ਮਲੇਰਕੋਟਲਾ – ਦੇਸ਼ ਭਰ ਵਿੱਚ ਜਿੱਥੇ ਅਜ਼ਾਦੀ ਦਿਵਸ ਧੂਮਧਾਮ ਨਾਲ ਮਨਾਇਆ ਗਿਆ ਉੱਥੇ ਹੀ ਕੌਮੀ ਇਨਸਾਫ ਮੋਰਚਾ ਮੋਹਾਲੀ ਵਿਖੇ ਦੇਸ਼ ਦੀਆਂ ਘੱਟਗਿਣਤੀਆਂ ਵਿੱਚ ਸਰਕਾਰਾਂ ਪ੍ਰਤੀ ਰੋਸ ਦਿਖਾਈ ਦਿੱਤਾ । ਚੰਡੀਗੜ੍ਹ-ਮੋਹਾਲੀ ਦੀਆਂ ਬਰੂਹਾਂ ਉੱਤੇ 7 ਜਨਵਰੀ 2023 ਤੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਬੇਅਦਬੀਆਂ ਦੇ ਇਨਸਾਫ ਲਈ ਕੌਮੀ ਇਨਸਾਫ ਮੋਰਚੇ ਵੱਲੋਂ ਪੱਕਾ ਧਰਨਾ ਲਗਾਇਆ ਹੋਇਆ ਹੈ । ਜੱਥੇਦਾਰ ਜਗਤਾਰ ਸਿੰਘ ਹਵਾਰਾ ਦੇ ਬਾਪੂ ਗੁਰਚਰਨ ਸਿੰਘ ਦੀ ਸਰਪ੍ਰਸਤੀ ‘ਚ ਲੱਗੇ ਮੋਰਚੇ ਵਿੱਚ ਅਜ਼ਾਦੀ ਦਿਵਸ 15 ਅਗਸਤ ਦੇ ਦਿਨ ਨੂੰ ‘ਕਾਲੇ ਦਿਵਸ’ ਵਜੋਂ ਮਨਾਇਆ ਗਿਆ ਜਿਸ ਵਿੱਚ ਸਮੁੱਚੇ ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ, ਵਪਾਰ ਮੰਡਲ, ਸਮਾਜਸੇਵੀ ਅਤੇ ਜਾਗਦੀ ਜ਼ਮੀਰ ਵਾਲੇ ਲੋਕਾਂ ਨੇ ਵੱਡੀ ਗਿਣਤੀ ਸ਼ਿਰਕਤ ਕੀਤੀ । ਇਸੇ ਲੜੀ ਤਹਿਤ ਮਲੇਰਕੋਟਲਾ ਤੋਂ ਮੁਸਲਿਮ ਭਾਈਚਾਰੇ ਵੱਲੋਂ ਚੌਧਰੀ ਲਿਆਕਤ ਅਲੀ ਬਨਭੌਰਾ, ਡਾ. ਮੇਹਰਦੀਨ ਬਿੰਜੋਕੀ ਅਤੇ ਮੁਹੰਮਦ ਜਮੀਲ ਐਡਵੋਕੇਟ ਦੀ ਅਗਵਾਈ ਵਿੱਚ ਮੋਰਚੇ ‘ਚ ਫਲਾਂ ਦੇ ਲੰਗਰ ਲਗਾਕੇ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਦਿੱਤਾ।
ਇਸ ਸਬੰਧੀ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਮੁਹੰਮਦ ਜਮੀਲ ਐਡਵੋਕੇਟ ਨੇ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਅਤੇ ਸੈਂਕੜੇ ਬੇਕਸੂਰ ਮੁਸਲਿਮ ਨੌਜਵਾਨ (ਪੰਜ ਸਾਲਾਂ ਤੋਂ ਬਿਨ੍ਹਾਂ ਟਰੈਲ ਅਤੇ ਪੈਰੋਲ) ਨੂੰ ਜੇਲ੍ਹਾਂ ਵਿੱਚ ਡੱਕ ਕੇ ਸਰਕਾਰਾਂ ਘੱਟਗਿਣਤੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀਆਂ ਹਨ । ਸੰਗੀਨ ਧਾਰਾਵਾਂ ਦੇ ਅਧੀਨ ਸਜ਼ਾ ਕੱਟ ਰਹੇ ਸਿਰਸਾ ਡੇਰਾ ਮੁੱਖੀ ਨੂੰ ਵਾਰ-ਵਾਰ ਪੈਰੋਲ ਦੇਣਾ ਘੱਟ ਗਿਣਤੀਆਂ ਵਿੱਚ ਸਹਿਮ ਅਤੇ ਰੋਹ ਪੈਦਾ ਕਰ ਰਿਹਾ ਹੈ । ਉਹਨਾਂ ਪ੍ਰੈਸ ਦੇ ਮਾਧਿਅਮ ਰਾਹੀਂ ਕੇਂਦਰ ਅਤੇ ਪੰਜਾਬ ਸਰਕਾਰ ਅਤੇ ਨਿਆਂਪਾਲਿਕਾ ਨੂੰ ਅਪੀਲ ਕੀਤੀ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ ਅਤੇ ਬੇਕਸੂਰ ਜੇਲ੍ਹਾਂ ਵਿੱਚ ਬੰਦ ਮੁਸਲਿਮ ਨੌਜਵਾਨਾਂ ਨੂੰ ਵੀ ਬਿਨ੍ਹਾਂ ਸ਼ਰਤ ਛੱਡਣਾ ਚਾਹੀਦਾ ਹੈ ਅਤੇ ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਰੋਕਣ ਲਈ ਸਖਤ ਸਜ਼ਾਵਾਂ ਦਾ ਕਾਨੂੰਨ ਬਣਾਉਣਾ ਚਾਹੀਦਾ ਹੈ ।