ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਅਦਾਲਤ ਇਹ ਨਹੀਂ ਮੰਨ ਸਕਦੀ ਕਿ ਮਹਾਮਾਰੀ ਦੀ ਦੂਜੀ ਲਹਿਰ ’ਚ Covid-19 ਕਾਰਨ ਸਾਰੀਆਂ ਮੌਤਾਂ ਲਾਪਰਵਾਹੀ ਦੇ ਕਾਰਨ ਹੋਈਆਂ ਹਨ। ਸੁਪਰੀਮ ਕੋਰਟ ਨੇ ਪੀੜਤਾਂ ਦੇ ਪਰਿਵਾਰਾਂ ਨੂੰ ਡਾਕਟਰੀ ਲਾਪਰਵਾਹੀ ਮੰਨ ਕੇ ਮੁਆਵਜ਼ੇ ਦੀ ਮੰਗ ਕਰਨ ਵਾਲੀ ਪਟੀਸ਼ਨ ’ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਵਿਕਰਮ ਨਾਥ ਤੇ ਜਸਟਿਸ ਹੇਮਾ ਕੋਹਲੀ ਦੇ ਬੈਂਚ ਨੇ ਪਟੀਸ਼ਨਕਰਤਾ ਦੀਪਕ ਰਾਜ ਸਿੰਘ ਨੂੰ ਆਪਣੇ ਸੁਝਾਵਾਂ ਦੇ ਨਾਲ ਸਮਰੱਥ ਅਧਿਕਾਰੀਆਂ ਨਾਲ ਸੰਪਰਕ ਕਰ ਲਈ ਕਿਹਾ। ਬੈਂਚ ਨੇ ਕਿਹਾ, ਵੱਡੀ ਗਿਣਤੀ ’ਚ ਦੂਜੀ ਲਹਿਰ ਦੌਰਾਨ ਹੋਈਆਂ ਮੌਤਾਂ ਤੇ ਕੋਰੋਨਾ ਨਾਲ ਹੋਈਆਂ ਮੌਤਾਂ ਨੂੰ ਮੈਡੀਕਲ ਲਾਪਰਵਾਹੀ ਮੰਨ ਕੇ ਪਰਿਵਾਰ ਨੂੰ ਮੁਆਵਜ਼ਾ ਦੇਣਾ ਕਿਵੇਂ ਸੰਭਵ ਹੈ। ਦੂਜੀ ਲਹਿਰ ਨਾਲ ਪੂਰਾ ਦੇਸ਼ ਇਸ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਇਸ ਲਈ ਅਦਾਲਤ ਇਹ ਅਨੁਮਾਨ ਨਹੀਂ ਲਗਾ ਸਕਦੀ ਕਿ ਸਾਰੀਆਂ ਕੋਵਿਡ ਦੀਆਂ ਮੌਤਾਂ ਲਾਪਰਵਾਹੀ ਨਾਲ ਹੋਈਆਂ। ਸੁਪਰੀਮ ਕੋਰਟ ਨੇ 30 ਜੂਨ ਦੇ ਇਕ ਫੈਸਲੇ ਦਾ ਹਵਾਲਾ ਦਿੱਤਾ, ਜਿਸ ’ਚ ਉਨ੍ਹਾਂ ਨੇ ਰਾਸ਼ਟਰੀ ਆਫਤ ਪ੍ਰਬੰਧਨ ਅਥਾਰਟੀ ਦੇ ਕੋਵਿਡ-19 ਦੇ ਕਾਰਨ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਸਹਾਇਤਾ ਲਈ ਛੇ ਹਫ਼ਤਿਆਂ ਦੇ ਅੰਦਰ ਦਿਸ਼ਾ-ਨਿਰਦੇਸ਼ਾਂ ਦੀ ਸਿਫਾਰਿਸ਼ ਕਰਨ ਦਾ ਨਿਰਦੇਸ਼ ਦਿੱਤਾ ਸੀ। ਉਸ ਫੈਸਲੇ ’ਚ ਅਦਾਲਤ ਨੇ ਮਾਨਵਤਾ ਦੇ ਸਬੰਧ ’ਚ ਵਿਚਾਰ ਕੀਤਾ ਹੈ ਨਾ ਕਿ ਲਾਪਰਵਾਹੀ ਦੇ ਕਾਰਨ। ਸਰਕਾਰ ਅਜੇ ਤਕ ਨੀਤੀ ਦੇ ਨਾਲ ਸਾਹਮਣੇ ਨਹੀਂ ਆਈ।