ArticlesAustralia & New Zealand

ਕੱਲ੍ਹ ‘ਰਾਸ਼ਟਰੀ ਸੋਗ ਦਿਵਸ’ ਮੌਕੇ ਵਿਕਟੋਰੀਆ ‘ਚ ‘ਸੂਬਾ ਪੱਧਰੀ ਬਹੁ-ਧਰਮੀ ਸ਼ਰਧਾਂਜਲੀ ਸਮਾਗਮ’ ਹੋਵੇਗਾ

ਮਲਟੀਕਲਚਰਲ ਮਨਿਸਟਰ ਇੰਗਰਿੱਡ ਸਟਿੱਟ (ਸੱਜੇ) ਅਤੇ ਪੁਲਿਸ ਮਨਿਸਟਰ ਐਂਥਨੀ ਕਾਰਬਾਈਨਜ (ਖੱਬੇ) ਵਿਕਟੋਰੀਆ ਦੇ ਪ੍ਰੀਮੀਅਰ ਜੇਸਿੰਟਾ ਐਲਨ ਦੇ ਨਾਲ।

ਕੱਲ੍ਹ ਵੀਰਵਾਰ, 22 ਜਨਵਰੀ ਨੂੰ ਸਵੇਰੇ 11:15 ਵਜੇ ਸੇਂਟ ਪੋਲਜ਼ ਐਂਗਲਿਕਨ ਕੈਥੀਡ੍ਰਲ ਦੇ ਵਿੱਚ ਸਿਡਨੀ ਦੇ ਬੌਂਡੀ ਬੀਚ ‘ਤੇ 14 ਦਸੰਬਰ 2025 ਨੂੰ ਹੋਏ ਅੱਤਵਾਦੀ ਹਮਲੇ ਵਿੱਚ ਜਾਨਾਂ ਗੁਆਉਣ ਵਾਲਿਆਂ ਦੀ ਯਾਦ ਵਿੱਚ ਇੱਕ ਬਹੁ-ਧਰਮੀ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤਾ ਜਾਵੇਗਾ।

ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, “ਵਿਕਟੋਰੀਆ ਦਾ ਸੂਬਾ ਪੱਧਰੀ ਸ਼ਰਧਾਂਜਲੀ ਸਮਾਗਮ, ਬੌਂਡੀ ਅੱਤਵਾਦੀ ਹਮਲੇ ਦੇ ਪੀੜਤਾਂ ਲਈ ਐਲਾਨੇ ਰਾਸ਼ਟਰੀ ਸੋਗ ਦਿਵਸ ਦੇ ਤਹਿਤ ਮਨਾਇਆ ਜਾ ਰਿਹਾ ਹੈ। ਇਹ ਦਿਨ ਸਾਰੇ ਆਸਟ੍ਰੇਲੀਆ ਵਾਸੀਆਂ ਲਈ ਇਕੱਠੇ ਹੋ ਕੇ ਪੀੜਤਾਂ ਅਤੇ ਹਮਲੇ ਨਾਲ ਪ੍ਰਭਾਵਿਤ ਸਾਰੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਦਾ ਮੌਕਾ ਹੈ।”

ਏਕਤਾ ਅਤੇ ਸ਼ਰਧਾਂਜਲੀ ਦੇ ਇਸ ਸਮਾਗਮ ਵਿੱਚ ਪ੍ਰੀਮੀਅਰ ਜੈਸਿੰਟਾ ਐਲਨ ਵਿਕਟੋਰੀਆ ਭਰ ਤੋਂ ਰਾਜਨੀਤਿਕ ਅਤੇ ਬਹੁ-ਧਰਮੀ ਨੇਤਾਵਾਂ ਦੇ ਨਾਲ ਸ਼ਾਮਲ ਹੋਣਗੇ। ਇਸ ਵਿੱਚ ਯਹੂਦੀ, ਇਸਾਈ ਅਤੇ ਇਸਲਾਮਕ ਧਾਰਮਿਕ ਭਾਈਚਾਰਿਆਂ ਦੇ ਆਗੂ ਵੀ ਸ਼ਾਮਲ ਹੋਣਗੇ। ਇਹ ਸ਼ਰਧਾਂਜਲੀ ਸਮਾਗਮ ਮੈਲਬੋਰਨ ਦੇ ਪ੍ਰਤੀਕ ਸੇਂਟ ਪੋਲਜ਼ ਕੈਥੀਡ੍ਰਲ ਵਿੱਚ ਹੋਵੇਗਾ।

