੋਈ ਸਖ਼ਤ ਫ਼ੈਸਲਾ ਲੈਣ ਦੀ ਗੱਲ, ਜਾਖੜ ਅਜਿਹੇ ਮੁੱਦਿਆਂ ‘ਤੇ ਆਵਾਜ਼ ਬੁਲੰਦ ਕਰਦੇ ਰਹੇ ਹਨ। ਉਨ੍ਹਾਂ ਨੂੰ ਹਿੰਦੂ ਨੇਤਾ ਦੇ ਤੌਰ ‘ਤੇ ਵੀ ਲਗਾਇਆ ਜਾ ਸਕਦਾ ਹੈ ਕਿਉਂਕਿ ਇਸ ਵੇਲੇ ਕਾਂਗਰਸ ਦੀ ਪ੍ਰਧਾਨਗੀ ਜੱਟ ਸਿੱਖ ਦੇ ਹੱਥ ਵਿਚ ਹੈ। ਚੋਣਾਂ ਤੋਂ ਪਹਿਲਾਂ ਪਾਰਟੀ ਜਾਤੀ ਸਮੀਕਰਨਾਂ ਦਾ ਪੂਰਾ ਖ਼ਿਆਲ ਰੱਖੇਗੀ ਕਿਉਂਕਿ ਅੱਜਕਲ੍ਹ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਭਰ ‘ਚ ਕਿਸਾਨ ਅੰਦੋਲਨ ਕਰ ਰਹੇ ਹਨ। ਅਜਿਹੇ ਵਿਚ ਵੀ ਜਾਖੜ ਦੀ ਭੂਮਿਕਾ ਅਹਿਮ ਹੋਵੇਗੀ ਕਿਉਂਕਿ ਤਿੰਨ ਖੇਤੀ ਕਾਨੂੰਨਾਂ ਦੇ ਜਦੋਂ ਆਰਡੀਨੈਂਸ ਜਦੋਂ ਜਾਰੀ ਹੋਇਆ ਸੀ ਤਾਂ ਸੁਨੀਲ ਜਾਖੜ ਹੀ ਅਜਿਹੇ ਪਹਿਲੇ ਆਗੂ ਸਨ ਜਿਨ੍ਹਾਂ ਨੇ ਇਨ੍ਹਾਂ ਦਾ ਵਿਰੋਧ ਕੀਤਾ ਸੀ। ਉਹ ਅਕਸਰ ਕਿਸਾਨੀ ਮੁੱਦਿਆਂ ਨੂੰ ਉਭਾਰਨ ਵਾਲੇ ਨੇਤਾ ਮੰਨੇ ਜਾਂਦੇ ਹਨ।