ਚੰਡੀਗੜ੍ਹ – ਮੈਡੀਕਲ ਆਧਾਰ ਨੂੰ ਛੱਡ ਕੇ ਕਿਸੇ ਵੀ ਹੋਰ ਕਾਰਨ ਕਰਕੇ ਅਜੇ ਤੱਕ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਨਾ ਲੈਣ ਵਾਲੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ 15 ਸਤੰਬਰ ਤੋਂ ਬਾਅਦ ਜਬਰੀ ਛੁੱਟੀ ਉਤੇ ਭੇਜ ਦਿੱਤਾ ਜਾਵੇਗਾ। ਇਨ੍ਹਾਂ ਸਖ਼ਤ ਹੁਕਮਾਂ ਦਾ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਤਾਂ ਕਿ ਲੋਕਾਂ ਨੂੰ ਇਸ ਬਿਮਾਰੀ ਤੋਂ ਸੁਰੱਖਿਅਤ ਰੱਖਣ ਦੇ ਨਾਲ-ਨਾਲ ਇਹ ਵੀ ਯਕੀਨੀ ਬਣਾਇਆ ਜਾ ਸਕੇ ਕਿ ਵੈਕਸੀਨ ਦੀ ਖੁਰਾਕ ਲੈਣ ਵਿਚ ਅਜੇ ਵੀ ਸੰਕੋਚ ਵਰਤ ਰਹੇ ਲੋਕਾਂ ਕਰਕੇ ਵੈਕਸੀਨ ਲਵਾ ਚੁੱਕੇ ਲੋਕਾਂ ਨੂੰ ਇਸ ਦਾ ਕੋਈ ਕੀਮਤ ਨਾ ਤਾਰਨੀ ਪਵੇ। ਅੱਜ ਕੋਵਿਡ ਦੀ ਸਮੀਖਿਆ ਲਈ ਉਚ ਪੱਧਰੀ ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਵੈਕਸੀਨ ਦੇ ਅਸਰਦਾਇਕ ਰਹਿਣ ਦਾ ਸਬੂਤ ਅਧਿਐਨ ਕੀਤੇ ਜਾ ਰਹੇ ਡਾਟਾ ਤੋਂ ਮਿਲ ਜਾਂਦਾ ਹੈ। ਸਰਕਾਰੀ ਮੁਲਾਜ਼ਮਾਂ ਤੱਕ ਪਹੁੰਚ ਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ ਅਤੇ ਜਿਹੜੇ ਮੁਲਾਜ਼ਮ ਖੁਰਾਕ ਲੈਣ ਤੋਂ ਬਚ ਰਹੇ ਹਨ, ਉਨ੍ਹਾਂ ਨੂੰ ਉਸ ਵੇਲੇ ਤੱਕ ਛੱਟੀ ਉਤੇ ਰਹਿਣ ਲਈ ਕਿਹਾ ਜਾਵੇਗਾ, ਜਦੋਂ ਤੱਕ ਉਹ ਪਹਿਲੀ ਖੁਰਾਕ ਨਹੀਂ ਲੈ ਲੈਂਦੇ।