ਵਿਕਟੋਰੀਆ ਦੇ ਲੋਕ ਇਸ ਯਹੂਦੀ ਵਿਰੋਧੀ ਘਿਨਾੳਣੀ ਘਟਨਾ ਕਾਰਣ ਡੂੰਘੇ ਦੁੱਖ ਅਤੇ ਸਦਮੇ ਵਿੱਚ ਹਨ। ਇਹ ਸ਼ਰਧਾਂਜਲੀ ਸਮਾਗਮ ਉਨ੍ਹਾਂ ਲਈ ਰੁਕਣ, ਯਾਦ ਕਰਨ ਅਤੇ ਉਹਨਾਂ ਲੋਕਾਂ ਦੇ ਮਾਣ ਵਿੱਚ ਮੋਮਬੱਤੀ ਜਗਾਉਣ ਦਾ ਇੱਕ ਮੌਕਾ ਹੋਵੇਗਾ, ਜਿਹਨਾਂ ਨੇ ਆਪਣੀ ਜਾਨ ਗੁਆਈ ਅਤੇ ਨਾਲ ਹੀ ਇਹ ਸਮਾਗਮ ਸ਼ਾਂਤੀ, ਪਿਆਰ ਅਤੇ ਨਫ਼ਰਤ ਨੂੰ ਖਤਮ ਕਰਨ ਦਾ ਸੰਦੇਸ਼ ਵੀ ਦੇਵੇਗਾ।

ਰਾਸ਼ਟਰੀ ਸੋਗ ਦਿਵਸ ਦੇ ਮੌਕੇ ‘ਤੇ ਕਾਮਨਵੈਲਥ ਅਤੇ ਵਿਕਟੋਰੀਆ ਸਰਕਾਰ ਦੀਆਂ ਸਾਰੀਆਂ ਇਮਾਰਤਾਂ ‘ਤੇ ਝੰਡੇ ਅੱਧੇ ਝੁਕੇ ਰਹਿਣਗੇ ਅਤੇ ਸ਼ਾਮ ਢਲਣ ਤੋਂ ਬਾਅਦ, ਸਾਰੇ ਵਿਕਟੋਰੀਆ ਦੀਆਂ ਪ੍ਰਸਿੱਧ ਇਮਾਰਤਾਂ ਨੂੰ ਵੀ ਰੌਸ਼ਨੀ ਦੇ ਨਿਸ਼ਾਨ ਦੇ ਤੌਰ ‘ਤੇ ਚਿੱਟੇ ਰੰਗ ਨਾਲ ਰੌਸ਼ਨ ਕੀਤਾ ਜਾਵੇਗਾ, ਕਿਉਂਕਿ ਅਸੀਂ ਇੱਕ ਦੇਸ਼ ਵਜੋਂ ਅੱਗੇ ਵਧ ਰਹੇ ਹਾਂ।

ਸ਼ਾਮ 7 ਵੱਜਕੇ 1 ਮਿੰਟ ‘ਤੇ, ਸਾਰੇ ਆਸਟ੍ਰੇਲੀਆ ਦੇ ਵਾਸੀਆਂ ਨੂੰ ਉਹਨਾਂ 16 ਬੇਗੁਨਾਹ ਲੋਕਾਂ ਨੂੰ ਯਾਦ ਕਰਨ ਦੇ ਲਈ ਵਿੱਚ ਇੱਕ ਮਿੰਟ ਦੀ ਚੁੱਪ ਰੱਖਣ ਦੇ ਲਈ ਵੀ ਬੁਲਾਇਆ ਗਿਆ ਹੈ ਜਿਹਨਾਂ ਦੀ ਜਿ਼ੰਦਗੀ ਅਤੇ ਭਵਿੱਖ 14 ਦਸੰਬਰ 2025 ਨੂੰ ਬੇਰਹਿਮੀ ਦੇ ਨਾਲ ਖੋਹ ਲਿਆ ਗਿਆ ਸੀ।

ਵਿਕਟੋਰੀਆ ਦੀ ਪ੍ਰੀਮੀਅਰ ਜੈਸਿੰਟਾ ਐਲਨ ਨੇ ਸਾਰੇ ਵਿਕਟੋਰੀਆ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ:

  • ਉਹ ਇਕੱਠੇ ਆਉਣ, ਖਾਣਾ ਖਾਣ ਅਤੇ ਸਾਰੇ ਧਰਮਾਂ ਅਤੇ ਪਿਛੋਕੜਾਂ ਵਾਲੇ ਪ੍ਰੀਵਾਰਾਂ ਅਤੇ ਦੋਸਤਾਂ ਨਾਲ ਸਮਾਂ ਬਿਤਾਉਣ।
  • ਯਹੂਦੀ ਭਾਈਚਾਰੇ ਨਾਲ ਯਾਦ, ਦੁੱਖ ਅਤੇ ਇੱਕਜੁਟਤਾ ਦੇ ਨਿਸ਼ਾਨ ਦੇ ਤੌਰ ‘ਤੇ ਆਪਣੇ ਘਰ ਦੇ ਦਰਵਾਜ਼ੇ ਜਾਂ ਖਿੜਕੀ ‘ਤੇ ਇੱਕ ਮੋਮਬੱਤੀ ਜਗਾਉਣ
  • ਬੌਂਡੀ ਦੀ ਦੁੱਖਦਾਈ ਘਟਨਾ ਦੇ ਲਈ ਸੁਝਾਏ ਗਏ 15 ਮਿਤਜ਼ਵਾਹ ਵਿੱਚੋਂ ਇੱਕ ਜਾਂ ਜਿਆਦਾ ਕਰਨ

