ਦੀਰ-ਅਲ-ਬਲਾਹ (ਗਾਜ਼ਾ ਪੱਟੀ) – ਇਜ਼ਰਾਈਲ ਉਤੇ ਹਮਾਸ ਵੱਲੋਂ 7 ਅਕਤੂਬਰ, 2023 ਨੂੰ ਕੀਤੇ ਗਏ ਭਿਆਨਕ ਦਹਿਸ਼ਤੀ ਹਮਲੇ ਅਤੇ ਇਸ ਪਿੱਛੋਂ ਸ਼ੁਰੂ ਹੋਈ ਗਾਜ਼ਾ ਜੰਗ ਨੂੰ ਸੋਮਵਾਰ ਨੂੰ ਇਕ ਸਾਲ ਪੂਰਾ ਹੋ ਗਿਆ ਹੈ, ਜਦੋਂਕਿ ਇਸ ਦੌਰਾਨ ਕੁਝ ਦਿਨ ਹੀ ਪਹਿਲਾਂ ਇਜ਼ਰਾਈਲ ਨੇ ਲਿਬਨਾਨ ਵਿਚ ਹਿਜ਼ਬੁੱਲਾ ਖ਼ਿਲਾਫ਼ ਹਮਲਿਆਂ ਦੀ ਸ਼ੁਰੂਆਤ ਕਰ ਕੇ ਜੰਗ ਦਾ ਨਵਾਂ ਮੋਰਚਾ ਵੀ ਖੋਲ੍ਹ ਦਿੱਤਾ ਹੈ।ਇਜ਼ਰਾਈਲ ਨੇ ਐਤਵਾਰ ਰਾਤ ਲਿਬਨਾਨ ਦੀ ਰਾਜਧਾਨੀ ਬੈਰੂਤ ਦੇ ਬਾਹਰੀ ਖੇਤਰਾਂ ਵਿਚ ਜ਼ੋਰਦਾਰ ਹਵਾਈ ਬੰਬਾਰੀ ਕਰਨ ਤੋਂ ਇਲਾਵਾ ਉੱਤਰੀ ਗਾਜ਼ਾ ਵਿਚ ਵੀ ਹਮਲੇ ਤੇਜ਼ ਕਰ ਦਿੱਤੇ ਹਨ। ਫ਼ਲਸਤੀਨੀ ਅਧਿਕਾਰੀਆਂ ਨੇ ਕਿਹਾ ਕਿ ਇਸ ਦੌਰਾਨ ਇਕ ਮਸਜਿਦ ਉਤੇ ਹੋਏ ਹਮਲੇ ਵਿਚ 19 ਵਿਅਕਤੀ ਮਾਰੇ ਗਏ।
ਇਜ਼ਰਾਈਲੀ ਫ਼ੌਜ ਨੇ ਮੁਲਕ ਦੇ ਉੱਤਰੀ ਸ਼ਹਿਰ ਹਾਇਫ਼ਾ ਉਤੇ ਹਿਜ਼ਬੁੱਲਾ ਵੱਲੋਂ ਹਮਲਾ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਉਂਝ ਇਹ ਪੁਸ਼ਟੀ ਨਹੀਂ ਹੋ ਸਕੀ ਕਿ ‘ਡਿੱਗੇ ਹੋਏ ਪ੍ਰੋਜੈਕਟਾਈਲ’ ਦੇ ਛੱਰੇ ਰਾਕਟ ਨਾਲ ਸਬੰਧਤ ਸਨ ਜਾਂ ਇੰਟਰਸੈਪਟਰ ਨਾਲ। ਹਿਜ਼ਬੁੱਲਾ ਨੇ ਕਿਹਾ ਕਿ ਉਸ ਨੇ ਇਜ਼ਰਾਈਲ ਦੇ ਇਕ ਸਮੁੰਦਰੀ ਫ਼ੌਜੀ ਟਿਕਾਣੇ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਮੈਗਨ ਡੇਵਿਡ ਐਡੋਮ ਐਂਬੂਲੈਂਸ ਸੇਵਾ ਨੇ ਕਿਹਾ ਕਿ ਉਸ ਨੇ 10 ਜ਼ਖ਼ਮੀਆਂ ਦਾ ਇਲਾਜ ਕੀਤਾ ਹੈ, ਜਿਨ੍ਹਾਂ ਨੂੰ ਛੱਰੇ ਲੱਗੇ ਸਨ। ਗਾਜ਼ਾ ਹਮਲੇ ਦੀ ਬਰਸੀ ’ਤੇ ਸ਼ੋਕ ਸਮਾਗਮ ਦੌਰਾਨ ਹਮਾਸ ਨੇ ਸੋਮਵਾਰ ਨੂੰ ਇਜ਼ਰਾਈਲ ’ਤੇ ਚਾਰ ਰਾਕੇਟ ਦਾਗੇ। ਹਮਾਸ ਨੇ ਕਿਹਾ ਕਿ ਉਸਨੇ ਗਾਜ਼ਾ ਦੇ ਵੱਖ ਵੱਖ ਹਿੱਸਿਆਂ ਵਿਚ ਇਜ਼ਰਾਇਲੀ ਫ਼ੌਜ ’ਤੇ ਹਮਲਾ ਕੀਤਾ।