ਰੋਮ – ਯੂਕਰੇਨ ‘ਚ ਰੂਸ ਵੱਲੋਂ ਕੀਤੇ ਜਾ ਰਹੇ ਹਮਲੇ ਦੌਰਾਨ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਜੈਕ ਸੁਲੀਵਾਨ ਨੇ ਚੀਨ ਦੇ ਸਿਖਰਲੇ ਸਫ਼ਾਰਤਕਾਰ ਯਾਂਗ ਜਾਏਚੀ ਨਾਲ ਇਟਲੀ ਦੀ ਜਾਰਧਾਨੀ ਰੋਮ ‘ਚ ਬੈਠਕ ਕੀਤੀ। ਕਰੀਬ ਸੱਤ ਘੰਟੇ ਚੱਲੀ ਇਸ ਬੈਠਕ ‘ਚ ਸੁਲੀਵਨ ਨੇ ਰੂਸ ਨਾਲ ਚੀਨ ਦੇ ਗਠਜੋੜ ‘ਤੇ ਚਿੰਤਾ ਪ੍ਰਗਟਾਈ। ਨਾਲ ਹੀ ਯੂਕਰੇਨ ਜੰਗ ‘ਚ ਰੂਸ ਦੀ ਮਦਦ ਕਰਨ ‘ਤੇ ਮਾੜੇ ਨਤੀਜੇ ਭੁਗਤਣ ਤੇ ਇਕੱਲੇ ਪਾ ਦਿੱਤੇ ਜਾਣ ਦੀ ਚਿਤਾਵਨੀ ਦਿੱਤੀ। ਬਰਤਾਨੀਆ ਨੇ ਵੀ ਚੀਨ ਨੂੰ ਕਿਹਾ ਕਿ ਉਸ ਨੂੰ ਯੂਕਰੇਨ ਜੰਗ ‘ਚ ਰੂਸ ਦਾ ਸਹਿਯੋਗ ਨਹੀਂ ਕਰਨਾ ਚਾਹੀਦਾ। ਏਧਰ ਚੀਨੀ ਵਿਦੇਸ਼ ਮੰਤਰਾਲੇ ਨੇ ਰੂਸ ਵੱਲੋਂ ਚੀਨ ਨੂੰ ਹਥਿਆਰ ਤੇ ਆਰਥਿਕ ਮਦਦ ਮੰਗਣ ਦੀ ਖ਼ਬਰ ਨੂੰ ਅਮਰੀਕਾ ਦਾ ਕੂੜ ਪ੍ਰਚਾਰ ਦੱਸਿਆ। ਕਿਹਾ ਕਿ ਰੂਸ ਵੱਲੋਂ ਅਜਿਹੀ ਕੋਈ ਮੰਗ ਨਹੀਂ ਕੀਤੀ ਗਈ। ਰੂਸ ਦੇ ਰਾਸ਼ਟਰਪਤੀ ਭਵਨ ਕ੍ਰੈਮਲਿਨ ਨੇ ਵੀ ਸਾਫ਼ ਕੀਤਾ ਕਿ ਉਸ ਨੇ ਚੀਨ ਤੋਂ ਕੋਈ ਹੋਰ ਮਦਦ ਨਹੀਂ ਮੰਗੀ।
ਅਮਰੀਕੀ ਐੱਨਐੱਸਏ ਤੇ ਚੀਨੀ ਸਫ਼ਾਰਤਕਾਰ ਦੀ ਮੁਲਾਕਾਤ ਤੋਂ ਬਾਅਦ ਵ੍ਹਾਈਟ ਹਾਊਸ ਨੇ ਇਕ ਬਿਆਨ ‘ਚ ਦੱਸਿਆ ਕਿ ਸੁਲੀਵਾਨ ਨੇ ਅਮਰੀਕਾ ਤੇ ਚੀਨ ਸਬੰਧਾਂ ਨਾਲ ਜੁੜੇ ਕਈ ਮੁੱਦੇ ਉਠਾਏ। ਉਨ੍ਹਾਂ ਨੇ ਯੂਕਰੇਨ ਖ਼ਿਲਾਫ਼ ਰੂਸ ਦੇ ਹਮਲੇ ‘ਤੇ ਵੀ ਚਰਚਾ ਕੀਤੀ। ਬਾਇਡਨ ਪ੍ਰਸਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਰੂਸ ਨਾਲ ਚੀਨ ਦੇ ਸਬੰਧਾਂ ਬਾਰੇ ਬਹੁਤ ਚਿੰਤਤ ਹਾਂ। ਰਾਸ਼ਟਰੀ ਸੁਰੱਖਿਆ ਸਲਾਹਕਾਰ ਨੂੰ ਇਹ ਕਿਹਾ ਗਿਆ ਸੀ ਕਿ ਉਹ ਚੀਨ ਨੂੰ ਇਨ੍ਹਾਂ ਚਿੰਤਾਵਾਂ ਤੋਂ ਜਾਣੂ ਕਰਵਾਏ ਤੇ ਮਾੜੇ ਨਤੀਜੇ ਭੁਗਤਣ ਦਾ ਸੰਦੇਸ਼ ਵੀ ਦੇਵੇ। ਉਨ੍ਹਾਂ ਨੇ ਦੱਸਿਆ ਕਿ ਦੋਵਾਂ ਨੇਤਾਵਾਂ ਦੀ ਚੰਗੇ ਮਾਹੌਲ ‘ਚ ਗੱਲਬਾਤ ਹੋਈ, ਪਰ ਕੋਈ ਖ਼ਾਸ ਨਤੀਜਾ ਨਹੀਂ ਨਿਕਲਿਆ।