ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਵੱਲੋਂ ਸਾਲ 1985 ਦੇ ਪਾਸਆਊਟ ਬੈਚ ਦੇ ਪੁਰਾਣੇ ਵਿਦਿਆਰਥੀਆਂ ਲਈ ਰੀਯੂਨੀਅਨ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਵੱਲੋਂ ਉਕਤ ਸਾਬਕਾ ਵਿਦਿਆਰਥੀਆਂ ਨੂੰ ਕਾਲਜ ਦੇ ਯਾਦਗਾਰੀ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਦੇ ਸਹਿਯੋਗ ਨਾਲ ਕਰਵਾਏ ਉਕਤ ਸਮਾਗਮ ਮੌਕੇ ਪੁੱਜੇ ਸਾਬਕਾ ਵਿਦਿਆਰਥੀਆਂ ਨੇ ਜਿੱਥੇ ਸੰਸਥਾ ’ਚ ਗੁਜਾਰੇ ਅਨਮੋਲ ਪਲਾਂ ਨੂੰ ਯਾਦ ਕੀਤਾ, ਉਥੇ ਉਨ੍ਹਾਂ ਨੇ ਆਪਣੇ ਅਹੁੱਦਿਆਂ ਸਬੰਧੀ ਦੱਸਦਿਆਂ ਜ਼ਿੰਦਗੀ ’ਚ ਕੀਤੇ ਸੰਘਰਸ਼ਾਂ ਅਤੇ ਤਜ਼ਰਬਿਆਂ ਸਬੰਧੀ ਬਾਰੇ ਚਾਨਣਾ ਪਾਇਆ।
ਇਸ ਮੌਕੇ ਡਾ. ਮਹਿਲ ਸਿੰਘ ਨੇ 1985 ਦੇ ਸਾਬਕਾ ਵਿਦਿਆਰਥੀਆਂ ਵੱਲੋਂ ਕਿਸਾਨ ਭਾਈਚਾਰੇ ਦੀ ਭਲਾਈ ਅਤੇ ਇਕ ਦਿਸ਼ਾ ਪ੍ਰਦਾਨ ਕਰਨ ਦੇ ਮਕਸਦ ਤਹਿਤ ਬਣਾਏ ਗਏ ‘ਵਲੰਟੀਅਰ ਇਨੀਸ਼ੀਏਟਿਵ ਫ਼ਾਰ ਰੀਜਰਨੇਟਿਵ ਐਗਰੀਕਲਚਰ’ (ਵੀਰਾ-ਜੀ) ਗਰੁੱਪ ਦੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਖੇਤੀਬਾੜੀ ਵਿਭਾਗ ’ਚ ਅਧਿਆਪਨ ਮਿਆਰਾਂ ’ਚ ਹੋਰ ਸੁਧਾਰ ਕਰਨ ’ਚ ਸਹਾਇਤਾ ਕਰਨ ਤੋਂ ਇਲਾਵਾ ਕਿਸਾਨ ਭਾਈਚਾਰੇ ਦੇ ਵਿਕਾਸ ਲਈ ਕੀਤੀਆਂ ਜਾਣ ਵਾਲੀਆਂ ਉਨ੍ਹਾਂ ਦੀਆਂ ਭਵਿੱਖ ਦੀਆਂ ਗਤੀਵਿਧੀਆਂ ’ਚ ਗਰੁੱਪ ਨੂੰ ਪੂਰਾ ਸਹਿਯੋਗ ਦੇਣ ਦਾ ਯਕੀਨ ਦਿਵਾਇਆ। ਇਸ ਮੌਕੇ ਡਾ. ਮਹਿਲ ਸਿੰਘ ਨੇ ਸੂਬੇ ਨੂੰ ਖੇਤੀਬਾੜੀ ਸਬੰਧਿਤ ਦਰਪੇਸ਼ ਸਮੱਸਿਆਵਾਂ ਬਾਰੇ ਸਾਬਕਾ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ।
ਇਸ ਪ੍ਰੋਗਰਾਮ ਮੌਕੇ ਤਕਨੀਕੀ ਸੈਸ਼ਨ ਦਾ ਆਯੋਜਨ ਵੀ ਕੀਤਾ ਗਿਆ, ਜਿੱਥੇ ਪੁਰਾਣੇ ਵਿਦਿਆਰਥੀਆਂ ਨੇ ਪੰਜਾਬ ਰਾਜ ਦੇ ਕਿਸਾਨ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਇਨ੍ਹਾਂ ਮੁੱਦਿਆਂ ਨੂੰ ਹੱਲ ਕਰਨ ਲਈ ਵਧੀਆ ਢੰਗ ਅਤੇ ਸਾਧਨਾਂ ਸਬੰਧੀ ਵਿਚਾਰ ਪੇਸ਼ ਕੀਤ।
ਇਸ ਤੋਂ ਪਹਿਲਾਂ ਸਮਾਗਮ ਦੇ ਕੋਆਰਡੀਨੇਟਰ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਡੀਨ ਅਤੇ ਸਾਬਕਾ ਪ੍ਰੋਫ਼ੈਸਰ ਡਾ: ਸੁਰਿੰਦਰ ਸਿੰਘ ਕੁੱਕਲ ਨੇ ਕਿਹਾ ਕਿ ਉਕਤ ਪ੍ਰੋਗਰਾਮ ਦਾ ਮੁੱਖ ਉਦੇਸ਼ ਅਲਮਾਮਾਤਰ ਅਤੇ ਕਿਸਾਨ ਭਾਈਚਾਰੇ ਨੂੰ ਵਲੰਟੀਅਰ ਕਰਨਾ ਸੀ। ਇਸ ਮੌਕੇ ਡਾ: ਕੁੱਕਲ ਨੇ ਡਾ: ਮਹਿਲ ਸਿੰਘ, ਡਾ: ਕਾਹਲੋਂ, ਵਿਭਾਗ ਮੁੱਖੀ ਡਾ: ਰਣਦੀਪ ਕੌਰ ਅਤੇ ਡੀਨ ਡਾ: ਸਤਨਾਮ ਸਿੰਘ ਅਤੇ ਫੈਕਲਟੀ ਮੈਂਬਰ ਡਾ: ਸਿਮਰਜੀਤ ਕੌਰ ਦਾ ਸਮਾਗਮ ਦੇ ਆਯੋਜਨ ’ਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ।. ਡਾ: ਕੱੁਕਲ ਨੇ ਕਿਹਾ ਕਿ ‘ਵੀਰਾ-ਜੀ’ ਜਲਦੀ ਹੀ ਇਕ ਪਿੰਡ ਦੀ ਪਛਾਣ ਕਰੇਗਾ ਅਤੇ ਉਸ ਨੂੰ ਗੋਦ ਲੈ ਕੇ ਏਕੀਕ੍ਰਿਤ ਖੇਤੀ ਦੇ ਮਾਡਲ ਨੂੰ ਪ੍ਰਦਰਸ਼ਿਤ ਕਰੇਗਾ ਜਿਸ ’ਚ ਏਕੀਕ੍ਰਿਤ ਪਾਣੀ, ਪੌਸ਼ਟਿਕ ਤੱਤ ਅਤੇ ਕੀੜੇ ਪ੍ਰਬੰਧਨ ਸ਼ਾਮਿਲ ਹਨ ਆਦਿ ਨਾਲ ਬੇਹਤਰ ਵਾਤਾਵਰਣ ਦੀਆਂ ਸਥਿਤੀਆਂ ਲਈ ਪਾਣੀ, ਅਜੈਵਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ।