ArticlesAustralia & New Zealand

ਚੇਨਈ ਵਿੱਚ ਹੋਵੇਗਾ ਬਿਗ ਬੈਸ਼ ਲੀਗ ਦਾ ਪਹਿਲਾ ਮੈਚ, ਆਸਟ੍ਰੇਲੀਆ ਤੇ ਭਾਰਤ ਖੇਡਾਂ ਵਿੱਚ ਵਧਾਉਣਗੇ ਸਹਿਯੋਗ

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੈਲਬੌਰਨ ਕ੍ਰਿਕਟ ਗਰਾਉਂਡ ਦੇ ਦੌਰਾਨ, ਜੇਸਿੰਟਾ ਐਲੇਨ ਪ੍ਰੀਮੀਅਰ ਆਫ਼ ਵਿਕਟੋਰੀਆ (ਖੱਬੇ) ਅਤੇ ਆਸਟ੍ਰੇਲੀਆ ਦੇ ਮਹਾਨ ਕ੍ਰਿਕਟਰ ਸਟੀਵ ਵੋ (ਸੱਜੇ) ਅਤੇ ਹੋਰ।

ਆਸਟ੍ਰੇਲੀਆ ਅਤੇ ਭਾਰਤ ਨੇ ਖੇਡਾਂ ਦੇ ਖੇਤਰ ਵਿੱਚ ਆਪਸੀ ਸਹਿਯੋਗ ਵਧਾਉਣ ਅਤੇ ਦੋਵੇਂ ਦੇਸ਼ਾਂ ਵਿਚਕਾਰ ਵਪਾਰ, ਸੈਰ-ਸਪਾਟੇ ਅਤੇ ਨਿਵੇਸ਼ ਦੇ ਨਵੇਂ ਮੌਕੇ ਪੈਦਾ ਕਰਨ ਲਈ ਮਿਲ ਕੇ ਕੰਮ ਕਰਨ ਦਾ ਐਲਾਨ ਕੀਤਾ ਹੈ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੈਲਬੌਰਨ ਵਿੱਚ ਮੁਲਾਕਾਤ ਦੌਰਾਨ ਐਲਾਨ ਕੀਤਾ ਕਿ ਆਸਟ੍ਰੇਲੀਆ ਦੀ ਮਰਦਾਂ ਦੀ ਬਿਗ ਬੈਸ਼ ਲੀਗ ਦਾ ਪਹਿਲਾ ਮੈਚ ਇਸ ਸਾਲ ਦਸੰਬਰ ਵਿੱਚ ਚੇਨਈ ਵਿੱਚ ਖੇਡਿਆ ਜਾਵੇਗਾ।

ਇਹ ਪਹਿਲੀ ਵਾਰ ਹੋਵੇਗਾ ਕਿ ਕਿਸੇ ਵਿਦੇਸ਼ੀ ਕ੍ਰਿਕਟ ਲੀਗ ਦਾ ਮੈਚ ਭਾਰਤ ਵਿੱਚ ਕਰਵਾਇਆ ਜਾਵੇਗਾ। ਇਹ ਮੈਚ ਦਸੰਬਰ ਵਿੱਚ ਭਾਰਤ ਭਰ ਵਿੱਚ ਮਨਾਏ ਜਾਣ ਵਾਲੇ ਇੱਕ ਹਫ਼ਤੇ ਦੇ ਗੁੱਡਡੇਅ ਨਮਸਤੇ ਸਮਾਗਮ ਦਾ ਮੁੱਖ ਆਕਰਸ਼ਣ ਹੋਵੇਗਾ। ਇਸ ਦੌਰਾਨ ਆਸਟ੍ਰੇਲੀਆ ਦੇ ਸੱਭਿਆਚਾਰ, ਕਾਰੋਬਾਰ ਅਤੇ ਖੇਡਾਂ ਨਾਲ ਜੁੜੇ ਕਈ ਪ੍ਰੋਗਰਾਮ ਕਰਵਾਏ ਜਾਣਗੇ।

ਗੁੱਡਡੇਅ ਨਮਸਤੇ ਪ੍ਰੋਗਰਾਮ ਭਾਰਤ ਨਾਲ ਆਸਟ੍ਰੇਲੀਆ ਦੇ ਆਰਥਿਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਲਈ ਬਣਾਏ ਗਏ ਨਵੇਂ ਰੋਡਮੈਪ ਦਾ ਮਹੱਤਵਪੂਰਨ ਹਿੱਸਾ ਹੈ। ਦੋਵੇਂ ਪ੍ਰਧਾਨ ਮੰਤਰੀਆਂ ਨੇ ਖੇਡਾਂ ਵਿੱਚ ਸਹਿਯੋਗ ਲਈ ਇੱਕ ਨਵੇਂ ਸਪੋਰਟਸ ਕੋਆਪਰੇਸ਼ਨ ਰੋਡਮੈਪ ਦਾ ਵੀ ਐਲਾਨ ਕੀਤਾ। ਇਸ ਰੋਡਮੈਪ ਰਾਹੀਂ ਆਸਟ੍ਰੇਲੀਆ ਦੇ ਤਜਰਬੇ ਅਤੇ ਭਾਰਤ ਦੀਆਂ ਵੱਡੇ ਖੇਡ ਸਮਾਗਮ ਕਰਵਾਉਣ ਦੀਆਂ ਯੋਜਨਾਵਾਂ ਨੂੰ ਜੋੜਿਆ ਜਾਵੇਗਾ। ਇਸ ਨਾਲ ਵਪਾਰ, ਸੈਰ-ਸਪਾਟੇ ਅਤੇ ਨਿਵੇਸ਼ ਦੇ ਨਵੇਂ ਮੌਕੇ ਬਣਨ ਦੀ ਉਮੀਦ ਹੈ। ਇਸ ਰੋਡਮੈਪ ਵਿੱਚ ਖੇਡਾਂ ਦੀ ਸਿਖਲਾਈ, ਖੇਡ ਵਿਗਿਆਨ, ਤਕਨੀਕੀ ਖੋਜ, ਉਦਯੋਗ ਅਤੇ ਨਿਵੇਸ਼ ਨੂੰ ਤਰਜੀਹ ਦਿੱਤੀ ਗਈ ਹੈ। ਨਾਲ ਹੀ ਦੋਵੇਂ ਦੇਸ਼ ਵੱਡੇ ਖੇਡ ਸਮਾਗਮਾਂ ਦੇ ਆਯੋਜਨ ਵਿੱਚ ਵੀ ਮਿਲ ਕੇ ਕੰਮ ਕਰਨਗੇ।

ਆਸਟ੍ਰੇਲੀਆ 2032 ਦੇ ਬ੍ਰਿਸਬੇਨ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਦੀ ਮੇਜ਼ਬਾਨੀ ਦੀ ਤਿਆਰੀ ਕਰ ਰਿਹਾ ਹੈ, ਜਦਕਿ ਭਾਰਤ 2030 ਦੀਆਂ ਕਾਮਨਵੈਲਥ ਖੇਡਾਂ ਦੀ ਮੇਜ਼ਬਾਨੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਕਿਹਾ ਕਿ, “ਆਸਟ੍ਰੇਲੀਆ ਅਤੇ ਭਾਰਤ ਖੇਡਾਂ ਲਈ ਆਪਣੇ ਸਾਂਝੇ ਪਿਆਰ ਅਤੇ ਜਜ਼ਬੇ ਨਾਲ ਇੱਕ-ਦੂਜੇ ਨਾਲ ਜੁੜੇ ਹੋਏ ਹਨ। ਇਹ ਨਵਾਂ ਸਪੋਰਟਸ ਰੋਡਮੈਪ ਸਾਡੀ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਸਿਖਲਾਈ, ਤਕਨਾਲੋਜੀ ਅਤੇ ਖੋਜ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਏਗਾ। ਮੈਨੂੰ ਭਾਰਤ ਨਾਲ ਖੇਡਾਂ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਦੀ ਖੁਸ਼ੀ ਹੈ। ਇਸ ਨਾਲ ਨਾ ਸਿਰਫ਼ ਲੋਕਾਂ ਨੂੰ ਖੁਸ਼ੀ ਮਿਲੇਗੀ, ਸਗੋਂ ਵਪਾਰ, ਸੈਰ-ਸਪਾਟੇ ਅਤੇ ਨਿਵੇਸ਼ ਨੂੰ ਵੀ ਫ਼ਾਇਦਾ ਹੋਵੇਗਾ।”