ਵਿਕਟੋਰੀਆ ਦਾ ਸੂਬਾਈ ਸ਼ਰਧਾਂਜਲੀ ਸਮਾਗਮ ਆਮ ਲੋਕਾਂ ਦੇ ਲਈ ਖੁੱਲ੍ਹਾ ਹੋਵੇਗਾ ਅਤੇ ਇਸਦਾ ਔਨਲਾਈਨ ਸਿੱਧਾ ਪ੍ਰਸਾਰਣ ਵੀ ਕੀਤਾ ਜਾਵੇਗਾ।

ਇਸ ਸ਼ਰਧਾਂਜਲੀ ਸਮਾਗਮ ਦੇ ਵਾਰੇ ਵਿੱਚ ਹਾਜ਼ਰ ਹੋਣ ਜਾਂ ਸਿੱਧਾ ਪ੍ਰਸਾਰਣ ਦੇਖਣ ਸਬੰਧੀ ਵੇਰਵੇ www.vic.gov.au/VictorianStateVigil  ‘ਤੇ ਉਪਲਬਧ ਹਨ।

ਪ੍ਰੀਮੀਅਰ ਜੈਸਿੰਟਾ ਐਲਨ ਨੇ ਹੋਰ ਕਿਹਾ ਹੈ ਕਿ, “ਰਾਸ਼ਟਰੀ ਸੋਗ ਦਿਵਸ ਸਾਡੇ ਲਈ ਦੁੱਖ, ਇੱਕਜੁੱਟਤਾ ਤੇ ਉਮੀਦ ਵਿੱਚ ਇਕੱਠੇ ਖੜ੍ਹੇ ਹੋਣ ਦਾ ਸਮਾਂ ਹੋਵੇਗਾ ਅਤੇ ਬੌਂਡੀ ਬੀਚ ਅੱਤਵਾਦੀ ਹਮਲੇ ਵਿੱਚ ਮਾਰੇ ਗਏ ਲੋਕਾਂ ਦਾ ਸਨਮਾਨ ਕਰਦੇ ਹੋਏ ਉਹਨਾਂ ਨੂੰ ਯਾਦ ਕਰਨ ਅਤੇ ਉਹਨਾਂ ਦੇ ਪ੍ਰੀਵਾਰਾਂ, ਦੋਸਤਾਂ ਅਤੇ ਭਾਈਚਾਰੇ ਨਾਲ ਨੇੜਤਾ ਵਧਾਉਣ ਦਾ ਵੀ। ਇਹ ਸ਼ਰਧਾਂਜਲੀ ਸਮਾਗਮ ਯਹੂਦੀ ਭਾਈਚਾਰੇ ਦੇ ਨਾਲ ਖੜ੍ਹੇ ਹੋਣ ਅਤੇ ਇਹ ਪੱਕਾ ਕਰਨ ਦਾ ਸਮਾਂ ਹੋਵੇਗਾ ਕਿ ਅਸੀਂ ਕੌਣ ਹਾਂ, ਇੱਕ ਅਜਿਹਾ ਭਾਈਚਾਰਾ ਜੋ ਵੱਖ-ਵੱਖ ਧਰਮਾਂ ਅਤੇ ਪਿਛੋਕੜਾਂ ਦੇ ਬਾਵਜੂਦ ਇੱਕਜੁੱਟ ਹੈ, ਜੋ ਨਫ਼ਰਤ, ਹਿੰਸਾ ਅਤੇ ਯਹੂਦੀ ਵਿਰੋਧ ਨੂੰ ਰੱਦ ਕਰਦਾ ਹੈ ਅਤੇ ਇੱਕ-ਦੂਜੇ ਦੇ ਲਈ ਸ਼ਾਂਤੀ ਅਤੇ ਆਪਸੀ ਸਤਿਕਾਰ ਦੇ ਲਈ ਵਚਨਬੱਧ ਕਰਦਾ ਹੈ।”

Related posts

AI ਬਹੁ-ਭਾਸ਼ਾਈ ਅਤੇ ਆਵਾਜ਼-ਯੋਗ ਹੋਣਾ ਚਾਹੀਦਾ ਹੈ – ਅਮਿਤਾਭ ਨਾਗ

admin

45 ਸਾਲ ਪੁਰਾਣੀ ਪਾਰਟੀ ਭਾਜਪਾ ਨੂੰ ਮਿਲਿਆ 45 ਸਾਲ ਦਾ ਪ੍ਰਧਾਨ

admin

ਆਸਟ੍ਰੇਲੀਆ ਦਾ ਸਭ ਤੋਂ ਵੱਡਾ ਕੋਲੇ ਨਾਲ ਚੱਲਣ ਵਾਲਾ ਬਿਜਲੀ ਘਰ 2029 ਤੱਕ ਚਾਲੂ ਰਹੇਗਾ

admin