ਬੀਜਿੰਗ – ਚੀਨ ਤੇ ਪਾਕਿਸਤਾਨ ਨੇ ਰੂਸ ਖ਼ਿਲਾਫ਼ ਲਗਾਈਆਂ ਜਾ ਰਹੀਆਂ ਇਕਪਾਸੜ ਪਾਬੰਦੀਆਂ ਦੇ ਪ੍ਰਭਾਵ ‘ਤੇ ਚਿੰਤਾ ਪ੍ਰਗਟਾਈ ਹੈ। ਚੀਨੀ ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਦੋਵਾਂ ਦੇਸ਼ਾਂ ਨੇ ਜੰਗਬੰਦੀ ਤੇ ਕੂਟਨੀਤੀ ਮਾਧਿਅਮਾਂ ਨਾਲ ਸੰਕਟ ਦਾ ਹੱਲ ਕੱਢਣ ਦੀ ਅਪੀਲ ਕੀਤੀ ਹੈ।
ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਤੇ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ ਸ਼ਾਹ ਮਹਿਮੂਦ ਕੁਰੈਸ਼ੀ ਦੀ ਇਸਲਾਮਾਬਾਦ ‘ਚ ਮੁਲਾਕਾਤ ਤੋਂ ਬਾਅਦ ਚੀਨੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਦੋਵਾਂ ਦੇਸ਼ਾਂ ਨੇ ਉਮੀਦ ਪ੍ਰਗਟਾਈ ਕਿ ਯੂਕਰੇਨ ਸੰਕਟ ਦਾ ਅਣਵੰਡਿਆ ਸੁਰੱਖਿਆ ਸਿਧਾਂਤ ‘ਤੇ ਅਧਾਰਿਤ ਮੌਲਿਕ ਹੱਲ ਲੱਭਿਆ ਜਾ ਸਕਦਾ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਵੀ ਇਸਲਾਮਾਬਾਦ ‘ਚ ਹੋਈ ਗੱਲਬਾਤ ਨਾਲ ਸਬੰਧਤ ਇਕ ਬਿਆਨ ਜਾਰੀ ਕਰਕੇ ਜੰਗਬੰਦੀ ਦੀ ਅਪੀਲ ਕੀਤੀ ਹੈ, ਪਰ ਉਸ ‘ਚ ਪਾਬੰਦੀਆਂ ਬਾਰੇ ਚਿੰਤਾ ਦਾ ਜ਼ਿਕਰ ਨਹੀਂ ਹੈ। ਚੀਨ ਤੇ ਪਾਕਿਸਤਾਨ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਪ੍ਰਤੀਬੱਧਤਾ ਪ੍ਰਗਟ ਕਰਦੇ ਹੋਏ ਪੰਜ ਸਮਝੌਤਿਆਂ ‘ਤੇ ਹਸਤਾਖਰ ਕੀਤੇ। ਚੀਨੀ ਵਿਦੇਸ਼ ਮੰਤਰੀ ਵਾਂਗ ਆਪਣੇ ਪਾਕਿਸਤਾਨੀ ਹਮਰੁਤਬਾ ਕੁਰੈਸ਼ੀ ਦੇ ਸੱਦੇ ‘ਤੇ ਵਿਸ਼ੇਸ਼ ਮਹਿਮਾਨ ਦੇ ਰੂਪ ‘ਚ ਇਸਲਾਮਾਬਾਦ ਸਹਿਯੋਗ ਸੰਗਠਨ (ਓਆਈਸੀ) ਦੇ ਵਿਦੇਸ਼ ਮੰਤਰੀਆਂ ਦੀ ਬੈਠਕ ‘ਚ ਹਿੱਸਾ ਲੈਣ ਇਸਲਾਬਾਦ ਪੁੱਜੇ ਹਨ। ਦੋਵਾਂ ਦੇਸ਼ਾਂ ‘ਚ ਸੋਮਵਾਰ ਨੂੰ ਹੋਏ ਸਮਝੌਤਿਆਂ ‘ਚ ਉੱਚ ਸਿੱਖਿਆ ਸਰਟੀਫਿਕੇਟ ਤੇ ਡਿਗਰੀ ਦੀ ਆਪਣੀ ਮਾਨਤਾ, ਭੂ ਵਿਗਿਆਨ ਸਬੰਧੀ ਚੀਨ-ਪਾਕਿਸਤਾਨ ਸਾਂਝੇ ਅਧਿਐਨ ਕੇਂਦਰ ਪ੍ਰਰਾਜੈਕਟ, ਖੇਤੀ ਯੰਤਰ ਤੇ ਸਮੱਗਰੀ ਤੇ ਖੇਤੀ ਤਕਨੀਕ ਦੇ ਲੈਣ-ਦੇਣ ਆਦਿ ਸ਼ਾਮਿਲ ਹਨ। ਵਿਦੇਸ਼ ਮੰਤਰੀਆਂ ਨੇ ਦੁਵੱਲੀ ਰਣਨੀਤੀ, ਆਰਥਿਕ ਤੇ ਸੁਰੱਖਿਆ ਸਹਿਯੋਗ, ਕੋਵਿਡ ਮਹਾਮਾਰੀ ਤੇ ਖੇਤਰੀ ਤੇ ਕੌਮਾਂਤਰੀ ਮੁੱਦਿਆਂ ‘ਤੇ ਵਿਚਾਰਾਂ ਦਾ ਲੈਣ-ਦੇਣ ਕੀਤਾ। ਕੁਰੈਸ਼ੀ ਨੇ ਅਫ਼ਗਾਨਿਸਤਾਨ ‘ਚ ਸ਼ਾਂਤੀ ਤੇ ਸਥਿਰਤਾ ਲਈ ਮਿਲ ਕੇ ਕੰਮ ਕਰਨ ‘ਤੇ ਜ਼ੋਰ ਦਿੱਤਾ।