ਵਪਾਰ ਅਤੇ ਸੈਰ-ਸਪਾਟਾ ਮੰਤਰੀ ਡੌਨ ਫੈਰਲ ਨੇ ਕਿਹਾ ਕਿ, “ਆਸਟ੍ਰੇਲੀਆ ਅਤੇ ਭਾਰਤ ਦਾ ਰਿਸ਼ਤਾ ਦੋਵੇਂ ਦੇਸ਼ਾਂ ਦੀ ਆਰਥਿਕ ਤਰੱਕੀ ਲਈ ਬਹੁਤ ਮਹੱਤਵਪੂਰਨ ਹੈ। ਇਸ ਨਾਲ ਆਸਟ੍ਰੇਲੀਆ ਦੇ ਕਿਸਾਨਾਂ, ਕਾਰੋਬਾਰਾਂ ਅਤੇ ਰੁਜ਼ਗਾਰ ਨੂੰ ਮਜ਼ਬੂਤੀ ਮਿਲਦੀ ਹੈ। ਵੱਡੇ ਖੇਡ ਸਮਾਗਮ ਆਸਟ੍ਰੇਲੀਆ ਵਿੱਚ ਹਜ਼ਾਰਾਂ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ ਅਤੇ ਇਹ ਰੋਡਮੈਪ ਸਾਨੂੰ ਆਉਣ ਵਾਲੇ ਸਾਲਾਂ ਵਿੱਚ ਇਸ ਦਾ ਪੂਰਾ ਲਾਭ ਲੈਣ ਵਿੱਚ ਮਦਦ ਕਰੇਗਾ।”

ਖੇਡ ਮੰਤਰੀ ਅਸਨਿਕਾ ਵੇਲਜ਼ ਨੇ ਕਿਹਾ ਕਿ, “ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਖੇਡਾਂ, ਖ਼ਾਸ ਕਰਕੇ ਕ੍ਰਿਕਟ, ਇੱਕ ਮਜ਼ਬੂਤ ਰਿਸ਼ਤਾ ਬਣਾਉਂਦੀਆਂ ਹਨ। ਇਹ ਨਵਾਂ ਰੋਡਮੈਪ ਇਸ ਰਿਸ਼ਤੇ ਨੂੰ ਹੋਰ ਅੱਗੇ ਲੈ ਜਾਵੇਗਾ। ਆਸਟ੍ਰੇਲੀਆ ਦੀਆਂ ਖੇਡ ਸੰਸਥਾਵਾਂ ਪਹਿਲਾਂ ਹੀ ਭਾਰਤੀ ਸੰਸਥਾਵਾਂ ਨਾਲ ਆਪਣਾ ਤਜਰਬਾ ਅਤੇ ਜਾਣਕਾਰੀ ਸਾਂਝੀ ਕਰ ਰਹੀਆਂ ਹਨ। ਅਸੀਂ 2030 ਕਾਮਨਵੈਲਥ ਖੇਡਾਂ ਅਤੇ 2032 ਬ੍ਰਿਸਬੇਨ ਓਲੰਪਿਕ ਅਤੇ ਪੈਰਾਲੰਪਿਕ ਖੇਡਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਲਈ ਉਤਸ਼ਾਹਿਤ ਹਾਂ।”

Related posts

ਸਾਹਿਬਜਾਦਾ ਅਜੀਤ ਸਿੰਘ ਦੇ ਜਨਮ ਦਿਨ ਮਿਤੀ 11 ਫ਼ਰਵਰੀ ‘ਤੇ ਵਿਸ਼ੇਸ਼

admin

ਮਰੇ ਹੋਏ ਨੂੰ ਮਾਰਨ ਵਾਲ਼ਾ ਸੂਰਮਾਂ ?

admin

ਕੈਰੀਅਰ ਦੇ ਤੌਰ ‘ਤੇ ਫੂਡ ਤਕਨਾਲੋਜੀ ਦੇ ਵਿਦਿਆਰਥੀਆਂ ਲਈ ਉੱਜਲ ਭਵਿੱਖ

admin