ਅੰਮ੍ਰਿਤਸਰ -ਖਾਲਸਾ ਗਲੋਬਲ ਰੀਚ ਫਾਊਂਡੇਸ਼ਨ (ਅਮਰੀਕਾ) ਵੱਲੋਂ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸ: ਸੱਤਿਆਜੀਤ ਸਿੰਘ ਮਜੀਠੀਆ ਨੂੰ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੀ ਮੌਜ਼ੂਦਗੀ ’ਚ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਜੀ. ਟੀ. ਰੋਡ, ਖ਼ਾਲਸਾ ਕਾਲਜ ਫ਼ਾਰ ਵੂਮੈਨ, ਅਤੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਜ਼ਰੂਰਤਮੰਦ ਵਿਦਿਆਰਥਣਾਂ ਦੀ ਸਹਾਇਤਾ ਵਜੋਂ ਕ੍ਰਮਵਾਰ 3 ਲੱਖ, 3 ਲੱਖ ਅਤੇ 50 ਹਜ਼ਾਰ ਦਾ ਚੈਕ ਭੇਂਟ ਕੀਤਾ ਗਿਆ।
ਕੌਂਸਲ ਦੇ ਮੈਂਬਰ ਅਤੇ ਫਾਊਂਡੇਸ਼ਨ ਦੇ ਕੋਆਰਡੀਨੇਟਰ ਡਾ. ਸਰਬਜੀਤ ਸਿੰਘ ਹੁਸ਼ਿਆਰ ਨਗਰ ਦੁਆਰਾ ਦਿੱਤੇ ਗਏ ਉਕਤ ਚੈੱਕ ਸ: ਮਜੀਠੀਆ ਵੱਲੋਂ ਐਜ਼ੂਕੇਸ਼ਨ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ, ਵੂਮੈਨ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਅਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੂੰ ਸੌਂਪ ਦਿੱਤੇ ਗਏ। ਇਸ ਮੌਕੇ ਸ: ਮਜੀਠੀਆ ਨੇ ਕਿਹਾ ਕਿ ਫ਼ਾਊਂਡੇਸ਼ਨ ਸਿੱਖਿਆ ਦੇ ਪ੍ਰਸਾਰ ਲਈ ਸ਼ਲਾਘਾਯੋਗ ਕਾਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਫਾਊਡੇਂਸਨ ਦੇ ਸਹਿਯੋਗ ਨਾਲ ਸੇਵਾ ਸੋਸਾਇਟੀ ਵੱਲੋਂ ਸਮੇਂ-ਸਮੇਂ ’ਤੇ ਯੋਗ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਕਰਵਾਏ ਜਾਂਦੇ ਐਵਾਰਡ ਸਮਾਗਮ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਸਕਾਲਰਸ਼ਿਪ ਮਹਾਨ ਕਾਰਜ ਹੈ।
