ਨੂਰ-ਸੁਲਤਾਨ – ਕਜ਼ਾਕਿਸਤਾਨ ਦੇ ਅਲਮਾਟੀ ’ਚ ਸੁਰੱਖਿਆ ਬਲਾਂ ਨੇ ਆਪਣੀ ਅੱਤਵਾਦ ਵਿਰੋਧੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਅੱਤਵਾਦੀਆਂ ਨੂੰ ਭੱਜਣ ਤੋਂ ਰੋਕਣ ਲਈ ਹਰ ਜਾਂਚ ਚੌਂਕੀ ’ਤੇ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਰਾਇਟਰ ਮੁਤਾਬਕ, ਕਜ਼ਾਕਿਸਤਾਨ ’ਚ ਰਣਨੀਤਿਕ ਅਹਿਮੀਅਤ ਦੇ ਟਿਕਾਣੇ ਰੂਸ ਦੀ ਅਗਵਾਈ ਵਾਲੇ ਫ਼ੌਜੀ ਗਠਜੋੜ ਦੀ ਨਿਗਰਾਨੀ ’ਚ ਹਨ। ਦੇਸ਼ ’ਚ ਘਾਤਕ ਹਿੰਸਾ ਸ਼ੁਰੂ ਹੋ ਜਾਣ ਵਿਚਾਲੇ ਵਿਵਸਥਾ ਬਹਾਲ ਕਰਨ ਲਈ ਫ਼ੌਜੀ ਗਠਜੋੜ ਨੂੰ ਬੁਲਾਇਆ ਗਿਆ ਹੈ। ਮੱਧ ਏਸ਼ੀਆ ਦੇ ਇਸ ਦੇਸ਼ ’ਚ ਬੀਤੇ ਹਫ਼ਤੇ ਦਰਜਨਾਂ ਲੋਕ ਮਾਰੇ ਗਏ ਹਨ ਜਦੋਂਕਿ ਹਜ਼ਾਰਾਂ ਗਿ੍ਰਫ਼ਤਾਰ ਹੋਏ ਤੇ ਜਨਤਕ ਇਮਾਰਤਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ।
ਅਲਮਾਟੀ ਸ਼ਹਿਰ ਦੇ ਚਾਰੇ ਪਾਸੇ ਸਥਿਤ 13 ਜਾਂਚ ਚੌਂਕੀਆਂ ’ਤੇ ਸੁਰੱਖਿਆ ਮੁਲਾਜ਼ਮ ਸਾਰੇ ਵਾਹਨਾਂ ਦੀ ਜਾਂਚ ਕਰ ਰਹੇ ਹਨ। ਦਸਤਾਵੇਜ਼ਾਂ ਦੀ ਡੂੰਘੀ ਜਾਂਚ ਕੀਤੀ ਜਾ ਰਹੀ ਹੈ। ਸ਼ਹਿਰ ਦੇ ਸਾਰੇ ਪ੍ਰਵੇਸ਼ ਤੇ ਨਿਕਾਸ ਮਾਰਗਾਂ ਨੂੰ ਲਾਅ ਇਨਫੋਰਸਮੈਂਟ ਅਧਿਕਾਰੀਆਂ ਨੇ ਆਪਣੇ ਕੰਟਰੋਲ ’ਚ ਲੈ ਲਿਆ ਹੈ। ਸ਼ੱਕੀਆਂ ਨੂੰ ਹਿਰਾਸਤ ’ਚ ਲੈ ਕੇ ਮੁੱਖ ਦਫ਼ਤਰ ਭੇਜਿਆ ਜਾ ਰਿਹਾ ਹੈ। ਅਧਿਕਾਰੀਆਂ ਨੇ ਹਥਿਆਰ, ਸੈੱਲ ਫੋਨ, ਵੱਡੀ ਮਾਤਰਾ ’ਚ ਦੇਸੀ ਤੇ ਵਿਦੇਸ਼ੀ ਕਰੰਸੀ ਸਮੇਤ ਚੋਰੀ ਕੀਤੀਆਂ ਗਈਆਂ ਚੀਜ਼ਾਂ ਜ਼ਬਤ ਕੀਤੀਆਂ ਹਨ।