ਨਵੀਂ ਦਿੱਲੀ – ਪੂਰਬੀ ਲੱਦਾਖ ਦੇ ਗਲਵਾਨ ਤੋਂ ਮਿਲੀ ਕਰਾਰੀ ਹਾਰ ਤੋਂ ਬਾਅਦ ਚੀਨ ਨੇ ਭਾਰਤ ਖ਼ਿਲਾਫ਼ ਸਾਈਬਰ ਹਮਲੇ ਤੇਜ਼ ਕਰ ਦਿੱਤੇ ਹਨ ਪਰ ਇਸ ਤੋਂ ਉਲਟ ਉਹ ਹੁਣ ਖ਼ੁਦ ਨੂੰ ਹੀ ਭਾਰਤ ਵੱਲੋਂ ਕੀਤੇ ਜਾ ਰਹੇ ਕਥਿਤ ਸਾਈਬਰ ਹਮਲਿਆਂ ਦਾ ਪੀੜਤ ਦੱਸ ਰਿਹਾ ਹੈ। ਗਲੋਬਲ ਟਾਈਮਜ਼ ਦੀ ਰਿਪੋਰਟ ਮੁਤਾਬਕ ਚੀਨ ਦੀ ਸਾਈਬਰ ਸੁਰੱਖਿਆ ਕੰਪਨੀ ਐਂਟੀ ਲੈਬਸ ਨੇ ਇਕ ਰਿਪੋਰਟ ਛਾਪੀ ਹੈ ਜਿਸ ’ਚ ਕਿਹਾ ਗਿਆ ਹੈ ਕਿ ਦਿੱਲੀ ’ਚ ਮੌਜੂਦ ਕੁਝ ਸਰਗਰਮ ਹੈਕਰ ਚੀਨ ਤੇ ਪਾਕਿਸਤਾਨ ਦੀਆਂ ਸਰਕਾਰੀ ਏਜੰਸੀਆਂ ਤੇ ਰੱਖਿਆ ਵਿਭਾਗਾਂ ਖ਼ਿਲਾਫ਼ ਸਾਈਬਰ ਹਮਲੇ ਕਰ ਰਹੇ ਹਨ। ਰਿਪੋਰਟ ’ਚ ਦੱਖਣੀ ਏਸ਼ੀਆ ’ਚ ਯੂ ਜਿਆਂਗ (ਬੇਬੀ ਐਲੀਫੈਂਟ) ਨਾਮਕ ਹੈਕਰ ਸਮੂਹ ਵੱਲੋਂ ਕੀਤੇ ਗਏ ਕਥਿਤ ਸਾਈਬਰ ਹਮਲਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ।ਕੰਪਨੀ ਦੇ ਉਪ ਮੁਖੀ ਇੰਜੀਨੀਅਰ ਲੀ ਬੋਸੋਂਗ ਨੇ ਕਿਹਾ, ਉਨ੍ਹਾਂ ਪਹਿਲੀ ਵਾਰ 2017 ’ਚ ਬੇਬੀ ਐਲੀਫੈਂਟ ਦੀਆਂ ਸਰਗਰਮੀਆਂ ਦਾ ਪਤਾ ਲਗਾਇਆ ਜਦੋਂ ਦੱਖਣੀ ਏਸ਼ਿਆਈ ਦੇਸ਼ਾਂ ਦੇ ਫ਼ੌਜੀ ਤੇ ਰੱਖਿਆ ਵਿਭਾਗਾਂ ’ਤੇ ਵੱਡੇ ਪੈਮਾਨੇ ’ਤੇ ਸਾਈਬਰ ਹਮਲੇ ਕੀਤੇ ਗਏ। ਅਪ੍ਰੈਲ 2019 ਤੋਂ ਬਾਅਦ ਦੀਆਂ ਸਰਗਰਮੀਆਂ ਤੋਂ ਪਤਾ ਲੱਗਦਾ ਹੈ ਕਿ ਇਸ ਸਮੂਹ ਦਾ ਸਬੰਧਤ ਭਾਰਤ ਤੋਂ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਬੇਬੀ ਐਲੀਫੈਂਟ ਸਰਗਰਮ ਹੈਕਰ ਸਮੂਹ ਬਣ ਗਿਆ ਹੈ ਜੋ ਦੱਖਣੀ ਏਸ਼ੀਆ ਤੇ ਏਸ਼ੀਆ-ਪ੍ਰਸ਼ਾਂਤ ਦੀ ਸਾਈਬਰ ਸੁਰੱਖਿਆ ਲਈ ਖ਼ਤਰਾ ਹੈ।