ਇਸ ਮੌਕੇ ਸ: ਛੀਨਾ ਨੇ ਯੋਗ ਵਿਦਿਆਰਥਣਾਂ ਲਈ ਰਾਹਤ ਵਜੋਂ ਦਿੱਤੇ ਗਏ ਉਕਤ ਚੈਕ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਯੂ. ਐਸ. ਏ. ਤੋਂ ਫਾਊਂਡੇਸ਼ਨ ਦੇ ਸਰਪ੍ਰਸਤ ਡਾ. ਬਖਸ਼ੀਸ਼ ਸਿੰਘ ਵੱਲੋਂ ਪਹਿਲਾਂ ਵੀ ਵਿਸ਼ੇਸ਼ ਮਾਲੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਗਲੋਬਲ ਰੀਚ ਫ਼ਾਊਂਡੇਸ਼ਨ ਵੱਲੋਂ ਪਹਿਲਾਂ ਵੀ ਵਿਸ਼ੇਸ਼ ਮਾਲੀ ਸਹਾਇਤਾ ਵੱਡੇ ਪੱਧਰ ’ਤੇ ਪ੍ਰਦਾਨ ਕੀਤੀ ਗਈ ਹੈ ਅਤੇ ਸਾਲਾਨਾ ਦਿੱਤੀ ਜਾਣ ਵਾਲੀ ਸਹਾਇਤਾ ਦੀ ਇਹ ਪਹਿਲੀ ਕਿਸ਼ਤ ਚੈਕਾਂ ਰਾਹੀਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਫ਼ਾਊਂਡੇਸ਼ਨ ਵੱਲੋਂ ਡਾ. ਸਰਬਜੀਤ ਸਿੰਘ ਦੁਆਰਾ ਉਕਤ ਦੋਹਾਂ ਕਾਲਜਾਂ ਅਤੇ ਸਕੂਲ ਦੀ ਕੁਲ ਬਣਦੀ ਰਕਮ ਸਾਢੇ 6 ਲੱਖ ਰੁਪਏ ਚੈਕਾਂ ਦੇ ਰੂਪ ਦਿੱਤੀ ਗਈ ਹੈ। ਉਨ੍ਹਾਂ ਇਸ ਮੌਕੇ ਗਲੋਬਲ ਰੀਚ ਫ਼ਾਊਂਡੇਸ਼ਨ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਪ੍ਰਿੰ: ਡਾ. ਕੁਮਾਰ, ਪ੍ਰਿੰ: ਡਾ. ਸੁਰਿੰਦਰ ਕੌਰ ਅਤੇ ਪ੍ਰਿੰ: ਨਾਗਪਾਲ ਨੇ ਸਾਂਝੇ ਤੌਰ ’ਤੇ ਕਿਹਾ ਕਿ ਇਹ ਸਹਾਇਤਾ ਜਰੂਰਤਮੰਦ ਪਰ ਹੋਣਹਾਰ ਬੱਚੀਆਂ ਤੱਕ ਪਹੁੰਚੇਗੀ ਤੇ ਉਹ ਇਸ ਲਈ ਖ਼ਾਲਸਾ ਗਲੋਬਲ ਰੀਚ ਫ਼ਾਊਂਡੇਸ਼ਨ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਸ਼ੁਕਰਗੁਜ਼ਾਰ ਹਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਫ਼ਾਊਂਡੇਸ਼ਨ ਵੱਲੋਂ ਉਕਤ ਰਾਸ਼ੀ ਚੈਕ ਸ: ਹੁਸ਼ਿਆਰ ਨਗਰ ਰਾਹੀਂ ਭੇਜੇ ਗਏ ਹਨ ਜੋ ਕਿ ਸ: ਮਜੀਠੀਆ ਦੀ ਮੌਜ਼ੂਦਗੀ ’ਚ ਹਾਸਲ ਕੀਤੇ ਗਏ ਹਨ।
ਇਸ ਮੌਕੇ ਸ: ਹੁਸ਼ਿਆਰ ਨਗਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਇੰਟਰਨੈਸ਼ਨਲ ਦੀ ਯੂ. ਐਸ. ਏ. ਤੋਂ ਫਾਊਂਡੇਸ਼ਨ ਦੇ ਸਰਪ੍ਰਸਤ ਡਾ. ਬਖਸ਼ੀਸ਼ ਸਿੰਘ, ਸ: ਕਾਰਜ ਸਿੰਘ, ਪ੍ਰਧਾਨ ਸ੍ਰੀਮਤੀ ਗੁਰਵਰਿੰਦਰ ਕੌਰ ਦਾ ਇਹ ਮਕਸਦ ਸੀ ਕਿ ਉਹ ਆਰਥਿਕ ਪੱਖੋਂ ਕਮਜ਼ੋਰ ਜ਼ਰੂਰਤਮੰਦ ਅਤੇ ਪੜ੍ਹਣ ਵਾਲੇ ਵਿਦਿਆਰਥੀਆਂ ਦੀ ਸਹਾਇਤਾ ਲਈ ਯਤਨ ਕਰਨ। ਇਸ ਮੌਕੇ ਕੌਂਸਲ ਦੇ ਮੈਂਬਰ ਸ: ਗੁਰਮੇਹਰ ਸਿੰਘ ਮਜੀਠੀਆ ਵੀ ਮੌਜ਼ੂਦ ਸਨ।