ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ ਬਰੈਂਪਟਨ, ਕੈਨੇਡਾ ਦੇ ਇਕ ਪ੍ਰਸਿੱਧ ਪ੍ਰਾਈਵੇਟ ਹਸਪਤਾਲ ਬਰੈਂਪਟਨ ਜੌਰਜਟਾਊਨ ਐਨੀਮਲ ਨਾਲ ਸਮਝੌਤਾ ਪੱਤਰ ’ਤੇ ਹਸਤਾਖਰ ਕੀਤੇ ਹਨ। ਇਸ ਸਹਿਮਤੀ ਪੱਤਰ ’ਤੇ ਕਾਲਜ ਪ੍ਰਿੰਸੀਪਲ ਡਾ. ਹਰੀਸ਼ ਵਰਮਾ ਅਤੇ ਕੈਨੇਡਾ ਹਸਪਤਾਲ ਦੇ ਡਾ. ਅਤੁਲ ਪਾਖਵਾਲਾ ਦੁਆਰਾ ਕੀਤੀ ਸਾਂਝੇਦਾਰੀ ਦਾ ਉਦੇਸ਼ ਜਾਗਰੂਕਤਾ, ਅਧਿਆਪਨ ਅਤੇ ਇਲਾਜ ਸਬੰਧੀ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਕੇ ਦੋਵਾਂ ਸੰਸਥਾਵਾਂ ਵਿਚਕਾਰ ਵਿਕਾਸ ਨੂੰ ਵਧਾਉਣਾ ਹੈ।
ਇਸ ਦਸਤਖਤ ਦੀ ਰਸਮ ਮੌਕੇ ਡਾ. ਵਰਮਾ ਨੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਐੱਸ. ਕੇ. ਨਾਗਪਾਲ ਅਤੇ ਡਾ. ਪੀ. ਐੱਨ. ਦਿਵੇਦੀ ਦੀ ਮੌਜ਼ੂਦਗੀ ’ਚ ਗੱਲਬਾਤ ਕਰਦਿਆਂ ਦੱਸਿਆ ਕਿ ਕੈਨੇਡਾ ’ਚ ਪ੍ਰਸਿੱਧ ਹਸਪਤਾਲ ਡਾ: ਪਾਖਾਵਾਲਾ ਦੀ ਮਲਕੀਅਤ ਹੈ। ਉਨ੍ਹਾਂ ਕਿਹਾ ਕਿ ਇਹ ਅੰਤਰਰਾਸ਼ਟਰੀ ਭਾਈਵਾਲੀ ਬਹੁਤ ਸਾਰੇ ਲਾਭ ਲਿਆਉਣ ਲਈ ਤਿਆਰ ਹੈ, ਜਿਸ ’ਚ ਵਿਦਿਆਰਥੀਆਂ ਅਤੇ ਫੈਕਲਟੀ ਲਈ ਵਿੱਦਿਅਕ ਤੇ ਖੋਜ ਦੇ ਵਧੇ ਹੋਏ ਮੌਕੇ ਤੋਂ ਇਲਾਵਾ ਸਰਹੱਦਾਂ ਦੇ ਪਾਰ ਉੱਨਤ ਵਿੱਦਿਅਕ ਸਰੋਤਾਂ ਤੇ ਗਿਆਨ ਤੱਕ ਪਹੁੰਚ ਪ੍ਰਾਪਤ ਕਰਨਾ, ਨੂੰ ਸ਼ਾਮਿਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਂਝੀ ਮਹਾਰਤ ਅਤੇ ਗਿਆਨ ਵੈਟਰਨਰੀ ਵਿਗਿਆਨ ਤੇ ਪਾਲਤੂ ਜਾਨਵਰਾਂ ’ਚ ਸਾਂਝੀਆਂ ਚੁਣੌਤੀਆਂ ਲਈ ਨਵੀਨਤਾਕਾਰੀ ਹੱਲਾਂ ਦੇ ਵਿਕਾਸ ਦੀ ਅਗਵਾਈ ਕਰੇਗਾ।
ਡਾ. ਵਰਮਾ ਨੇ ਕਿਹਾ ਕਿ ਉਕਤ ਸਮਝੌਤਾ ਵਿਸ਼ਵ ਪੱਧਰ ’ਤੇ ਖਾਸ ਕਰਕੇ ਸਾਥੀ ਜਾਨਵਰਾਂ ਲਈ ਸਹਿਯੋਗ ਅਕਾਦਮਿਕ ਗਿਆਨ ਅਤੇ ਵੈਟਰਨਰੀ ਦੇਖਭਾਲ ’ਚ ਵਿਹਾਰਕ ਉਪਯੋਗ ਦਰਮਿਆਨ ਅੰਤਰ ਨੂੰ ਪੂਰਾ ਕਰਨ ’ਚ ਸਹਾਈ ਹੋਵੇਗਾ। ਉਨ੍ਹਾਂ ਕਿਹਾ ਕਿ ਵੈਟਰਨਰੀ ਵਿਗਿਆਨ ਅਤੇ ਪਾਲਤੂ ਜਾਨਵਰਾਂ ਦੀ ਦੇਖਭਾਲ ਨੂੰ ਅਗਾਂਹ ਵਧਾਉਣ ਸਬੰਧੀ ਇਹ ਇਕ ਮਹੱਤਵਪੂਰਨ ਮੀਲ ਪੱਥਰ ਸਾਬਿਤ ਹੋਵੇਗਾ। ਇਸ ਅੰਤਰਰਾਸ਼ਟਰੀ ਸਹਿਯੋਗ ਵੈਟਰਨਰੀ ਭਾਈਚਾਰੇ ਅਤੇ ਜਾਨਵਰਾਂ ਦੇ ਮਾਲਕਾਂ ’ਤੇ ਸਕਾਰਾਤਮਕ ਪ੍ਰਭਾਵ ਦੀ ਸੰਭਾਵਨਾ ਪੈਦਾ ਕਰੇਗਾ।
ਡਾ. ਵਰਮਾ ਨੇ ਉਮੀਦ ਜਾਹਿਰ ਕਰਦਿਆਂ ਕਿਹਾ ਕਿ ਸਮਝੌਤਾ ਸੰਯੁਕਤ ਵਿੱਦਿਅਕ ਪ੍ਰੋਗਰਾਮਾਂ ਲਈ ਵੀ ਯਤਨਸ਼ੀਲ ਹੋਵੇਗਾ, ਜਿਸ ਨਾਲ ਫੈਕਲਟੀ, ਵਿਦਿਆਰਥੀਆਂ, ਪਾਲਤੂ ਜਾਨਵਰਾਂ ਦੇ ਮਾਲਕਾਂ ਅਤੇ ਦੋਵਾਂ ਪਾਸਿਆਂ ਦੇ ਹਿੱਸੇਦਾਰਾਂ ਨੂੰ ਲਾਭ ਮਿਲੇਗਾ ਅਤੇ ਵੈਟਰਨਰੀ ਸਾਇੰਸ ਦੇ ਖੇਤਰ ’ਚ ਤਰੱਕੀ ਆਵੇਗੀ। ਉਨ੍ਹਾਂ ਕਿਹਾ ਕਿ ਉਕਤ ਸਮਝੌਤੇ ਦੀ ਮਿਆਦ ਤਿੰਨ ਸਾਲਾਂ ਦੀ ਹੈ ਜੋ ਪੰਜ ਸਾਲ ਤੱਕ ਵਧਾਈ ਜਾ ਸਕਦੀ ਹੈ।