ਕੋਝੀਕੋਡ – ਨਿਪਾਹ ਇਨਫੈਕਸ਼ਨ ਦੀ ਲਪੇਟ ’ਚ ਆ ਕੇ ਇਕ 12 ਸਾਲਾ ਬੱਚੇ ਦੀ ਮੌਤ ਹੋਣ ਤੋਂ ਬਾਅਦ ਸਰਕਾਰ ਬਹੁਤ ਚੌਕਸੀ ਵਰਤ ਰਹੀ ਹੈ। ਇਸ ਸਿਲਸਿਲੇ ’ਚ ਬਿਮਾਰੀ ਦੇ ਸਰੋਤ ਦਾ ਪਤਾ ਕਰਨ ਲਈ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ (ਐੱਨਆਈਵੀ), ਪੁਣੇ ਦੀ ਟੀਮ ਨੇ ਸ਼ਨਿਚਰਵਾਰ ਨੂੰ ਜ਼ਿਲ੍ਹੇ ਦਾ ਦੌਰ ਕਰ ਕੇ ਫਲ ਖਾਣ ਵਾਲੇ ਚਮਗਾਦੜਾਂ ਤੋਂ ਨਮੂਨੇ ਇਕੱਠੇ ਕੀਤੇ।ਇਹ ਜਾਣਕਾਰੀ ਸੂਬਾ ਸਰਕਾਰ ਦੇ ਲੋਕ ਸੰਪਰਕ ਵਿਭਾਗ ਨੇ ਦਿੱਤੀ ਹੈ। ਐੱਨਆਈਵੀ ਦੀ ਟੀਮ ਸ਼ੁੱਕਰਵਾਰ ਨੂੰ ਕੋਝੀਕੋਡ ਪਹੁੰਚੀ ਸੀ। ਨਿਪਾਹ ਇਨਫੈਕਸ਼ਨ ਦੇ ਮਾਮਲਿਆਂ ਦੇ ਉਭਰਣ ਨਾਲ ਲੋਕਾਂ ’ਚ ਦਹਿਸ਼ਤ ਫੈਲ ਗਈ ਹੈ। ਇਸ ਤੋਂ ਪਹਿਲਾਂ 8 ਸਤੰਬਰ ਨੂੰ ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਜਾਣਕਾਰੀ ਦਿੱਤੀ ਸੀ ਕਿ ਕੇਰਲ ਦੇ ਕੋਝੀਕੋਡ ਜ਼ਿਲ੍ਹੇ ਦੇ ਸਰਕਾਰੀ ਮੈਡੀਕਲ ਕਾਲਜ ’ਚ ਨਿਪਾਹ ਵਾਇਰਸ ਨਾਲ ਇਨਫੈਕਟਿਡ ਹੋਣ ਦੇ ਸ਼ੱਕ ’ਚ ਕੁੱਲ 68 ਲੋਕ ਆਈਸੋਲੇਸ਼ਨ ’ਚ ਹਨ। ਨਿਪਾਹ ਵਾਇਰਸ ਇਕ ਜੂਨੋਟਿਕ ਵਾਇਰਸ ਹੈ ਪਰ ਇਹ ਇਕ ਵਿਅਕਤੀ ਤੋਂ ਦੂਜੇ ਵਿਅਕਤੀ ’ਚ ਤੇ ਦੂਸ਼ਿਤ ਖਾਣੇ ਦੇ ਜ਼ਰੀਏ ਫੈਲ ਸਕਦਾ ਹੈ। ਇਸ ਤੋਂ ਪਹਿਲਾਂ ਪੰਜ ਸਤੰਬਰ ਨੂੰ, ਕੇਂਦਰ ਸਰਕਾਰ ਨੇ ਕੇਰਲ ਦੇ ਕੋਝੀਕੋਡ ਜ਼ਿਲ੍ਹੇ ’ਚ ਇਕ ਮੈਡੀਕਲ ਟੀਮ ਭੇਜੀ ਸੀ।