ਨਵੀਂ ਦਿੱਲੀ – ਖੋਜਕਰਤਾਵਾਂ ਨੇ ਇਕ ਗੰਭੀਰ ਜਲਵਾਯੂ ਤਬਾਹੀ ਦੀ ਚੇਤਾਵਨੀ ਦਿਤੀ ਹੈ ਜਿਸ ਤੋਂ ਉਭਰਨਾ ਮੁਸ਼ਕਲ ਹੋ ਸਕਦਾ ਹੈ ਕਿਉਂਕਿ ਹਰ ਸਾਲ ਜਲਵਾਯੂ ਤਬਦੀਲੀ ਦੀ ਨਿਗਰਾਨੀ ਕਰਨ ਵਾਲੇ 35 ਮਹੱਤਵਪੂਰਨ ਸੂਚਕਾਂ ਵਿਚੋਂ 25 ਰਿਕਾਰਡ ਪੱਧਰ ’ਤੇ ਪਹੁੰਚ ਗਏ ਹਨ।
ਇਕ ਅੰਤਰਰਾਸ਼ਟਰੀ ਟੀਮ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਤਿਅੰਤ ਪ੍ਰਤੀਕੂਲ ਮੌਸਮੀ ਘਟਨਾਵਾਂ ਵਾਰ ਵਾਰ ਹੋ ਰਹੀਆਂ ਹਨ ਅਤੇ ਉਨ੍ਹਾਂ ਦੀ ਤੀਬਰਤਾ ਵੀ ਵੱਧ ਗਈ ਹੈ। ਜੈਵਿਕ ਇੰਧਨ ਤੋਂ ਨਿਕਾਸ ਸਭ ਤੋਂ ਉੱਚੇ ਪੱਧਰ ’ਤੇ ਹੈ, ਜੋ 25 ਮੁੱਖ ਸੂਚਕਾਂ ਵਿਚੋਂ ਇਕ ਹੈ। ਇਸ ਅੰਤਰਰਾਸ਼ਟਰੀ ਟੀਮ ਵਿਚ ਜਰਮਨੀ ਦੇ ਪੋਟਸਡੈਮ ਇੰਸਟੀਚਿਊਟ ਆਫ਼ ਕਲਾਈਮੇਟ ਇਮਪੈਕਟ ਰਿਸਰਚ ਦੇ ਖੋਜਕਰਤਾ ਵੀ ਸ਼ਾਮਲ ਸਨ।
ਉਨ੍ਹਾਂ ਕਿਹਾ ਕਿ ਮਨੁੱਖੀ ਆਬਾਦੀ ਹਰ ਰੋਜ਼ ਕਰੀਬ ਦੋ ਲੱਖ ਦੀ ਦਰ ਨਾਲ ਵਧ ਰਹੀ ਹੈ। ਇਹ ਰਿਪੋਰਟ ‘ਬਾਇਓਸਾਇੰਸ’ ਨਾਮੀ ਮੈਗਜ਼ੀਨ ਵਿਚ ਪ੍ਰਕਾਸ਼ਿਤ ਹੋਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜਲਵਾਯੂ ਪਰਿਵਰਤਨ ਕਾਰਨ 2024 ਵਿਚ ਏਸ਼ੀਆ ਵਿਚ ਗੰਭੀਰ ਗਰਮੀ ਨੇ ਸਥਿਤੀ ਨੂੰ ਹੋਰ ਪ੍ਰਤੀਕੂਲ ਬਣਾ ਦਿਤਾ ਹੈ। ਭਾਰਤ ਨੇ ਵੀ ਹੁਣ ਤਕ ਦੀ ਸਭ ਤੋਂ ਲੰਬੀ ਗਰਮੀ ਦਾ ਅਨੁਭਵ ਕੀਤਾ।
ਖੋਜਕਰਤਾਵਾਂ ਅਨੁਸਾਰ, ਗ੍ਰੀਨਲੈਂਡ ਅਤੇ ਅੰਟਾਰਕਟਿਕਾ ਵਿਚ ਬਰਫ਼ ਦੀ ਮਾਤਰਾ ਅਤੇ ਮੋਟਾਈ ਦੋਵੇਂ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਸ਼ਕਤੀਸ਼ਾਲੀ ਗ੍ਰੀਨਹਾਊਸ ਗੈਸਾਂ-ਮੀਥੇਨ ਅਤੇ ਨਾਈਟਰਸ ਆਕਸਾਈਡ-ਦਾ ਨਿਕਾਸ ਬੇਮਿਸਾਲ ਪੱਧਰ ’ਤੇ ਪਹੁੰਚ ਗਿਆ ਹੈ ਅਤੇ ਨਾਈਟਰਸ ਆਕਸਾਈਡ ਦੇ ਪੱਧਰ 1980 ਅਤੇ 2020 ਦੇ ਵਿਚਕਾਰ ਲਗਭਗ 40 ਪ੍ਰਤੀਸ਼ਤ ਵੱਧ ਗਏ ਹਨ।ਉਨ੍ਹਾਂ ਕਿਹਾ ਕਿ ਕੋਲਾ, ਤੇਲ ਅਤੇ ਗੈਸ ਦੀ ਖਪਤ 2022 ਦੇ ਮੁਕਾਬਲੇ 2023 ਵਿਚ 1.5 ਫ਼ੀ ਸਦੀ ਵਧੀ ਹੈ, ਜਦੋਂ ਕਿ ਜੈਵਿਕ ਇੰਧਨ ਦੀ ਵਰਤੋਂ ਸੂਰਜੀ ਅਤੇ ਪੌਣ ਊਰਜਾ ਦੀ ਖਪਤ ਨਾਲੋਂ ਲਗਭਗ 15 ਗੁਣਾ ਵੱਧ ਹੈ। ਟੀਮ ਨੇ ਦਸਿਆ ਸੀ ਕਿ 2023 ਵਿਚ 35 ਵਿਚੋਂ 20 ਮਹੱਤਵਪੂਰਨ ਸੂਚਕ ਸਿਖਰ ਦੇ ਪੱਧਰ ਤਕ ਪਹੁੰਚ ਗਏ ਹਨ। ਟੀਮ ਨੇ ਕਿਹਾ, “ਅਸੀਂ ਅਸਥਾਈ ਜਲਵਾਯੂ ਤਬਾਹੀ ਦੇ ਕੰਢੇ ’ਤੇ ਹਾਂ। ਟੀਮ ਨੇ ਇਹ ਵੀ ਕਿਹਾ ਕਿ ਇਹ ਕਿਸੇ ਵੀ ਸ਼ੱਕ ਤੋਂ ਪਰੇ ਇਕ ਵਿਸ਼ਵਵਿਆਪੀ ਐਮਰਜੈਂਸੀ ਹੈ।