International

ਕੌਮੀ ਸੁਰੱਖਿਆ ਨੀਤੀ ਤੋਂ ਬਾਅਦ ਇਮਰਾਨ ਸਰਕਾਰ ਦਾ ਨਵਾਂ ਕਦਮ

ਇਸਲਾਮਾਬਾਦ – ਅੱਤਵਾਦ ਨੂੰ ਬੜ੍ਹਾਵਾ ਦੇਣ ਤੇ ਘੱਟ ਗਿਣਤੀਆਂ ਦੇ ਸ਼ੋਸ਼ਣ ਲਈ ਦੁਨੀਆ ਭਰ ’ਚ ਬਦਨਾਮ ਪਾਕਿਸਤਾਨ ਆਪਣੀ ਖ਼ਸਤਾ ਹਾਲਤ ਨੂੰ ਦੂਰ ਕਰਨ ਲਈ ਨਿੱਤ ਨਵੇਂ ਕਰਤੱਬ ਕਰ ਰਿਹਾ ਹੈ। ਹੁਣ ਉਸ ਨੇ ਦੁਨੀਆ ਦੇ ਅਮੀਰ ਵਿਦੇਸ਼ੀ ਲੋਕਾਂ ਨੂੰ ਪਾਕਿਸਤਾਨ ’ਚ ਪੂੰਜੀ ਨਿਵੇਸ਼ ਲਈ ਸੱਦਾ ਦਿੱਤਾ ਹੈ। ਇਸ ਲਈ ਉਸ ਨੇ ਨਿਵੇਸ਼ਕਾਂ ਨੂੰ ਪਾਕਿਸਤਾਨ ’ਚ ਸਥਾਈ ਤੌਰ ’ਤੇ ਰਹਿਣ ਦੀ ਸਹੂਲਤ ਦੇਣ ਦੀ ਪੇਸ਼ਕਸ਼ ਕੀਤੀ ਹੈ। ਜਿਨ੍ਹਾਂ ਲੋਕਾਂ ਨੂੰ ਉਸ ਨੇ ਖ਼ਾਸ ਤੌਰ ’ਤੇ ਸੱਦਾ ਦਿੱਤਾ ਹੈ, ਉਨ੍ਹਾਂ ’ਚ ਅਮਰੀਕਾ ਤੇ ਕੈਨੇਡਾ ’ਚ ਰਹਿਣ ਵਾਲੇ ਸਿੱਖ, ਅਫ਼ਗਾਨ ਤੇ ਚੀਨੀ ਮੂਲ ਦੇ ਲੋਕ ਹਨ।ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਕਈ ਮਹੀਨੇ ਪਹਿਲਾਂ ਸਾਰੀਆਂ ਸਹੂਲਤਾਂ ਦਿੰਦੇ ਹੋਏ ਗ਼ੈਰ-ਪਰਵਾਸੀ ਪਾਕਿਸਤਾਨੀਆਂ ਨੂੰ ਵਾਪਸ ਬੁਲਾਇਆ ਸੀ ਪਰ ਆਪਣੇ ਦੇਸ਼ ਦੀ ਹਾਲਤ ਤੋਂ ਵਾਕਿਫ ਗ਼ੈਰ-ਪਰਵਾਸੀਆਂ ਨੇ ਇਮਰਾਨ ਸਰਕਾਰ ਦੀ ਪੇਸ਼ਕਸ਼ ਨੂੰ ਤਵੱਜੋ ਨਹੀਂ ਦਿੱਤੀ ਸੀ।ਪਾਕਿਸਤਾਨ ਨੇ ਇਹ ਨਵੀਂ ਪੇਸ਼ਕਸ਼ ਆਪਣੀ ਕੌਮੀ ਸੁਰੱਖਿਆ ਨੀਤੀ ਨੂੰ ਜਨਤਕ ਕਰਨ ਦੇ ਇਕ ਦਿਨ ਬਾਅਦ ਪੇਸ਼ ਕੀਤੀ ਹੈ। ਉਸ ਨੀਤੀ ਦੇ ਮੂਲ ’ਚ ਵੀ ਆਰਥਿਕ ਹਾਲਤ ਨੂੰ ਸੁਧਾਰਨ ਦੀ ਕੋਸ਼ਿਸ਼ ਹੈ। ਸੂਚਨਾ ਮੰਤਰੀ ਫਵਾਦ ਚੌਧਰੀ ਨੇ ਕਿਹਾ ਕਿ ਤਾਜ਼ਾ ਪੇਸ਼ਕਸ਼ ਕੌਮੀ ਸੁਰੱਖਿਆ ਨੀਤੀ ਤੋਂ ਬਾਅਦ ਦਾ ਕਦਮ ਹੈ। ਇਸ ਨਾਲ ਦੇਸ਼ ਦੀ ਆਰਥਿਕ ਸਥਿਤੀ ਸੁਧਾਰਨ ’ਚ ਮਦਦ ਮਿਲੇਗੀ। ਪਾਕਿਸਤਾਨ ਸਰਕਾਰ ਦੇ ਇਕ ਹੋਰ ਮੰਤਰੀ ਮੁਤਾਬਕ ਇਸ ਪੇਸ਼ਕਸ਼ ਦਾ ਵੱਡਾ ਉਦੇਸ਼ ਉਨ੍ਹਾਂ ਅਮੀਰ ਅਫ਼ਗਾਨਾਂ ਨੂੰ ਪੂੰਜੀ ਨਿਵੇਸ਼ ਲਈ ਬੁਲਾਉਣਾ ਹੈ ਜੋ ਅਫ਼ਗਾਨਿਸਤਾਨ ’ਚ ਤਾਲਿਬਾਨ ਸਰਕਾਰ ਆਉਣ ਤੋਂ ਬਾਅਦ ਉੱਥੋਂ ਨਿਕਲਣਾ ਚਾਹੁੰਦੇ ਹਨ। ਉਹ ਤੁਰਕੀ, ਮਲੇਸ਼ੀਆ ਤੇ ਕੁਝ ਹੋਰ ਦੇਸ਼ਾਂ ’ਚ ਜਾਣ ਤੇ ਉੱਥੇ ਕਾਰੋਬਾਰ ਕਰਨ ਦੀ ਸੰਭਾਵਨਾ ਦੀ ਭਾਲ ਕਰ ਰਹੇ ਹਨ। ਚੌਧਰੀ ਮੁਤਾਬਕ ਅਮਰੀਕਾ ਤੇ ਕੈਨੇਡਾ ’ਚ ਰਹਿਣ ਵਾਲੇ ਸਿੱਖਾਂ ਨੂੁੰ ਅਸੀਂ ਉਨ੍ਹਾਂ ਦੇ ਧਾਰਮਿਕ ਸਥਾਨਾਂ ਵਾਲੇ ਸ਼ਹਿਰਾਂ ’ਚ ਨਿਵੇਸ਼ ਦਾ ਮੌਕਾ ਤੇ ਸਹੂਲਤਾਂ ਦੇ ਸਕਦੇ ਹਾਂ। ਇਸੇ ਤਰ੍ਹਾਂ ਚੀਨੀ ਮੂਲ ਵਾਲੇ ਲੋਕਾਂ ਨੂੰ ਅਸੀਂ ਪਾਕਿਸਤਾਨ ’ਚ ਸਨਅਤੀ ਇਕਾਈ ਲਗਾਉਣ ’ਚ ਸਹਾਇਤਾ ਕਰ ਸਕਦੇ ਹਾਂ। ਇਹ ਸਰਕਾਰ ਦਾ ਇਤਿਹਾਸਕ ਕਦਮ ਹੈ। ਇਸ ਦੇ ਜ਼ਰੀਏ ਅਸੀਂ ਵਿਦੇਸ਼ੀਆਂ ਨੂੰ ਦੇਸ਼ ’ਚ ਜ਼ਮੀਨ-ਜਾਇਦਾਦ ਦਾ ਕਾਰੋਬਾਰ ਕਰਨ ਦਾ ਮੌਕਾ ਵੀ ਦੇ ਰਹੇ ਹਾਂ। ਦੇਸ਼ ਦੇ ਮੰਤਰੀ ਮੰਡਲ ਨੇ ਮੰਗਲਵਾਰ ਨੂੰ ਵਿੱਤ ਤੇ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੂੰ ਨਿਵੇਸ਼ ਪ੍ਰੀਸ਼ਦ ਨਾਲ ਬੈਠਕ ਕਰ ਕੇ ਪੂੰਜੀ ਨਿਵੇਸ਼ ਨੂੰ ਬੜ੍ਹਾਵਾ ਦੇਣ ਵਾਲੇ ਪ੍ਰਾਜੈਕਟਾਂ ਦਾ ਖਾਕਾ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਸੀ।

Related posts

HAPPY DIWALI 2025 !

admin

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin

ਭਾਰਤ-ਕੈਨੇਡਾ ਆਪਸੀ ਸਾਂਝ ਨੂੰ ਅੱਗੇ ਵਧਾਉਣ ਲਈ ‘ਰੀਸੈਟ ਅਤੇ ਪੁਨਰ ਸੁਰਜੀਤ’ ਪ੍ਰੋਸੈਸ ਲਈ ਸਹਿਮਤ !

admin